‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਰਮਿੰਘਮ ਵਿੱਚ ਖੇਡੇ ਜਾ ਰਹੇ ਕਾਮਨਵੈਲਥ ਖੇਡਾਂ ਦਾ ਅੱਜ ਪੰਜਵਾਂ ਦਿਨ ਹੈ। ਕਾਮਨਵੈਲਥ ਖੇਡਾਂ ਵਿੱਚ ਭਾਰਤੀ ਅਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਵੇਟਲਿਫਟਿੰਗ ਵਿੱਚ ਭਾਰਤ ਦੀ ਇੱਕ ਹੋਰ ਖਿਡਾਰੀ ਨੇ ਕਮਾਲ ਕਰ ਦਿੱਤਾ ਹੈ । ਹਰਜਿੰਦਰ ਕੌਰ ਨੇ 71 ਕਿਲੋਗ੍ਰਾਮ ਕੈਟਾਗਿਰੀ ਵਿੱਚ ਕਾਂਸੀ ਦਾ ਤਗਮਾ ਜਿੱਤ ਲਿਆ ਹੈ। ਨਾਭਾ ਨੇੜੇ ਪਿੰਡ ਮੈਹਮ ਦੀ ਰਹਿਣ ਵਾਲੀ ਹਰਜਿੰਦਰ ਲਈ ਇਹ ਮੁਕਾਬਲਾ ਅਸਾਨ ਨਹੀਂ ਸੀ। ਨਾਈਜੀਰਿਆ ਦੀ ਗੋਲਡ ਮੈਡਲਿਸਟ ਰਹੀ ਜੋਅ ਈਜ਼ੀ ਨੂੰ ਮੈਡਲ ਦੀ ਦਾਅਵੇਦਾਰੀ ਵਿੱਚ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਸੀ ਪਰ Clean and jerk ਕੈਟਾਗਰੀ ਵਿੱਚ ਉਸ ਦੇ ਤਿੰਨੋ Attempt ਫੇਲ੍ਹ ਹੋ ਗਏ ਅਤੇ ਹਰਜਿੰਦਰ ਕੌਰ ਮੈਡਲ ਦੀ ਰੇਸ ਵਿੱਚ ਆ ਗਈ। ਹਰਜਿੰਦਰ ਜਦੋਂ ਮੁਕਾਬਲੇ ਲਈ ਉੱਤਰੀ ਤਾਂ ਸ਼ੁਰੂਆਤ ਬਿਲਕੁਲ ਵੀ ਚੰਗੀ ਨਹੀਂ ਰਹੀ ਪਰ ਉਸ ਨੇ ਆਪਣਾ ਹੌਸਲਾ ਨਹੀਂ ਹਾਰਿਆ ਅਤੇ ਅਗਲੇ ਰਾਊਂਡ ਵਿੱਚ ਚੰਗਾ ਪ੍ਰਦਰਸ਼ਨ ਕਰਦੀ ਰਹੀ ਅਤੇ 2022 ਦੀਆਂ ਕਾਮਨਵੈਲਥ ਖੇਡਾਂ ਵਿੱਚ ਪੰਜਾਬ ਵੱਲੋਂ ਭਾਰਤ ਨੂੰ ਪਹਿਲਾਂ ਮੈਡਲ ਜਿਤਾਉਣ ਵਾਲੀ ਖਿਡਾਰਣ ਬਣ ਗਈ ।
ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਪੂਨਮ ਯਾਦਵ ਵੇਟਲਿਫਟਿੰਗ ਦੇ 76 ਕਿਲੋਗ੍ਰਾਮ ਵਰਗ ਵਿੱਚੋਂ ਬਾਹਰ ਹੋ ਗਈ ਹੈ। ਉਹ ਕਲੀਨ ਐਂਡ ਜਰਕ ਵਿੱਚ ਤਿੰਨਾਂ ਯਤਨਾਂ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਨੇ ਕਲੀਨ ਐਂਡ ਜਰਕ ਵਿੱਚ 116 ਕਿਲੋਗ੍ਰਾਮ ਵਜ਼ਨ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਤਿੰਨੇ ਯਤਨਾਂ ਵਿੱਚ ਅਸਫ਼ਲ ਰਹੀ। ਪੂਨਵ ਯਾਦਵ ਦਾ ਸਨੈਚ ਵਿੱਚ ਵਧੀਆ ਪ੍ਰਦਰਸ਼ਨ ਰਿਹਾ ਸੀ। ਯਾਦਵ ਨੇ ਸਨੈਚ ਵਿੱਚ 98 ਕਿਲੋਗ੍ਰਾਮ ਦਾ ਵਜ਼ਨ ਉਠਾਇਆ। ਉਹ ਸਨੈਚ ਵਿੱਚ ਦੂਸਰੇ ਸਥਾਨ ਉੱਤੇ ਸੀ ਪਰ ਕਲੀਨ ਐਂਡ ਜਰਕ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਕਰਕੇ ਉਹ ਮੈਡਲ ਦੀ ਰੇਸ ਵਿੱਚੋਂ ਬਾਹਰ ਹੋ ਗਈ।
ਭਾਰਤ ਨੇ ਪੁਰਸ਼ ਹਾਕੀ ਦੇ ਪੂਲ ਬੀ ਵਿੱਚ ਆਖਰੀ ਕੁਆਰਟਰ ਵਿੱਚ ਖਰਾਬ ਪ੍ਰਦਰਸ਼ਨ ਕਰਕੇ ਜਿੱਤ ਹੱਥਾਂ ਵਿੱਚੋਂ ਨਿਕਲਦੀ ਦਿਸੀ। ਇਸ ਵਿੱਚ ਇੰਗਲੈਂਡ ਮੈਚ 4-4 ਨਾਲ ਡਰਾਅ ਕਰਨ ਵਿੱਚ ਸਫ਼ਲ ਹੋ ਗਿਆ। ਮੌਜੂਦਾ ਹਾਕੀ ਵਿੱਚ ਕਿਸੇ ਵੀ ਟੀਮ ਦੀ ਵੱਡੀ ਬੜਤ ਮਾਇਨੇ ਨਹੀਂ ਰੱਖਦੀ ਹੈ ਕਿਉਂਕਿ ਮੈਚ ਨੂੰ ਕਦੇ ਵੀ ਪਲਟਿਆ ਜਾ ਸਕਦਾ ਹੈ।
ਭਾਰਤੀ ਲਾਂਗ ਜੰਪਰ ਸ਼੍ਰੀਸ਼ੰਕਰ ਮੁਰਲੀ ਮੁਹੰਮਦ ਅਨੀਸ ਨੇ ਫਾਈਨਲ ਦੇ ਲਈ ਕੁਆਲੀਫਾਈ ਕਰ ਲਿਆ ਹੈ। ਨਾਲ ਹੀ ਸ਼ਾਟਪੁੱਟ ਵੂਮੇਨਜ਼ ਵਿੱਚ ਮਨਪ੍ਰੀਤ ਨੇ ਮੈਡਲ ਰਾਊਂਜ ਵਿੱਚ ਜਗ੍ਹਾ ਬਣਾ ਲਈ ਹੈ। ਮੇਨਜ਼ ਲਾਂਗ ਜੰਪ ਈਵੈਂਟ ਵਿੱਚ ਕੁਆਲੀਫਾਈ ਰਾਊਂਡ ਵਿੱਚ ਕੇਰਲਾ ਦੇ ਸ਼੍ਰੀਸ਼ੰਕਰ ਨੇ ਪਹਿਲੀ ਹੀ ਛਾਲ ਵਿੱਚ 8.05 ਮੀਚਚਰ ਦੀ ਦੂਰੀ ਨਾਪਦਿਆਂ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਮੁਹੰਮਦ ਅਨੀਸ 7.68 ਮੀਟਰ ਦੀ ਛਾਲ ਦੇ ਨਾਲ ਅੱਠਵੇਂ ਸਥਾਨ ਉੱਤੇ ਰਹਿੰਦਿਆਂ ਫਾਈਨਲ ਦੇ ਲਈ ਕੁਆਲੀਫਾਈ ਕਰ ਲਿਆ ਹੈ। ਸ਼ਾਟਪੁੱਟਰ ਮਨਪ੍ਰੀਤ 16.98 ਮੀਟਰ ਦੇ ਨਾਲ ਸੱਤਵੇਂ ਸਤਵੇਂ ਸਥਾਨ ਉੱਤੇ ਰਹੀ।
ਲਾਅਨ ਬਾਲ ਦੇ ਵੂਮੇਨਜ਼ ਟ੍ਰਿਪਲ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 15-11 ਨਾਲ ਹਰਾ ਦਿੱਤਾ ਹੈ। ਹੁਣ ਫਾਈਨਲ ਵਿੱਚ ਭਾਰਤ ਦਾ ਸਾਊਥ ਅਫਰੀਕਾ ਦੇ ਨਾਲ ਮੁਕਾਬਲਾ ਹੋਵੇਗਾ।
ਭਾਰਤੀ ਰੈਸਲਿੰਗ ਟੀਮ ਅੱਜ ਕਾਮਨਵੈਲਥ ਖੇਡਾਂ ਵਿੱਚ ਹਿੱਸਾ ਲੈਣ ਦੇ ਲਈ ਬਰਮਿੰਘਮ ਲਈ ਰਵਾਨਾ ਹੋ ਗਈ ਹੈ।
ਕਾਮਨਵੈਲਥ ਖੇਡਾਂ ਦੇ ਚੌਥੇ ਦਿਨ ਭਾਰਤ ਨੇ ਸ਼ਾਨਦਾਰ ਪ੍ਰਦਰਦਸ਼ਨ ਕੀਤਾ ਸੀ। ਬਾਕਸਿੰਗ ਵਿੱਚ ਅਮਿਤ ਪੰਘਾਲ ਨੇ 51 ਕਿਲੋਗ੍ਰਾਮ ਵੇਟ ਕੈਟਾਗਿਰੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਉੱਥੇ ਹੀ ਲਾਅਨ ਬਾਲ ਵਿੱਚ ਭਾਰਤੀ ਵੂਮੈਨਜ਼ ਟੀਮ ਨੇ ਫਾਈਨਲ ਵਿੱਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਹੈ।
ਉੱਧਰ ਏਸ਼ੀਆ ਕੱਪ ਕ੍ਰਿਕਟ ਦਾ ਪ੍ਰੋਗਰਾਮ ਐਲਾਨ ਦਿੱਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਅਤੇ ਏਸ਼ੀਆ ਕ੍ਰਿਕਟ ਕਾਊਂਸਲਿੰਗ ਦੇ ਮੁਖੀ ਜੈ ਸ਼ਾਹ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ। ਏਸ਼ੀਆ ਕੱਪ ਕ੍ਰਿਕਟ 27 ਅਗਸਤ ਤੋਂ ਸੰਯੁਕਤ ਅਰਬ ਅਮੀਰਾਤ ਵਿੱਚ ਖੇਡਿਆ ਜਾਵੇਗਾ। ਮੈਚ ਦੁਬਾਈ ਅਤੇ ਸ਼ਾਰਜਾਹ ਵਿੱਚ ਖੇਡੇ ਜਾਣਗੇ।
ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਮੈਚ 28 ਅਗਸਤ ਨੂੰ ਖੇਡਿਆ ਜਾਵੇਗਾ। ਫਾਈਨਲ ਮੈਚ 11 ਸਤੰਬਰ ਨੂੰ ਖੇਡਿਆ ਜਾਵੇਗਾ।
ਜੈ ਸ਼ਾਹ ਨੇ ਕਿਹਾ ਹੈ ਕਿ 15ਵਾਂ ਏਸ਼ੀਆ ਕੱਪ ਆਈਸੀਸੀ ਟੀ-20 ਵਿਸ਼ਵ ਕੱਪ ਦੀ ਤਿਆਰੀ ਲਈ ਆਦਰਸ਼ ਮੁਕਾਬਲਾ ਹੋਵੇਗਾ। ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਹਰ ਗਰੁੱਪ ਵਿੱਚ ਤਿੰਨ ਟੀਮਾਂ ਹਨ। ਗਰੁੱਪ ਏ ਵਿੱਚ ਭਾਰਤ, ਪਾਕਿਸਤਾਨ ਅਤੇ ਇੱਕ ਕੁਆਲੀਫਾਇੰਗ ਟੀਮ ਹੋਵੇਗੀ। ਜਦਕਿ ਗਰੁੱਪ ਬੀ ਵਿੱਚ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਸ਼ਾਮਲ ਹਨ।