ਕਾਮਨਵੈਲਥ ਖੇਡਾਂ ਦੇ ਅਖੀਰਲੇ ਦਿਨ ਪੀਵੀ ਸਿੰਧੂ ਨੇ ਕੈਨੇਡਾ ਦੀ ਖਿਡਾਰਣ ਨੂੰ ਸਿੱਧੇ ਸੈਟਾਂ ਨਾਲ ਮਾਤ ਦਿੱਤੀ
‘ਦ ਖ਼ਾਲਸ ਬਿਊਰੋ : ਕਾਮਨਵੈਲਥ ਖੇਡ 2022 ਦੇ ਅਖੀਰਲੇ ਦਿਨ ਬੈਟਮਿੰਟਨ ਦੇ ਫਾਈਲਨ ਵਿੱਚ ਪੀਵੀ ਸਿੰਧੂ ਨੇ ਸ਼ਾਨਦਾਰ ਖੇਡ ਵਿਖਾਉਂਦੇ ਹੋਏ ਗੋਲਡ ਮੈਡਲ ਹਾਸਲ ਕੀਤਾ ਹੈ। ਸਿੰਧੂ ਨੇ ਕੈਨੇਡਾ ਦੀ ਖਿਡਾਰਣ ਨੂੰ ਸਿੱਧੇ ਸੈਟਾਂ ਵਿੱਚ ਮਾਤ ਦਿੱਤੀ। ਪਹਿਲੀ ਗੇਮ ਵਿੱਚ ਕੈਨੇਡਾ ਦੀ 30 ਸਾਲਾਂ ਮਿਸ਼ੇਲ ਲੀ ਨੇ ਸਿੰਧੂ ਨੂੰ ਕਰੜੀ ਚੁਣੌਤੀ ਦਿੱਤੀ ਪਰ ਉਹ ਸਿੰਧੂ ਤੋਂ ਪਹਿਲਾਂ ਸੈਟ 21-15 ਨਾਲ ਹਾਰ ਗਈ , ਦੂਜੇ ਸੈੱਟ ਵਿੱਚ ਵੀ ਮੁਕਾਬਲਾ ਤਕਰੀਬਨ ਕਰੜਾ ਰਿਹਾ ।
ਸ਼ੁਰੂਆਤ ਵਿੱਚ ਸਿੰਧੂ ਨੇ ਵਾਧਾ ਹਾਸਲ ਕੀਤਾ ਪਰ ਕੈਨੇਡੀਅਨ ਖਿਡਾਰਣ ਨੇ ਵੀ ਸਿੰਧੂ ਨੂੰ ਮੈਦਾਨ ਦੇ ਚਾਰੋ ਪਾਸੇ ਦੌੜਾਇਆ ਪਰ ਇੱਕ ਵਾਰ ਮੁੜ ਤੋਂ ਸਿੰਧੂ ਨੇ ਮੈਚ ਵਿੱਚ ਵਾਪਸੀ ਕੀਤੀ ਅਤੇ ਸਕੋਰ 17-13 ‘ਤੇ ਪਹੁੰਚਾ ਦਿੱਤਾ। ਬੱਸ ਉਸ ਤੋਂ ਬਾਅਦ ਸਿੰਧੂ ਨੇ ਕੈਨੇਡਾ ਦੀ ਖਿਡਾਰਣ ਨੂੰ ਮੈਚ ਵਿੱਚ ਵਾਪਸੀ ਕਰਨ ਨਹੀਂ ਦਿੱਤੀ ਅਤੇ 21-13 ਨਾਲ ਦੂਜਾ ਸੈਟ ਵੀ ਜਿੱਤ ਕੇ ਗੋਲਡ ਮੈਡਲ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ 2018 ਵਿੱਚ ਕਾਮਨਵੈਲਥ ਖੇਡਾਂ ਦੇ ਬੈਟਮਿੰਟਨ ਸਿੰਗਲਸ ਵਿੱਚ ਸਾਇਨਾ ਨੇਹਵਾਲ ਨੇ ਗੋਲਡ ਆਪਣੇ ਨਾਂ ਕੀਤਾ ਸੀ।
ਮੈਡਲ ਟੈਲੀ ਵਿੱਚ ਭਾਰਤ
ਮੈਡਲ ਟੈਲੀ ਵਿੱਚ ਪੀਵੀ ਸਿੰਧੂ ਵੱਲੋਂ ਗੋਲਡ ਮੈਡਲ ਜਿੱਤਣ ਤੋਂ ਬਾਅਦ ਭਾਰਤ ਹੁਣ ਚੌਥੇ ਨੰਬਰ ‘ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ 19 ਗੋਲਡ ਨਾਲ ਚੌਥੇ ਨੰਬਰ ‘ਤੇ ਸੀ,ਗੋਲਡ ਮੈਡਲ ਭਾਰਤ ਅਤੇ ਨਿਊਜ਼ੀਲੈਂਡ ਦੇ ਬਰਾਬਰ ਨੇ ਪਰ ਸਿਲਵਰ ਮੈਡਲ ਵੱਧ ਹੋਣ ਦੀ ਵਜ੍ਹਾਂ ਕਰਕੇ ਹੁਣ ਭਾਰਤ ਨੇ ਚੌਥੀ ਪੋਜੀਸ਼ਨ ਹਾਸਲ ਕਰ ਲਈ ਹੈ।
ਦੇਸ਼ ਦੇ ਖਿਡਾਰੀਆਂ ਨੇ ਕਾਮਨਵੈਲਥ ਖੇਡਾਂ 2022 ਵਿੱਚ ਹੁਣ ਤੱਕ ਕੁੱਲ 55 ਮੈਡਲ ਹਾਸਲ ਕੀਤੇ ਹਨ। ਜਿੰਨਾਂ ਵਿੱਚੋ 19 ਗੋਲਡ,15 ਸਿਲਵਰ ਅਤੇ 22 ਕਾਂਸੇ ਦੇ ਤਗਮੇ ਹਨ। ਆਸਟ੍ਰੇਲੀਆ 65 ਗੋਲਡ ਨਾਲ ਨੰਬਰ 1 ‘ਤੇ ਹੈ ਜਦਕਿ ਮੇਜ਼ਬਾਨ ਇੰਗਲੈਂਡ 55 ਗੋਲਡ ਨਾਲ ਦੂਜੇ ਨੰਬਰ ‘ਤੇ ਜਦਕਿ ਕੈਨੇਡਾ 24 ਗੋਲਡ ਨਾਲ ਤੀਜੇ ਨੰਬਰ ‘ਤੇ ਹੈ।