‘ਦ ਖ਼ਾਲਸ ਬਿਊਰੋ : ਉੱਤਰ ਪ੍ਰਦੇਸ਼ (Uttar Pradesh) ਦੇ ਦੇਵਰੀਆ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਕੰਬਾਈਨ (Combine) ਹਾਰਵੈਸਟਰ ਮਸ਼ੀਨ ਦੀ ਲਪੇਟ ‘ਚ ਆਉਣ ਕਾਰਨ ਦੋ ਮਾਸੂਮ ਬੱਚੀਆਂ ਦੀ ਦਰਦਨਾਕ ਮੌਤ (Death) ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬਰਿਆਰਪੁਰ ਥਾਣਾ ਖੇਤਰ ਦੇ ਪਿੰਡ ਗੌਰ ਕੋਠੀ ‘ਚ ਵੀਰਵਾਰ ਨੂੰ ਝੋਨੇ ਦੀ ਕਟਾਈ ਕਰਨ ਵਾਲੀ ਕੰਬਾਈਨ ਮਸ਼ੀਨ ਖੇਤ ‘ਚ ਫਸਲ ਦੀ ਕਟਾਈ ਕਰਨ ਲੱਗੀ। ਇਸ ਦੌਰਾਨ ਡਰਾਈਵਰ ਖੇਤ ‘ਚ ਸੁੱਤੀਆਂ ਦੋ ਮਾਸੂਮ ਬੱਚੀਆਂ ਨੂੰ ਦੇਖ ਨਹੀਂ ਸਕਿਆ ਅਤੇ ਉਸ ਨੇ ਮਸ਼ੀਨ ਉਨ੍ਹਾਂ ‘ਤੇ ਚਲਾ ਦਿੱਤੀ। ਜਿਸ ਕਾਰਨ ਦੋਵਾਂ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ।
ਇਸ ਦਰਦਨਾਕ ਘਟਨਾ ਦੀ ਸੂਚਨਾ ਮਿਲਦੇ ਹੀ ਐਸ.ਡੀ.ਐਮ, ਤਹਿਸੀਲਦਾਰ ਅਤੇ ਬਰਿਆਰਪੁਰ ਥਾਣਾ ਮੁਖੀ ਭਾਰੀ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ ਅਤੇ ਗੁੱਸੇ ‘ਚ ਆਏ ਪਿੰਡ ਵਾਸੀਆਂ ਨੂੰ ਸ਼ਾਂਤ ਕੀਤਾ। ਲੜਕੀਆਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਐਸਡੀਐਮ ਸਦਰ ਸੌਰਭ ਸਿੰਘ ਨੇ ਦੱਸਿਆ ਕਿ ਲੜਕੀ ਦੀ ਮਾਂ ਝੋਨਾ ਰੱਖਣ ਲਈ ਬੋਰੀ ਲੈਣ ਘਰ ਗਈ ਸੀ। ਉਸਨੇ ਆਪਣੀ ਪੰਜ ਸਾਲ ਦੀ ਧੀ ਅਤੇ ਭੈਣ ਦੀ ਚਾਰ ਸਾਲ ਦੀ ਧੀ ਨੂੰ ਖੇਤ ਵਿੱਚ ਹੀ ਸੌਣ ਲਈ ਪਾ ਦਿੱਤਾ। ਜਦੋਂ ਕੰਬਾਈਨ ਮਸ਼ੀਨ ਝੋਨਾ ਕੱਟਣ ਲੱਗੀ ਤਾਂ ਡਰਾਈਵਰ ਨੇ ਲੜਕੀਆਂ ਵੱਲ ਧਿਆਨ ਨਹੀਂ ਦਿੱਤਾ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਕੰਬਾਈਨ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਅੰਗਦ ਗਿਰੀ ਗੁਜਰਾਤ ‘ਚ ਕੰਮ ਕਰਦਾ ਹੈ, ਉਸ ਦੀ ਪਤਨੀ ਨੇਹਾ ਗਿਰੀ ਆਪਣੀ 5 ਸਾਲ ਦੀ ਬੇਟੀ ਜੀਆ ਗਿਰੀ ਨਾਲ ਘਰ ‘ਚ ਰਹਿੰਦੀ ਹੈ। ਨੇਹਾ ਦੀ ਭੈਣ, ਜਿਸ ਦੇ ਸਹੁਰੇ ਕੁਸ਼ੀਨਗਰ ਵਿੱਚ ਹਨ, ਵੀ ਕੁਝ ਦਿਨ ਪਹਿਲਾਂ ਆਪਣੀ ਚਾਰ ਸਾਲ ਦੀ ਬੇਟੀ ਕਰਿਸ਼ਮਾ ਨਾਲ ਇੱਥੇ ਆਈ ਸੀ। ਕਿਸੇ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਖੇਤਾਂ ਵਿੱਚ ਸ਼ਾਂਤੀ ਨਾਲ ਸੌਂ ਰਹੀਆਂ ਕੁੜੀਆਂ ਦੀ ਅਚਾਨਕ ਇੰਨੀ ਦਰਦਨਾਕ ਮੌਤ ਹੋ ਜਾਵੇਗੀ। ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।