Punjab

ਬਾਠ ਦੀ ਪਤਨੀ ਨੇ DGP ਨੂੰ ਲਿਖੀ ਚਿੱਠੀ ! ਮੁਲਜ਼ਮ ਪੁਲਿਸ ਮੁਲਾਜ਼ਮਾਂ ਖਿਲਾਫ਼ ਇਹ ਐਕਸ਼ਨ ਲੈਣ ਦੀ ਕੀਤੀ ਮੰਗ

ਬਿਉਰੋ ਰਿਪੋਰਟ – ਕਰਨਲ ਬਾਠ ਕੁੱਟਮਾਰ ਮਾਮਲੇ ਵਿੱਚ ਪਤਨੀ ਜਸਵਿੰਦਰ ਕੌਰ ਬਾਠ ਨੇ ਹੁਣ ਪੰਜਾਬ ਦੇ DGP ਗੌਰਵ ਯਾਦਵ ਨੂੰ ਚਿੱਠੀ ਲਿਖੀ ਹੈ । ਚਿੱਠੀ ਵਿੱਚ ਸਸਪੈਡ ਕੀਤੇ ਗਏ ਮੁਲਜ਼ਮ ਮੁਲਾਜ਼ਮਾਂ ਦੇ ਪਟਿਆਲਾ ਤੋਂ ਬਾਹਰ ਤਬਾਦਲੇ ਦੀ ਮੰਗ ਕੀਤੀ ਗਈ ਹੈ ।

ਕਰਨਲ ਬਾਠ ਦੇ ਨਾਲ ਕੁੱਟਮਾਰ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ 12 ਪੁਲਿਸ ਮੁਲਾਜ਼ਮਾਂ ਨੂੰ SSP ਨਾਨਕ ਸਿੰਘ ਵੱਲੋਂ ਸਸਪੈਂਡ ਕੀਤਾ ਗਿਆ ਸੀ । ਕਰਨਲ ਬਾਠ ਕੁੱਟਮਾਰ ਮਾਮਲੇ ਦੀ ਜਾਂਚ ਪਹਿਲਾਂ ਹਾਈਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤੀ ਸੀ,ਹੁਣ ਮੁਲਜ਼ਮ ਪੁਲਿਸ ਮੁਲਾਜ਼ਮਾਂ ਨੂੰ ਜ਼ਿਲ੍ਹੇ ਤੋਂ ਬਾਹਰ ਸ਼ਿਫਟ ਕਰਨ ਦੀ ਮੰਗ ਕੀਤੀ ਗਈ ਹੈ ।

ਦਰਅਸਲ ਕੁਝ ਦਿਨ ਪਹਿਲਾਂ ਜਸਵਿੰਦਰ ਕੌਰ ਬਾਠ ਨੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ । ਉਨ੍ਹਾਂ ਦੇ ਵੱਲੋਂ ਇੱਕ ਸ਼ਖਸ ਨੂੰ ਮੋਬਾਈਲ ਦੇ ਨਾਲ ਫੜਿਆ ਗਿਆ ਜੋ ਉਨ੍ਹਾਂ ਦੀ ਫੋਟੋਆਂ ਖਿੱਚ ਰਿਹਾ ਸੀ । ਹਾਈਕੋਰਟ ਵੱਲੋਂ ਪਹਿਲਾਂ ਹੀ ਜਸਵਿੰਦਰ ਕੌਰ ਬਾਠ ਨੂੰ ਸੁਰੱਖਿਆ ਦਿੱਤੀ ਗਈ ਹੈ ।

ਬਾਠ ਕੁੱਟਮਾਰ ਮਾਮਲੇ ਦੇ ਮੁਲਜ਼ਮ ਇੰਸਪੈਕਟਰ ਰੌਣੀ ਸਿੰਘ ਨੂੰ ਬੁੱਧਵਾਰ ਨੂੰ ਵੱਡਾ ਝਟਕਾ ਲੱਗਿਆ ਸੀ ਜਦੋਂ ਸੈਸ਼ਨ ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਸੀ । ਹਾਈਕੋਰਟ ਨੇ ਇੰਸਪੈਕਟਰ ਰੌਣੀ ਸਿੰਘ ਨੂੰ 3 ਦਿਨਾਂ ਦੀ ਰਾਹਤ ਦਿੰਦੇ ਹੋਏ ਸੈਸ਼ਨ ਕੋਰਟ ਜਾਣ ਦੇ ਨਿਰਦੇਸ਼ ਦਿੱਤੇ ਸਨ । ਪਰ ਹੁਣ ਜ਼ਮਾਨਤ ਪਟੀਸ਼ਨ ਰੱਦ ਹੋਣ ਤੋਂ ਬਾਅਦ ਉਨ੍ਹਾਂ ਦੀ ਕਿਸੇ ਵੇਲੇ ਵੀ ਗ੍ਰਿਫਤਾਰੀ ਹੋ ਸਕਦੀ ਹੈ ।