Punjab

ਕਰੋਨਾ ਟੈਸਟ ਕਰਨ ਗਏ ਡਾਕਟਰਾਂ ਨਾਲ ਹੋਈ ਹੱਥੋਪਾਈ, ਰਿਪੋਰਟ ਪਾੜੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਵਿਸਾਖੀ ਮੌਕੇ ਪਾਕਿਸਤਾਨ ਵਿੱਚ ਸਥਿਤ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਵਾਪਸ ਭਾਰਤ ਪਰਤ ਰਹੇ ਸ਼ਰਧਾਲੂਆਂ ਦਾ ਅੰਮ੍ਰਿਤਸਰ ਦੇ ਅਟਾਰੀ-ਵਾਹਘਾ ਬਾਰਡਰ ‘ਤੇ ਕਰੋਨਾ ਟੈਸਟ ਕੀਤਾ ਜਾ ਰਿਹਾ ਹੈ। ਕਈ ਸ਼ਰਧਾਲੂਆਂ ਦੀ ਕਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਦੌਰਾਨ ਅੰਮ੍ਰਿਤਸਰ ਦੇ ਅਟਾਰੀ-ਵਾਹਘਾ ਬਾਰਡਰ ‘ਤੇ ਸ਼ਰਧਾਲੂਆਂ ਦਾ ਕਰੋਨਾ ਟੈਸਟ ਕਰਨ ਗਈ ਡਾਕਟਰਾਂ ਦੀ ਟੀਮ ਦੇ ਨਾਲ ਹੱਥੋਪਾਈ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ।

ਅੰਮ੍ਰਿਤਸਰ ਦੇ ਸਿਵਲ ਸਰਜਨ ਡਾ.ਚਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਕਿਤਸਾਨ ਤੋਂ ਵਾਪਸ ਆਏ ਜਥੇ ਦਾ ਕਰੋਨਾ ਟੈਸਟ ਕਰਨ ਗਈ ਡਾਕਟਰਾਂ ਦੀ ਟੀਮ ਦੇ ਨਾਲ ਅੰਮ੍ਰਿਤਸਰ ਦੇ ਅਟਾਰੀ-ਵਾਹਘਾ ਬਾਰਡਰ ‘ਤੇ ਦੁਰ-ਵਿਵਹਾਰ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦੇ ਨਾਲ ਹੱਥੋਪਾਈ ਕੀਤੀ ਗਈ ਹੈ ਅਤੇ ਡਾਕਟਰਾਂ ਵੱਲੋਂ ਜੋ ਰਿਪੋਰਟ ਤਿਆਰ ਕੀਤੀ ਗਈ ਸੀ, ਜਿਸ ਵਿੱਚ ਸਾਰਾ ਅੰਕੜਾ ਸ਼ਾਮਿਲ ਸੀ ਕਿ ਕੰਨੇ ਬੰਦੇ ਪਾਕਿਸਤਾਨ ਤੋਂ ਆਏ ਹਨ ਅਤੇ ਕਿੰਨੇ ਕਰੋਨਾ ਪਾਜ਼ੀਟਿਵ ਪਾਏ ਗਏ ਹਨ, ਉਹ ਵੀ ਕੁੱਝ ਲੋਕਾਂ ਨੇ ਪਾੜ ਦਿੱਤਾ। ਚਰਨਜੀਤ ਸਿੰਘ ਨੇ ਕਿਹਾ ਕਿ ਡਾਕਟਰਾਂ ਨੂੰ ਇਹ ਵੀ ਕਿਹਾ ਗਿਆ ਕਿ ਪਾਕਿਸਤਾਨ ਤੋਂ ਸ਼ਰਧਾਲੂਆਂ ਲਈ ਚਾਹ-ਪਾਣੀ ਦਾ ਇੰਤਜ਼ਾਮ ਕਿਉਂ ਨਹੀਂ ਕੀਤਾ ਗਿਆ, ਹਾਲਾਂਕਿ, ਡਾਕਟਰਾਂ ਦਾ ਕੰਮ ਤਾਂ ਸਿਰਫ ਸੈਂਪਲਿੰਗ ਲੈਣਾ, ਟੈਸਟ ਕਰਨਾ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਘਟਨਾ ਦਾ ਨੋਟਿਸ ਲਿਆ ਹੈ।

ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਹੱਥੋਪਾਈ ਹੋਣ ਤੋਂ ਪਹਿਲਾਂ ਕਰੀਬ 600 ਸ਼ਰਧਾਲੂਆਂ ਦੀ ਸੈਂਪਲਿੰਗ ਹੋ ਚੁੱਕੀ ਸੀ ਅਤੇ ਕਰੀਬ 200 ਸ਼ਰਧਾਲੂਆਂ ਦੀ ਕਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਇੰਨਾ ਕੁ ਰਿਕਾਰਡ ਸਾਡੇ ਕੋਲ ਬਚਿਆ ਹੈ ਜਦਕਿ ਬਾਕੀ ਸਾਰਾ ਕਿਰਾਰਡ ਉੱਥੇ ਮੌਜੂਦ ਕੁੱਝ ਲੋਕਾਂ ਵੱਲੋਂ ਪਾੜ ਦਿੱਤਾ ਗਿਆ ਹੈ।