‘ਦ ਖ਼ਾਲਸ ਬਿਊਰੋ:- ਕੋਰੋਨਾਵਾਇਰਸ ਕਰਕੇ ਯੂਨੀਵਰਸਿਟੀਆਂ ਤੇ ਹੋਰ ਵਿੱਦਿਅਕ ਅਦਾਰਿਆਂ ਦੀਆਂ ਪ੍ਰੀਖਿਆਵਾਂ ਰੱਦ ਹੋਣ ਕਾਰਨ ਵਿਦਿਆਰਥੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਹੁਣ ਪੰਜਾਬ ਵਿੱਚ ਯੂਨੀਵਰਸਿਟੀ ਪ੍ਰੀਖਿਆਵਾਂ ਕਰਾਉਣ ਨੂੰ ਹਰੀ ਝੰਡੀ ਮਿਲ ਗਈ ਹੈ। ਪੰਜਾਬ ਸਰਕਾਰ ਨੇ ਅੱਜ ਅਨਲੌਕ-3 ਤਹਿਤ ਨਵੀਆਂ ਗਾਈਡਲਾਈਨਸ ‘ਚ ਬੋਰਡਾਂ, ਯੂਨੀਵਰਸਿਟੀਆਂ, ਪਬਲਿਕ ਸਰਵਿਸ ਕਮਿਸ਼ਨਜ਼ ਅਤੇ ਹੋਰ ਅਦਾਰਿਆਂ ਨੂੰ ਪ੍ਰੀਖਿਆਵਾਂ ਲੈਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
UGC ਨੇ ਫਾਈਨਲ ਸਾਲ ਦੇ ਪੇਪਰਾਂ ਨੂੰ ਲਾਜ਼ਮੀ ਕਰਾਰ ਦਿੰਦਿਆਂ ਇਨ੍ਹਾਂ ਪ੍ਰੀਖਿਆਵਾਂ ਨੂੰ ਸਤੰਬਰ ਦੇ ਅਖੀਰ ਤੱਕ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਹੁਣ ਕਿਸੇ ਵੀ ਤਰ੍ਹਾਂ ਦੇ ਐਂਟਰੈਂਸ ਪ੍ਰੀਖਿਆ ‘ਤੇ ਕੋਈ ਰੋਕ ਨਹੀਂ ਹੋਵੇਗੀ। ਵਿੱਦਿਅਕ ਅਦਾਰਿਆਂ ਨੂੰ ਖ਼ਾਸ ਹਦਾਇਤਾਂ ਦਿੰਦਿਆਂ ਪੰਜਾਬ ਸਰਕਾਰ ਨੇ ਪ੍ਰੀਖਿਆਵਾਂ ਦੌਰਾਨ ਸਮਾਜਿਕ ਦੂਰੀ ਅਤੇ ਸੈਨੀਟੇਸ਼ਨ ਦਾ ਖ਼ਾਸ ਖਿਆਲ ਰੱਖਣ ਲਈ ਕਿਹਾ ਹੈ। ਇਨ੍ਹਾਂ ਪ੍ਰੀਖਿਆਵਾਂ ਨੂੰ ਨਿਯੰਤਰਣ ਕਰਨ ਲਈ ਨੀਤੀ ਵੀ ਤਿਆਰ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ 5 ਅਗਸਤ ਤੋਂ ਜਿਮ ਅਤੇ ਯੋਗ ਸੰਸਥਾਵਾਂ ਖੋਲ੍ਹਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ। ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਐਤਵਾਰ ਨੂੰ ਸਾਰੀਆਂ ਦੁਕਾਨਾਂ ਤੇ ਸ਼ਾਪਿੰਗ ਮਾਲਜ਼ ਸਵੇਰੇ 7 ਤੋਂ ਸ਼ਾਮ ਅੱਠ ਵਜੇ ਤੱਕ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਕੰਟੇਨਮੈਂਟ ਜ਼ੋਨਾਂ ਵਿੱਚ ਸਖ਼ਤੀ ਬਰਕਰਾਰ ਰਹੇਗੀ ਅਤੇ ਨਵੇਂ ਦਿਸ਼ਾ ਨਿਰਦੇਸ਼ 31 ਅਗਸਤ ਤੱਕ ਲਾਗੂ ਰਹਿਣਗੇ। ਰਾਤ 11 ਤੋਂ ਸਵੇਰ ਪੰਜ ਵਜੇ ਕਰਫਿਊ ਜਾਰੀ ਰਹੇਗਾ ਅਤੇ ਜ਼ਰੂਰੀ ਵਸਤਾਂ ਦੀ ਆਵਾਜਾਈ ਨੂੰ ਇਸ ਸਮੇਂ ਦੌਰਾਨ ਖੁੱਲ੍ਹ ਹੋਵੇਗੀ। ਵਿਆਹਾਂ ਅਤੇ ਸ਼ਰਧਾਂਜਲੀ ਸਮਾਗਮਾਂ ਲਈ ਪਹਿਲਾਂ ਵਾਲੇ ਨਿਯਮ ਹੀ ਲਾਗੂ ਰਹਿਣਗੇ ਅਤੇ ਧਾਰਮਿਕ ਸਥਾਨ ਸਵੇਰ 5 ਤੋਂ ਸ਼ਾਮ ਅੱਠ ਵਜੇ ਤੱਕ ਖੁੱਲ੍ਹੇ ਰਹਿਣਗੇ। ਪੰਜਾਹ ਫ਼ੀਸਦੀ ਸਮਰੱਥਾ ਨਾਲ ਰੈਸਟੋਰੈਂਟ ਰਾਤ ਦੇ 10 ਵਜੇ ਤੱਕ ਖੁੱਲ੍ਹੇ ਰਹਿਣਗੇ ਅਤੇ ਇੱਥੇ ਸ਼ਰਾਬ ਵਰਤਾਏ ਜਾਣ ਦੀ ਵੀ ਖੁੱਲ੍ਹ ਹੋਵੇਗੀ।
ਹਫ਼ਤਾਵਾਰੀ ਬੰਦਸ਼ਾਂ ਤਹਿਤ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਸਾਰੇ ਦਿਨ ਖੁੱਲ੍ਹਣਗੀਆਂ। ਐਤਵਾਰ ਜ਼ਰੂਰੀ ਵਸਤਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਰੈਸਟੋਰੈਂਟ ਤੇ ਠੇਕੇ ਸਾਰਾ ਹਫ਼ਤਾ ਖੁੱਲ੍ਹੇ ਰਹਿਣਗੇ। ਸਪੋਰਟਸ ਕੰਪਲੈਕਸ ਅਤੇ ਪਬਲਿਕ ਪਾਰਕ ਸਵੇਰੇ 5 ਤੋਂ ਸ਼ਾਮ ਅੱਠ ਵਜੇ ਤੱਕ ਖੁੱਲ੍ਹਣਗੇ ਪਰ ਲੋਕਾਂ ਦੇ ਇਕੱਠੇ ਹੋਣ ’ਤੇ ਮਨਾਹੀ ਰਹੇਗੀ।