‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜਲੰਧਰ ਵਿੱਚ ਪੰਜਾਬ ਸਰਕਾਰ ਵੱਲੋਂ ਕਰੋਨਾ ਨਿਯਮਾਂ ਦੀਆਂ ਪਾਬੰਦੀਆਂ ਲਗਾਉਣ ਦੇ ਬਾਵਜੂਦ ਵੀ ਇੱਕ ਕਾਲਜ ਖੁੱਲ੍ਹਿਆ ਹੋਇਆ ਨਜ਼ਰ ਆਇਆ। ਪੰਜਾਬ ਸਰਕਾਰ ਨੇ ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ 30 ਅਪ੍ਰੈਲ ਤੱਕ ਸਿੱਖਿਅਕ ਅਦਾਰੇ ਬੰਦ ਕਰਨ ਦੇ ਹੁਕਮ ਦਿੱਤੇ ਹੋਏ ਹਨ। ਜਾਣਕਾਰੀ ਮੁਤਾਬਕ ਜਲੰਧਰ ਦਾ KMV (ਕੰਨਿਆ ਮਹਾ ਵਿਦਿਆਲਿਆ) ਕਾਲਜ ਖੁੱਲ੍ਹਿਆ ਹੋਇਆ ਸੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਕਾਲਜ ਵਿੱਚ ਮੌਜੂਦ ਸਨ। ਵਿਦਿਆਰਥੀਆਂ ਨੇ ਕਿਹਾ ਕਿ ਉਹ ਕਾਲਜ ਵਿੱਚ ਦਾਖਲਾ ਲੈਣ ਲਈ ਆਏ ਹਨ। ਕਾਲਜ ਦੇ ਅੰਦਰ ਅਤੇ ਬਾਹਰ ਕਾਫੀ ਵਿਦਿਆਰਥੀ ਇਕੱਠੇ ਹੋਏ ਸਨ।
ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਕਈ ਅਹਿਮ ਐਲਾਨ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਨੇ ਸਿਨੇਮਾ, ਜਿਮ, ਸਪੋਰਟਸ ਕੰਪਲੈਕਸ, ਬਾਜ਼ਾਰ, ਦੁਕਾਨਾਂ ਅਤੇ ਮਾਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਸਨ। ਵਿਆਹ ਸਮਾਗਮਾਂ ਅਤੇ ਸਸਕਾਰ ‘ਤੇ ਸਿਰਫ 20 ਲੋਕ ਹੀ ਸ਼ਾਮਿਲ ਹੋ ਸਕਦੇ ਹਨ। 50 ਫੀਸਦ ਸਵਾਰੀਆਂ ਨਾਲ ਬੱਸਾਂ ਚੱਲਣਗੀਆਂ। ਜੇਕਰ ਬੱਸਾਂ ਵਿੱਚ 52 ਸਵਾਰੀਆਂ ਬੈਠਦੀਆਂ ਹਨ ਤਾਂ ਹੁਣ ਸਿਰਫ 26 ਸਵਾਰੀਆਂ ਹੀ ਬੈਠ ਸਕਣਗੀਆਂ। 30 ਅਪ੍ਰੈਲ ਤੱਕ ਇਹ ਹੁਕਮ ਲਾਗੂ ਰਹਿਣਗੇ।