India

ਸੀਤ ਲਹਿਰ ਨੇ ਠਾਰਿਆ ਸਾਰਾ ਉੱਤਰੀ ਭਾਰਤ

‘ਦ ਖਾਲਸ ਬਿਓਰੋ : ਲਗਾਤਾਰ ਕਈ ਦਿਨ ਮੀਂਹ ਪੈਣ ਮਗਰੋਂ ਸ਼ੁਰੂ ਹੋਈ ਸੀਤ ਲਹਿਰ ਨੇ ਪੰਜਾਬ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ।ਮੌਸਮ ਵਿਭਾਗ ਵੱਲੋਂ ਸੰਘਣੀ ਧੁੰਦ ਤੇ ਪਾਰਾ ਹੋਰ ਥੱਲੇ ਜਾਣ ਨਾਲ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਆਉਣ ਵਾਲੇ 3 ਦਿਨਾਂ ਵਿੱਚ ਠੰਢ ਹੋਰ ਵਧਣ ਅਤੇ ਸੰਘਣੀ ਧੁੰਦ ਪੈਣ ਦੀਆਂ ਸੰਭਾਵਨਾ ਦੱਸੀ ਗਈ ਹੈ। ਮੌਸਮ ਵਿਭਾਗ ਨੇ ਹਦਾਇਤ ਜਾਰੀ ਕੀਤੀ ਹੈ ਕਿ ਮੌਸਮੀ ਹਾਲਾਤ ਦੇਖਣ ਮਗਰੋਂ ਹੀ ਲੋਕ ਘਰਾਂ ’ਚੋਂ ਬਾਹਰ ਨਿਕਲਣ। 19 ਜਨਵਰੀ ਨੂੰ ਮੁੜ ਕਿਤੇ-ਕਿਤੇ ਮੀਂਹ ਪੈਣ ਦੀ ਵੀ ਸੰਭਾਵਨਾ ਹੈ।

ਬੀਤੇ 24 ਘੰਟਿਆਂ ਦੌਰਾਨ ਪੰਜਾਬ ਅਤੇ ਹਰਿਆਣਾ ਵਿਚ ਤਾਪਮਾਨ ਇੱਕ ਡਿਗਰੀ ਹੋਰ ਡਿੱਗਿਆ ਹੈ। ਦੋਵੇਂ ਸੂਬਿਆਂ ਵਿਚ ਸੰਘਣੀ ਧੁੰਦ ਬਣੀ ਰਹੇਗੀ ਅਤੇ ਬੱਦਲਵਾਈ ਵੀ ਰਹੇਗੀ। ਪੰਜਾਬ ਵਿਚ ਅੱਜ ਦਿਨ ਭਰ ਬਿਲਕੁਲ ਵੀ ਸੂਰਜ ਨਹੀਂ ਨਿਕਲਿਆ। ਆਉਂਦੇ ਦੋ-ਤਿੰਨ ਦਿਨਾਂ ਦੌਰਾਨ ਵੀ ਤਾਪਮਾਨ ਇਹੋ ਬਣਿਆ ਰਹੇਗਾ ਅਤੇ ਉਸ ਮਗਰੋਂ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਤਾਪਮਾਨ ਦਾ ਵਾਧਾ ਹੋਣ ਦਾ ਅਨੁਮਾਨ ਹੈ। ਪੰਜਾਬ ਵਿਚ ਸਭ ਤੋਂ ਠੰਡਾ ਬਠਿੰਡਾ ਜਿਲ੍ਹਾ ਰਿਹਾ ਹੈ,ਜਿੱਥੇ ਘੱਟੋ ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਰਿਹਾ ਜਦੋਂ ਕਿ ਹਰਿਆਣਾ ਵਿਚ ਹਿਸਾਰ ਦਾ ਤਾਪਮਾਨ 4.3 ਡਿਗਰੀ ਸੈਲਸੀਅਸ ਦਰਜ ਹੋਇਆ। ਗੁਰਦਾਸਪੁਰ ਵਿਚ ਤਾਪਮਾਨ 5.2 ਡਿਗਰੀ, ਮੋਗਾ ਵਿਚ 5.9 ਅਤੇ ਮੁਕਤਸਰ ਵਿਚ 8.1 ਡਿਗਰੀ ਸੈਲਸੀਅਸ ਰਿਹਾ ਜਦਕਿ ਪਟਿਆਲਾ ਵਿਚ ਸਭ ਤੋਂ ਵੱਧ ਤਾਪਮਾਨ 11.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਅਗਲੇ ਪੰਜ ਦਿਨਾਂ ਤੱਕ ਮੌਸਮ ਖ਼ੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ। ਪੰਜਾਬ ਵਿਚ ਆਮ ਜਨ-ਜੀਵਨ ਤਾਪਮਾਨ ਡਿੱਗਣ ਕਰਕੇ ਬਹੁਤ ਪ੍ਰਭਾਵਿਤ ਹੋਇਆ ਹੈ।ਧੁੰਦ ਕਾਰਨ ਜਿੱਥੇ ਸੜਕੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ,ਉੱਥੇ ਰੇਲਾਂ ਵੀ ਦੇਰੀ ਨਾਲ ਆਪਣੇ ਟਿਕਾਣਿਆਂ ’ਤੇ ਪੁੱਜ ਰਹੀਆਂ ਹਨ। ਠੰਡੇ ਮੌਸਮ ਦੀ ਸਭ ਤੋਂ ਵੱਡੀ ਮਾਰ ਗ਼ਰੀਬ ਤਬਕੇ ਨੂੰ ਪੈ ਰਹੀ ਹੈ ,ਜਿਨ੍ਹਾਂ ਨੂੰ ਰੋਜੀ-ਰੋਟੀ ਕਮਾਉਣ ਅਤੇ ਮਿਹਨਤ-ਮਜ਼ਦੂਰੀ ਲਈ  ਕੜਾਕੇ ਦੀ ਠੰਡ ਵਿੱਚ ਵੀ  ਘਰਾਂ ’ਚੋਂ ਨਿਕਲਣਾ ਪੈ ਰਿਹਾ ਹੈ।

ਫਸਲਾਂ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ ਠੰਡ

ਬੇਸ਼ੱਕ ਠੰਢੇ ਮੌਸਮ ਅਤੇ ਧੁੰਦ ਨੇ ਆਮ ਜ਼ਿੰਦਗੀ ‘ਤੇ ਭਾਵੇਂ ਰੋਕ ਦਿੱਤੀ ਹੈ ਪਰ ਇਹ ਠੰਡ ਫ਼ਸਲਾਂ ਲਈ ਫ਼ਾਇਦੇਮੰਦ ਦੱਸੀ ਜਾ ਰਹੀ ਹੈ। ਖੇਤੀ ਮਾਹਿਰਾਂ ਅਨੁਸਾਰ ਅਜਿਹਾ ਮੌਸਮ ਫ਼ਸਲਾਂ ਨੂੰ ਫ਼ਾਇਦੇ ਦੇਣ  ਵਾਲਾ ਹੈ ਪਰ ਕੋਰਾ ਫ਼ਸਲਾਂ ਲਈ ਮਾੜਾ ਹੈ ਤੇ ਧੁੰਦ ਪਿੱਛੋਂ ਹਲਕੀ ਧੁੱਪ ਵੀ ਕਣਕ ਦੀ ਫ਼ਸਲ ਲਈ ਜ਼ਰੂਰੀ ਹੈ। ਪਿਛਲੇ ਦਿਨਾਂ ਵਿਚ ਕਈ ਥਾਂਵਾਂ ’ਤੇ ਹਲਕੀ ਬਾਰਸ਼ ਵੀ ਹੋਈ ਸੀ ਜਿਸ ਕਰਕੇ ਫ਼ਸਲਾਂ ਵਿਚ ਪਾਣੀ ਖੜਨ ਕਰਕੇ ਕਣਕ ਦੀ ਫ਼ਸਲ ਪੀਲੀ ਪੈਣੀ ਸ਼ੁਰੂ ਹੋ ਗਈ ਸੀ।

ਇਹ ਹਾਲਾਤ ਸਿਰਫ਼ ਪੰਜਾਬ ਦੇ ਨਹੀਂ ਹਨ ਸਗੋਂ ਸਾਰਾ ਉੱਤਰੀ ਭਾਰਤ ਇਸ ਸਮੇਂ ਸੱਖ਼ਤ ਠੰਡ ਦੀ ਮਾਰ ਹੇਠ ਆਇਆ ਹੋਇਆ ਹੈ।ਦੇਸ਼ ਦਾ ਸਵਰਗ ਕਹਾਉਣ ਵਾਲੀ ਕਸ਼ਮੀਰ ਵਾਦੀ ’ਚ ਚੱਲ ਰਹੀਆਂ ਤੇਜ਼ ਸੀਤ ਹਵਾਵਾਂ ਨੇ ਆਮ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਮਜਬੂਰ ਕਰ ਦਿਤਾ ਹੈ ਅਤੇ ਕਈ ਥਾਂਵਾਂ ’ਤੇ ਘੱਟੋ ਘੱਟ ਤਾਪਮਾਨ ਮਨਫ਼ੀ ਤੋਂ ਵੀ ਹੇਠਾਂ ਚਲਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਵਾਦੀ ’ਚ ਅਗਲੇ ਕੁਝ ਦਿਨਾਂ ਤੱਕ ਮੌਸਮ ਮੁੱਖ ਤੌਰ ’ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਸ੍ਰੀਨਗਰ ’ਚ ਪਾਰਾ ਮਨਫ਼ੀ 3.4, ਪਹਿਲਗਾਮ ’ਚ ਮਨਫ਼ੀ 10.3, ਕਾਜ਼ੀਗੁੰਡ ’ਚ ਮਨਫ਼ੀ 7.8, ਕੋਕਰਨਾਗ ’ਚ ਮਨਫ਼ੀ 7.5, ਕੁਪਵਾੜਾ ’ਚ ਮਨਫ਼ੀ 4.2 ਅਤੇ ਗੁਲਮਰਗ ’ਚ ਮਨਫ਼ੀ 10.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।

ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਦੇ ਚਿਤੌੜਗੜ੍ਹ ’ਚ ਤਾਪਮਾਨ 0.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੂਬੇ ਦੀਆਂ ਜ਼ਿਆਦਾਤਰ ਥਾਂਵਾਂ ’ਤੇ ਘੱਟੋ ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਚੱਲ ਰਿਹਾ ਹੈ।