ਪੰਜਾਬ ਤੇ ਚੰਡੀਗੜ੍ਹ ਵਿੱਚ ਸਰਦੀ ਨੇ ਜ਼ੋਰ ਫੜ ਲਿਆ ਹੈ। ਮੌਸਮ ਵਿਭਾਗ ਨੇ 14 ਦਸੰਬਰ ਤੱਕ ਸੰਘਣੀ ਧੁੰਦ ਲਈ ਪੀਲਾ ਅਲਰਟ ਜਾਰੀ ਕੀਤਾ ਹੈ। ਪਿਛਲੇ 24 ਘੰਟਿਆਂ ਵਿੱਚ ਘੱਟੋ-ਘੱਟ ਤਾਪਮਾਨ 0.4 ਡਿਗਰੀ ਵਧ ਕੇ ਆਮ ਦੇ ਨੇੜੇ ਪਹੁੰਚ ਗਿਆ ਹੈ। ਸੂਬੇ ਦਾ ਸਭ ਤੋਂ ਠੰਢਾ ਇਲਾਕਾ ਆਦਮਪੁਰ (ਜਲੰਧਰ) ਰਿਹਾ, ਜਿੱਥੇ ਨਿਊਨਤਮ ਤਾਪਮਾਨ 3.0 ਡਿਗਰੀ ਸੈਲਸੀਅਸ ਰਿਹਾ।
ਬਠਿੰਡਾ ਵਿੱਚ ਦਿਨ ਦਾ ਤਾਪਮਾਨ ਸਭ ਤੋਂ ਵੱਧ 28 ਡਿਗਰੀ ਤੱਕ ਪਹੁੰਚਿਆ।ਕੱਲ੍ਹ ਤੋਂ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ, ਜੋ ਹਿਮਾਚਲ ਤੇ ਹਿਮਾਲੀਅਨ ਖੇਤਰਾਂ ਨੂੰ ਪ੍ਰਭਾਵਿਤ ਕਰੇਗੀ। ਇਸ ਕਾਰਨ ਪੰਜਾਬ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਛਾਈ ਰਹੇਗੀ। ਅਗਲੇ ਦੋ ਦਿਨਾਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਵੱਡਾ ਬਦਲਾਅ ਨਹੀਂ ਆਵੇਗਾ।
ਸੂਬੇ ਵਿੱਚ ਘੱਟੋ-ਘੱਟ ਤਾਪਮਾਨ 6 ਤੋਂ 8 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ, ਜੋ ਆਮ ਨਾਲੋਂ ਕੁਝ ਵੱਧ ਹੈ। ਵੱਧ ਤੋਂ ਵੱਧ ਤਾਪਮਾਨ ਦੱਖਣੀ ਜ਼ਿਲ੍ਹਿਆਂ (ਬਠਿੰਡਾ, ਮਾਨਸਾ, ਮੁਕਤਸਰ, ਫਾਜ਼ਿਲਕਾ, ਫਿਰੋਜ਼ਪੁਰ) ਵਿੱਚ 24-26 ਡਿਗਰੀ ਤੇ ਬਾਕੀ ਇਲਾਕਿਆਂ ਵਿੱਚ 22-24 ਡਿਗਰੀ ਸੈਲਸੀਅਸ ਰਹੇਗਾ, ਜੋ ਆਮ ਨਾਲੋਂ ਵੱਧ ਹੈ।ਹਵਾ ਦੀ ਗੁਣਵੱਤਾ ਵਿੱਚ ਕੁਝ ਸੁਧਾਰ ਹੋਇਆ ਹੈ ਪਰ ਅਜੇ ਵੀ ਜ਼ਿਆਦਾਤਰ ਸ਼ਹਿਰਾਂ ਵਿੱਚ AQI 100 ਤੋਂ ਉੱਪਰ ਹੈ। 11 ਦਸੰਬਰ ਸਵੇਰੇ 6 ਵਜੇ ਦਰਜ ਅੰਕੜੇ:
- ਅੰਮ੍ਰਿਤਸਰ: 130
- ਜਲੰਧਰ: 138
- ਖੰਨਾ: 139
- ਲੁਧਿਆਣਾ: 108
- ਮੰਡੀ ਗੋਬਿੰਦਗੜ੍ਹ: 190
- ਪਟਿਆਲਾ: 142
- ਚੰਡੀਗੜ੍ਹ (ਸੈਕਟਰ-22): 163, (ਸੈਕਟਰ-25): 161, (ਸੈਕਟਰ-53): 138
ਧੁੰਦ ਤੇ ਠੰਢ ਕਾਰਨ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।

