Punjab

ਸੀਤ ਲਹਿਰ ਨੇ ਠਾਰਿਆ ਉਤਰੀ ਭਾਰਤ, ਅੰਮ੍ਰਿਤਸਰ-ਪਠਾਨਕੋਟ ਵਿੱਚ ਜ਼ੀਰੋ ਵਿਜ਼ੀਬਿਲਟੀ

ਮੁਹਾਲੀ : ਪੰਜਾਬ ‘ਚ ਠੰਡ ਦਾ ਕਹਿਰ ਵਧ ਗਿਆ ਹੈ। ਸੰਘਣੀ ਧੁੰਦ ( Fogg  ) ਵੀ ਲੋਕਾਂ ਲਈ ਮੁਸੀਬਤ ਬਣੀ ਹੋਈ ਹੈ। ਸੂਬੇ ‘ਚ ਜ਼ਿਆਦਾਤਰ ਥਾਵਾਂ ‘ਤੇ ਸੰਘਣੀ ਧੁੰਦ ਛਾਈ ਹੋਈ ਹੈ। ਵਿਜ਼ੀਬਿਲਟੀ ( zero visibility  ) ਵੀ ਬਹੁਤ ਘੱਟ ਹੈ। ਅੱਜ ਇੱਕ ਵਾਰ ਫਿਰ ਮੌਸਮ ਵਿਭਾਗ ਨੇ ਪੰਜਾਬ-ਚੰਡੀਗੜ੍ਹ ਵਿੱਚ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਅੰਮ੍ਰਿਤਸਰ ਅਤੇ ਪਠਾਨਕੋਟ ਵਿੱਚ ਵਿਜ਼ੀਬਿਲਟੀ ਜ਼ੀਰੋ ਤੱਕ ਪਹੁੰਚ ਗਈ ਹੈ। ਜਿਸ ਤੋਂ ਬਾਅਦ ਹਵਾਈ ਅਤੇ ਰੇਲ ਮਾਰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।

ਮਿਲਾਨ ਤੋਂ ਅੰਮ੍ਰਿਤਸਰ ਆ ਰਹੀ ਫਲਾਈਟ ਸਮੇਂ ਤੋਂ 2.43 ਘੰਟੇ ਲੇਟ ਹੋਈ। ਇੰਨਾ ਹੀ ਨਹੀਂ, ਲੈਂਡਿੰਗ ਤੋਂ ਪਹਿਲਾਂ ਘੱਟ ਵਿਜ਼ੀਬਿਲਟੀ ਕਾਰਨ ਫਲਾਈਟ ਨੂੰ ਅੱਧੇ ਘੰਟੇ ਤੱਕ ਹਵਾ ‘ਚ ਚੱਕਰ ਲਗਾਉਣੇ ਪਏ। ਇਸ ਦੇ ਨਾਲ ਹੀ ਮੁੰਬਈ ਤੋਂ ਆ ਰਹੀ ਇੰਡੀਗੋ ਦੀ ਫਲਾਈਟ ਵੀ ਕਰੀਬ 25 ਮਿੰਟ ਤੱਕ ਹਵਾ ‘ਚ ਚੱਕਰ ਲਾਉਂਦੀ ਰਹੀ।

ਬੀਤੇ ਦਿਨ ਧੁੱਪ ਨਾ ਨਿਕਲਣ ਕਾਰਨ ਪੂਰੇ ਸੂਬੇ ਦਾ ਦਿਨ ਦਾ ਤਾਪਮਾਨ ਅਜੇ ਵੀ ਆਮ ਨਾਲੋਂ 1.8 ਡਿਗਰੀ ਹੇਠਾਂ ਹੈ। ਪਰ ਆਉਣ ਵਾਲੇ ਦੋ ਦਿਨ ਰਾਹਤ ਭਰੇ ਰਹਿਣ ਵਾਲੇ ਹਨ। ਪਰ 4 ਜਨਵਰੀ ਤੋਂ ਮੌਸਮ ਇੱਕ ਵਾਰ ਫਿਰ ਬਦਲ ਜਾਵੇਗਾ ਅਤੇ ਸੂਬੇ ਵਿੱਚ ਮੁੜ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਵਿੱਚ ਹਾਲਾਤ ਆਮ ਵਾਂਗ ਰਹਿਣ ਵਾਲੇ ਹਨ ਅਤੇ ਇੱਥੇ ਮੌਸਮ ਆਮ ਵਾਂਗ ਰਹੇਗਾ। ਪੰਜਾਬ ਦੇ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ ਵਿੱਚ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਬਾਕੀ ਜ਼ਿਲ੍ਹਿਆਂ ਵਿੱਚ ਸਥਿਤੀ ਆਮ ਵਾਂਗ ਰਹੇਗੀ ਅਤੇ ਮੌਸਮ ਵਿਭਾਗ ਨੇ ਕਿਸੇ ਹੋਰ ਜ਼ਿਲ੍ਹੇ ਲਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ।