Punjab

ਹਾਲੇ ਤੱਕ ਤਿਆਰ ਨਹੀਂ ਹੋਏ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਯਾਦਗਾਰੀ ਸਿੱਕੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਸੋਨੇ ਅਤੇ ਚਾਂਦੀ ਦੇ ਯਾਦਗਾਰੀ ਸਿੱਕੇ, ਡਾਕ ਟਿਕਟ ਅਤੇ ਡਾਕ ਲਿਫਾਫਾ ਕੁੱਝ ਵੀ ਜਾਰੀ ਨਹੀਂ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੇਂਦਰ ਸਰਕਾਰ ਨੂੰ ਇਹ ਸਿੱਕੇ ਜਾਰੀ ਕਰਨ ਲਈ ਕਿਹਾ ਸੀ, ਜੋ ਕਿ ਹਾਲੇ ਤੱਕ ਤਿਆਰ ਨਹੀਂ ਹੋਏ। ਹਾਲਾਂਕਿ, ਕੇਂਦਰ ਸਰਕਾਰ ਨੇ ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਕੋਲੋਂ ਯਾਦਗਾਰੀ ਸਿੱਕੇ, ਡਾਕ ਟਿਕਟ ਅਤੇ ਲਿਫਾਫੇ ਲਈ ਪ੍ਰਸਤਾਵਿਤ ਡਿਜ਼ਾਈਨ ਵੀ ਮੰਗਵਾਏ ਸਨ। ਸ਼੍ਰੋਮਣੀ ਕਮੇਟੀ ਨੇ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕਰਕੇ ਇਹ ਡਿਜ਼ਾਈਨ ਤਿਆਰ ਕੀਤਾ ਸੀ, ਜਿਸ ’ਤੇ ਗੁਰਦੁਆਰਾ ਗੁਰੂ ਕੇ ਮਹਿਲ ਦੀ ਤਸਵੀਰ ਅੰਕਿਤ ਕੀਤੀ ਗਈ ਸੀ।

ਸ਼੍ਰੋਮਣੀ ਕਮੇਟੀ ਵੱਲੋਂ ਸੋਨੇ-ਚਾਂਦੀ ਦੇ ਯਾਦਗਾਰੀ ਸਿੱਕੇ ਜਾਰੀ ਕਰਨ ਦੀ ਵੀ ਯੋਜਨਾ ਸੀ ਪਰ ਦੋਵਾਂ ਧਿਰਾਂ ਵੱਲੋਂ ਹੀ ਉਸ ਦਿਨ ਇਹ ਯਾਦਗਾਰੀ ਚੀਜ਼ਾਂ ਜਾਰੀ ਨਹੀਂ ਹੋ ਸਕੀਆਂ। ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਵੱਲੋਂ ਇਹ ਯਾਦਗਾਰੀ ਸਿੱਕੇ ਦਿੱਲੀ ਤੋਂ ਤਿਆਰ ਕਰਵਾਏ ਜਾਣੇ ਸਨ, ਪਰ ਦਿੱਲੀ ਵਿੱਚ ਤਾਲਾਬੰਦੀ ਹੋਣ ਕਾਰਨ ਇਹ ਕੰਮ ਸਮੇਂ ਸਿਰ ਨਹੀਂ ਹੋ ਸਕਿਆ।

ਕਿਵੇਂ ਦੇ ਹਨ ਯਾਦਗਾਰੀ ਸਿੱਕੇ

ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਸਿਮਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕਰਾਏ ਗਏ ਸੋਨੇ, ਚਾਂਦੀ ਦੇ ਯਾਦਗਾਰੀ ਸਿੱਕੇ ਅਗਲੇ ਹਫਤੇ ਵਿੱਚ ਤਿਆਰ ਹੋ ਕੇ ਆ ਜਾਣਗੇ ਅਤੇ ਬਾਅਦ ਵਿੱਚ ਇਨ੍ਹਾਂ ਨੂੰ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹਨਾਂ ਯਾਦਗਾਰੀ ਸਿੱਕਿਆਂ ਵਿੱਚ ਸੋਨੇ ਦੇ 10 ਗ੍ਰਾਮ, 5 ਗ੍ਰਾਮ ਅਤੇ ਢਾਈ ਗ੍ਰਾਮ ਦਾ ਸਿੱਕਾ ਹੋਵੇਗਾ। ਇਸੇ ਤਰ੍ਹਾਂ ਚਾਂਦੀ ਦੇ 50 ਗ੍ਰਾਮ ਅਤੇ 25 ਗ੍ਰਾਮ ਦੇ ਸਿੱਕੇ ਬਣਾਏ ਗਏ ਹਨ।

ਯਾਦਗਾਰੀ ਸਿੱਕਿਆਂ ਦਾ ਡਿਜ਼ਾਇਨ ਕੀ ਹੈ ?

ਯਾਦਗਾਰੀ ਸਿੱਕੇ ਦੇ ਇੱਕ ਪਾਸੇ ਗੁਰਦੁਆਰਾ ਗੁਰੂ ਕੇ ਮਹਿਲ ਅਤੇ ਦੂਜੇ ਪਾਸੇ ਗੁਰਦੁਆਰਾ ਸੀਸਗੰਜ ਸਾਹਿਬ ਦੀ ਤਸਵੀਰ ਅੰਕਿਤ ਹੈ। ਇਸ ਉੱਪਰ 400 ਸਾਲਾ ਪ੍ਰਕਾਸ਼ ਪੁਰਬ ਵੀ ਅੰਕਿਤ ਕੀਤਾ ਹੋਇਆ ਹੈ। ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਵੀ ਅਜਿਹੇ ਸੋਨੇ, ਚਾਂਦੀ ਦੇ ਯਾਦਗਾਰੀ ਸਿੱਕੇ ਜਾਰੀ ਕੀਤੇ ਗਏ ਸਨ, ਜਿਸ ਪ੍ਰਤੀ ਸ਼ਰਧਾਲੂਆਂ ਨੇ ਭਾਰੀ ਉੁਤਸ਼ਾਹ ਦਿਖਾਇਆ ਸੀ ਅਤੇ ਸ਼੍ਰੋਮਣੀ ਕਮੇਟੀ ਨੂੰ ਇਹ ਯਾਦਗਾਰੀ ਸਿੱਕੇ ਕਈ ਵਾਰ ਤਿਆਰ ਕਰਾਉਣੇ ਪਏ ਸਨ। 

ਕਦੋਂ ਕਰਵਾਏ ਗਏ ਸਨ ਪ੍ਰੋਗਰਾਮ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦਾ ਮੁੱਖ ਸਮਾਗਮ 1 ਮਈ ਨੂੰ ਅੰਮ੍ਰਿਤਸਰ ਵਿਖੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਅਤੇ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਰਵਾਇਆ ਗਿਆ ਸੀ। ਕਰੋਨਾ ਮਹਾਂਮਾਰੀ ਕਾਰਨ ਇਹ ਸਮਾਗਮ ਸੰਖੇਪ ਕੀਤੇ ਗਏ ਸਨ। ਸੂਬਾ ਸਰਕਾਰ ਵੱਲੋਂ ਵੀ ਵਰਚੁਅਲ ਤੌਰ ’ਤੇ ਪ੍ਰੋਗਰਾਮ ਕਰਵਾਏ ਗਏ ਸਨ।