Punjab

ਨੌਵੇਂ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਸਿੱਖਾਂ ਵੱਲੋਂ ਬਣਾਏ ਸਿੱਕੇ ‘ਚ ਕੀ ਹੈ ਖਾਸ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਪੂਰੀ ਦੁਨੀਆ ਵਿੱਚ ਵੱਸਦੀ ਸਮੁੱਚੀ ਸਿੱਖ ਕੌਮ ਵੱਲੋਂ ਵੱਡੇ ਪੱਧਰ ‘ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਸਿੱਖ ਵਿਅਕਤੀਆਂ ਹਰਜਿੰਦਰ ਸਿੰਘ ਕੁਕਰੇਜਾ ਅਤੇ ਜਸਮੀਤ ਸਿੰਘ ਸਾਈਬ ਨੇ ਇੱਕ ਯਾਦਗਾਰੀ ਸਿੱਕਾ ਤਿਆਰ ਕੀਤਾ ਹੈ। ਇਹ ਸਿੱਕਾ ਸੰਗਤ ਨੂੰ  ਆਨਲਾਈਨ ਦਿੱਤਾ ਜਾਵੇਗਾ।

ਇਸ ਸਿੱਕੇ ਨੂੰ ਜਾਰੀ ਕਰਦਿਆਂ ਹਰਜਿੰਦਰ ਸਿੰਘ ਕੁਕਰੇਜਾ ਨੇ ਦੱਸਿਆ ਕਿ ਯਾਦਗਾਰੀ ਸਿੱਕੇ ਦਾ ਆਕਾਰ 1.7 ਇੰਚ ਹੈ ਅਤੇ ਸਿੱਕੇ ਦੀ ਧਾਤ ਦੀ ਬਣਤਰ ਵਿੱਚ 30 ਫ਼ੀਸਦੀ ਚਾਂਦੀ ਅਤੇ 70 ਫ਼ੀਸਦੀ ਤਾਂਬਾ ਸ਼ਾਮਲ ਹੈ। ਦਿੱਲੀ ਵਾਸੀ ਜਸਮੀਤ ਸਿੰਘ ਸਾਈਬ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਅਤੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਜਾਰੀ ਕੀਤੇ ਗਏ ਸਿੱਕਿਆਂ ਦੇ ਡਿਜ਼ਾਈਨ ਵੀ ਤਿਆਰ ਕਰ ਚੁੱਕੇ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਲਈ ਇੱਕ ਵਿਸ਼ੇਸ਼ ਲੋਗੋ ਤਿਆਰ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਸਾਹਿਬ ਜੀ ਦੀ ਸ਼ਤਾਬਦੀ ਨੂੰ ਸਮਰਪਿਤ ਸੋਨੇ-ਚਾਂਦੀ ਦੇ ਸਿੱਕੇ ਤਿਆਰ ਕਰਨ ਦੀ ਵੀ ਯੋਜਨਾ ਹੈ।

ਲੋਗੋ ਵਿੱਚ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕਾ ਮਹਿਲ ਗੁਰਦੁਆਰਾ ਸਾਹਿਬ ਦੀ ਤਸਵੀਰ ਨੂੰ ਮੁੱਖ ਰੂਪ ਵਿੱਚ ਉੱਕਰਿਆ ਗਿਆ ਹੈ। ਇਸ ਦੇ ਹੇਠਾਂ 400 ਸਾਲਾ ਪ੍ਰਕਾਸ਼ ਪੁਰਬ ਅੰਕਿਤ ਕੀਤਾ ਗਿਆ ਹੈ ਅਤੇ ਉੱਪਰ ਗੁਰੂ ਸਾਹਿਬ ਜੀ ਨਾਲ ਸਬੰਧਤ ਗੁਰਬਾਣੀ ਦੀ ਤੁਕ ਅੰਕਿਤ ਕੀਤੀ ਗਈ ਹੈ। ਇਸ ਲੋਗੋ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸ਼ਤਾਬਦੀ ਸਮਾਗਮਾਂ ਦੌਰਾਨ ਵਰਤਿਆ ਜਾਵੇਗਾ।