Punjab

ਸਹਿਕਾਰੀ ਬੈਂਕ ਪਾਵਰਕੌਮ ਮੁਲਾਜ਼ਮਾਂ ਤੋਂ ਵਸੂਲੇਗਾ 9.44 ਕਰੋੜ ਰੁਪਏ: 884 ਮੁਲਾਜ਼ਮਾਂ ਨੇ ਨਹੀਂ ਮੋੜਿਆ ਕਰਜ਼ਾ

Co-operative Bank to recover Rs 9.44 crore from Powercom employees: 884 employees have not repaid the loan

ਚੰਡੀਗੜ੍ਹ : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕੌਮ) ਦੇ ਕਰਮਚਾਰੀਆਂ ਦੁਆਰਾ ਸਹਿਕਾਰੀ ਬੈਂਕ ਦੇ ਕਰਜ਼ੇ ਦੀ ਅਦਾਇਗੀ ਨਾ ਕਰਨ ਲਈ 884 ਡਿਫਾਲਟਰਾਂ ਤੋਂ 9.44 ਕਰੋੜ ਰੁਪਏ ਦੀ ਵਸੂਲੀ ਕਰਨ ਦੀ ਤਿਆਰੀ ਕਰ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਸਹਿਕਾਰੀ ਬੈਂਕ ਪੰਜਾਬ ਰਾਜ ਬਿਜਲੀ ਨਿਗਮ ਲਿਮਿਟੇਡ (ਪਾਵਰਕੌਮ) ਇੱਕ ਸਹਿਕਾਰੀ ਬੈਂਕ ਹੈ, ਜਿਸ ਕਾਰਨ ਪਾਵਰਕੌਮ ਦੇ ਮੁਲਾਜ਼ਮਾਂ ਨੂੰ ਕਰਜ਼ਾ ਲੈਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ।

ਪਰ ਕਰੀਬ 884 ਮੁਲਾਜ਼ਮਾਂ ਨੇ ਕਰਜ਼ੇ ਦੇ ਪੈਸੇ ਵਾਪਸ ਨਹੀਂ ਕੀਤੇ, ਜਿਸ ਕਾਰਨ ਬੈਂਕ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੂੰ ਪੱਤਰ ਭੇਜਿਆ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਸੁਸਾਇਟੀ ਐਕਟ ਤਹਿਤ ਬੈਂਕ ਦੇ ਡਿਫਾਲਟਰ ਬਣੇ ਪਾਵਰਕੌਮ ਮੁਲਾਜ਼ਮਾਂ ਦੀ ਤਨਖਾਹ ਅਤੇ ਪੈਨਸ਼ਨ ਵਿੱਚੋਂ ਕਰਜ਼ੇ ਦੀ ਰਾਸ਼ੀ ਵਸੂਲ ਕੀਤੀ ਜਾਵੇਗੀ, ਤਾਂ ਜੋ ਬੈਂਕ ਨੂੰ ਨੁਕਸਾਨ ਨਾ ਹੋਵੇ। ਦੱਸ ਦੇਈਏ ਕਿ ਜਲੰਧਰ, ਪਟਿਆਲਾ, ਚੰਡੀਗੜ੍ਹ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੰਮ ਕਰਦੇ ਉਕਤ ਮੁਲਾਜ਼ਮਾਂ ਤੋਂ ਕਰਜ਼ੇ ਦੀ ਰਕਮ ਵਸੂਲ ਕੀਤੀ ਜਾਵੇਗੀ।

ਸਹਿਕਾਰੀ ਬੈਂਕ ਵੱਲੋਂ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕੌਮ) ਨੂੰ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਮੇਂ ਸਿਰ ਕਰਜ਼ਾ ਨਾ ਮੋੜਨ ਵਾਲੇ ਡਿਫਾਲਟਰ ਮੁਲਾਜ਼ਮਾਂ ਤੋਂ ਵਿਆਜ ਸਮੇਤ ਪੈਸੇ ਵਸੂਲ ਕੀਤੇ ਜਾਣਗੇ। ਬੈਂਕ ਨੇ ਇਸ ਸਬੰਧੀ ਪਾਵਰਕੌਮ ਨੂੰ ਲਿਖਤੀ ਪੱਤਰ ਜਾਰੀ ਕਰ ਦਿੱਤਾ ਹੈ।

ਪੈਸੇ ਦੀ ਵਸੂਲੀ ਦੀ ਜਾਣਕਾਰੀ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵੱਲੋਂ ਪਾਵਰਕੌਮ ਦੇ ਪ੍ਰਮੁੱਖ ਸਕੱਤਰ ਨੂੰ ਜਾਰੀ ਪੱਤਰ ਵਿੱਚ ਸਾਂਝੀ ਕੀਤੀ ਗਈ ਹੈ। ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਨੁਰਾਗ ਅਗਰਵਾਲ ਵੱਲੋਂ ਪਾਵਰਕੌਮ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਨੂੰ ਪੱਤਰ ਭੇਜਿਆ ਗਿਆ ਹੈ, ਜਿਸ ’ਤੇ ਪਾਵਰਕੌਮ ਨੇ ਹਰਕਤ ਵਿੱਚ ਆ ਕੇ ਵਿਭਾਗੀ ਕਾਰਵਾਈ ਦੇ ਹੁਕਮ ਦਿੱਤੇ ਹਨ।

ਪਾਵਰਕੌਮ ਵੱਲੋਂ ਕੱਲ੍ਹ ਜਾਰੀ ਪੱਤਰ ਵਿੱਚ ਮੁਲਾਜ਼ਮਾਂ ਤੋਂ ਪੈਸੇ ਦੀ ਵਸੂਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਜਿਸ ਵਿੱਚ ਮੁੱਖ ਤੌਰ ’ਤੇ ਡੀ.ਡੀ.ਓਜ਼ ਵੱਲੋਂ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ। ਅਕਾਊਂਟ ਅਧਿਕਾਰੀਆਂ ਨੇ ਇਸ ਪੱਤਰ ਰਾਹੀਂ ਦੱਸਿਆ ਹੈ ਕਿ ਪਾਵਰਕੌਮ ਦੇ ਮੁਲਾਜ਼ਮਾਂ ਨੇ ਨਿੱਜੀ ਕਰਜ਼ਾ ਲਿਆ ਹੈ ਅਤੇ ਇਸ ਦੀ ਅਦਾਇਗੀ ਨਹੀਂ ਕੀਤੀ ਹੈ।

ਜਿਸ ਕਾਰਨ ਸਰਕਾਰ ਵੱਲੋਂ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ, ਜਿਸ ਨੂੰ ਮੁੱਖ ਰੱਖਦਿਆਂ ਪਾਵਰਕੌਮ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਪੈਨਸ਼ਨਾਂ ਵਿੱਚੋਂ ਪੈਸੇ ਦੀ ਵਸੂਲੀ ਸ਼ੁਰੂ ਕੀਤੀ ਜਾਵੇ। ਬੈਂਕ ਮੁਤਾਬਕ ਜ਼ਿਆਦਾਤਰ ਮੁਲਾਜ਼ਮਾਂ ਨੇ ਬੈਂਕ ਤੋਂ ਨਿੱਜੀ ਕਰਜ਼ਾ ਲਿਆ ਹੋਇਆ ਸੀ।