ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਨੇਤਾ ਨਵਜੋਤ ਕੌਰ ਸਿੱਧੂ ਦੇ ਵਿਵਾਦਿਤ ਬਿਆਨ ‘ਤੇ ਤਿੱਖਾ ਪਲਟਵਾਰ ਕੀਤਾ ਹੈ। ਨਵਜੋਤ ਕੌਰ ਨੇ ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ ਵਾਲੇ ਅਟੈਚੀ ਦੀ ਗੱਲ ਕਹਿ ਕੇ ਵਿਵਾਦ ਖੜ੍ਹਾ ਕੀਤਾ ਸੀ, ਜਿਸ ਕਾਰਨ ਕਾਂਗਰਸ ਨੇ ਉਨ੍ਹਾਂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ। ਇਸ ਬਿਆਨ ਤੋਂ ਬਾਅਦ ਨਵਜੋਤ ਕੌਰ ਨੇ ਆਪਣੀ ਸੁਰੱਖਿਆ ਦੀ ਮੰਗ ਕੀਤੀ ਸੀ। ਮਾਨ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਕਿ ਜੇਕਰ ਕਿਸੇ ਨੂੰ ਜਾਨ ਦਾ ਖਤਰਾ ਹੈ ਤਾਂ ਅਜਿਹੇ ਬਿਆਨ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ। ਉਨ੍ਹਾਂ ਨੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਹ ਪਹਿਲਾਂ ਮੂੰਹ ਵਿੱਚ ਆਇਆ ਬੋਲ ਬੋਲਦੇ ਹਨ ਅਤੇ ਫਿਰ ਸੁਰੱਖਿਆ ਮੰਗਣ ਲੱਗ ਜਾਂਦੇ ਹਨ।
ਮਾਨ ਨੇ ਨਵਜੋਤ ਕੌਰ ਦੇ ਬਿਆਨ ਨੂੰ ਕਾਂਗਰਸ ਵਿੱਚ ਅਹੁਦਿਆਂ ਦੀਆਂ ਕੀਮਤਾਂ ਤੈਅ ਕਰਨ ਵਾਲਾ ਦੱਸਿਆ ਅਤੇ ਕਿਹਾ ਕਿ ਅਜਿਹੇ ਲੋਕ ਪੰਜਾਬ ਨੂੰ ਵਿਕਾਊ ਮਾਲ ਸਮਝਦੇ ਹਨ। ਉਨ੍ਹਾਂ ਨੇ ਭਵਿੱਖਬਾਣੀ ਕੀਤੀ ਕਿ ਅਜਿਹੇ ਨੇਤਾਵਾਂ ਦੀਆਂ ਵੋਟਾਂ ਘੱਟ ਜਾਣਗੀਆਂ। ਵਿਰੋਧੀ ਧਿਰਾਂ ਨੂੰ ਚੇਤਾਵਨੀ ਦਿੰਦਿਆਂ ਮਾਨ ਨੇ ਕਿਹਾ ਕਿ ਚੋਣਾਂ ਵਿੱਚ ਹਾਰ ਆਪਣੀਆਂ ਨਾਕਾਮੀਆਂ ਕਾਰਨ ਹੁੰਦੀ ਹੈ, ਪਰ ਠੀਕਰਾ ਦੂਜਿਆਂ ਸਿਰ ਮੜ੍ਹਿਆ ਜਾਂਦਾ ਹੈ। ਉਨ੍ਹਾਂ ਨੇ ਤੰਜ ਕੱਸਿਆ ਕਿ ਚੋਣਾਂ ਨੇੜੇ ਆਉਣ ਤੇ ਵਿਰੋਧੀਆਂ ਨੂੰ 4 ਸਾਲ ਬਾਅਦ ਪੰਜਾਬ ਦੀ ਯਾਦ ਆ ਜਾਂਦੀ ਹੈ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੈਲਟ ਪੇਪਰ ਵਾਲੇ ਬਿਆਨ ‘ਤੇ ਜਵਾਬ ਦਿੰਦਿਆਂ ਮਾਨ ਨੇ ਕਿਹਾ ਕਿ ਚੰਨੀ ਨੇ ਕਿਹਾ ਸੀ ਕਿ 100-100 ਬੈਲਟ ਪੇਪਰ ਛਪ ਚੁੱਕੇ ਹਨ, ਜਿਸ ਨਾਲ ਸਾਫ਼ ਹੈ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਹਾਰ ਮੰਨ ਲਈ ਹੈ ਅਤੇ ਬਹਾਨੇ ਬਣਾ ਰਹੇ ਹਨ। ਉਨ੍ਹਾਂ ਨੇ ਬਲਾਕ ਕਮੇਟੀ ਚੋਣਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ 2833 ਜ਼ੋਨਾਂ ਵਿੱਚ ਚੋਣਾਂ ਹੋਈਆਂ, ਜਿੱਥੇ ਆਪ ਨੇ 340 ਸੀਟਾਂ ਜਿੱਤੀਆਂ, ਕਾਂਗਰਸ ਨੇ 3 ਅਤੇ ਆਜ਼ਾਦਾਂ ਨੇ 8। ਜਿੱਥੇ ਕਾਂਗਰਸ ਜਾਂ ਆਜ਼ਾਦ ਜਿੱਤੇ, ਉੱਥੇ ਧਾਂਦਲੀ ਦਾ ਇਲਜ਼ਾਮ ਕਿਉਂ ਨਹੀਂ ਲਾਇਆ ਗਿਆ? ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਆਪਣੀਆਂ ਨਾਕਾਮੀਆਂ ਕਰਕੇ ਹਾਰਦੀ ਹੈ।
ਮਾਨ ਨੇ ਨਵਜੋਤ ਸਿੰਘ ਸਿੱਧੂ ‘ਤੇ ਵੀ ਨਿਸ਼ਾਨਾ ਸਾਧਿਆ ਕਿ ਜਦੋਂ ਉਨ੍ਹਾਂ ਕੋਲ ਮੰਤਰਾਲਾ ਸੀ ਤਾਂ ਪੰਜਾਬ ਸੁਧਾਰ ਲੈਂਦੇ। ਸੁਖਜਿੰਦਰ ਰੰਧਾਵਾ ਨੂੰ ‘ਪੌਣੇ 2 ਕਿਲੋਮੀਟਰ ਦਾ ਮੁੱਖ ਮੰਤਰੀ’ ਕਹਿ ਕੇ ਮਜ਼ਾਕ ਉਡਾਇਆ ਅਤੇ ਉਨ੍ਹਾਂ ਦੀ ਪਤਨੀ ਦੀ ਹਾਰ ਦਾ ਜ਼ਿਕਰ ਕੀਤਾ। ਕੈਪਟਨ ਅਮਰਿੰਦਰ ਸਿੰਘ ਨੂੰ ਪਹਾੜਾਂ ਵਿੱਚੋਂ ਉਤਰਿਆ ਜੋਗੀ ਦੱਸ ਕੇ ਤੰਜ ਕੱਸਿਆ ਕਿ ਉਹ ਭਾਜਪਾ ਨੂੰ ਗਾਲ੍ਹਾਂ ਕੱਢ ਰਹੇ ਹਨ। ਅਕਾਲੀ ਦਲ ‘ਤੇ ਹਮਲਾ ਕਰਦਿਆਂ ਕਿਹਾ ਕਿ ਅਕਾਲੀ ਦਲ ਬਾਦਲ ਹੁਣ ਬਾਦਲ ਨਹੀਂ ਬੇਅਦਬੀ ਵਾਲੀ ਪਾਰਟੀ ਹੈ। ਇਸਦੇ ਨਾਲਰ ਉਨ੍ਹਾਂ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਹੁਣ ਪਿਸਤੌਲ ਦੀ ਨੌਕ ਤੇ ਵੋਟਾਂ ਮੰਗਦੀ ਹੈ ਅਤੇ ਗੈਂਗਸਟਰਾਂ ਨੂੰ ਟਿਕਟਾਂ ਦਿੰਦੀ ਹੈ।
ਮੁੱਖ ਮੰਤਰੀ ਨੇ ਆਪ ਸਰਕਾਰ ਦੇ ਕੰਮਾਂ ਨੂੰ ਅਧਾਰ ਬਣਾ ਕੇ ਚੋਣਾਂ ਲੜਨ ਦੀ ਗੱਲ ਕਹੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਚੰਗੇ ਅਤੇ ਸਮੱਸਿਆਵਾਂ ਹੱਲ ਕਰਨ ਵਾਲੇ ਬੰਦਿਆਂ ਨੂੰ ਵੋਟ ਪਾਉਣ। ਉਨ੍ਹਾਂ ਨੇ ਵਿਰੋਧੀਆਂ ਨੂੰ ਬੌਖਲਾਹਟ ਵਿੱਚ ਦੱਸਿਆ ਅਤੇ ਆਪਣੀ ਸਰਕਾਰ ਨੂੰ ਪੰਜਾਬ ਦੀ ਤਰੱਕੀ ਲਈ ਵਚਨਬੱਧ ਦੱਸਿਆ।

