ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸੋਮਵਾਰ ਨੂੰ ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਸੰਜੇ ਟੰਡਨ ਦੇ ਪ੍ਰਚਾਰ ਲਈ ਪਹੁੰਚੇ। ਇੱਥੇ ਉਨ੍ਹਾਂ ਨੇ ਮਲੋਆ ਸਥਿਤ ਸਰਕਾਰੀ ਸਕੂਲ ਨੇੜੇ ਖਾਲੀ ਮੈਦਾਨ ਵਿੱਚ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਸਮਰਥਕਾਂ ਨੇ ਜੈ ਬੁਲਡੋਜ਼ਰ ਬਾਬਾ ਦੇ ਨਾਅਰੇ ਲਾਏ।
ਯੂਪੀ ਦੇ ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਵਿੱਚ ਮਾਫ਼ੀਆ ਬਾਰੇ ਟਿੱਪਣੀ ਕਰਕੇ ਸਰਕਾਰ ਦੀ ਚੁਟਕੀ ਲਈ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ’ਚ ਦੇਖੋ ਕਿਵੇਂ ਮਾਫ਼ੀਆ ਸ਼ਰ੍ਹੋਆਮ ਘੁੰਮਦੇ ਫਿਰਦੇ ਹਨ, ਪਰ ਅਸੀਂ UP ’ਚ ਇਨ੍ਹਾਂ ਸਾਰਿਆਂ ਨੂੰ ਉਲਟਾ ਟੰਗ ਦਿੱਤਾ ਹੈ।
ਯੋਗੀ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਕਿਹਾ ਸੀ ਕਿ ਜੇਕਰ ਕੋਈ ਦੰਗਾ ਕਰਦਾ ਹੈ ਤਾਂ ਮੈਂ ਉਨ੍ਹਾਂ ਨੂੰ ਉਲਟਾ ਲਟਕਾ ਦਿਆਂਗਾ। ਉੱਤਰ ਪ੍ਰਦੇਸ਼ ਵਿੱਚ ਦੰਗੇ ਖ਼ਤਮ ਹੋ ਗਏ ਹਨ। ਹੁਣ ਤਾਂ ਉੱਤਰ ਪ੍ਰਦੇਸ਼ ’ਚ ਲੋਕਾਂ ਨੇ ਸੜਕਾਂ ’ਤੇ ਨਮਾਜ਼ ਪੜ੍ਹਨੀ ਵੀ ਬੰਦ ਕਰ ਦਿੱਤੀ ਹੈ। ਹੁਣ ਮਸਜਿਦਾਂ ਦੀਆਂ ਮੀਨਾਰਾਂ ਤੋਂ ਮਾਈਕ ਹਟਾ ਦਿੱਤੇ ਗਏ ਹਨ। ਉਹ ਕਹਿੰਦੇ ਹਨ ਕਿ ਅਸੀਂ ਵੀ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ। ਉੱਤਰ ਪ੍ਰਦੇਸ਼ ਹੁਣ ਸ਼ਾਂਤੀ ਅਤੇ ਸਦਭਾਵਨਾ ਦੀ ਧਰਤੀ ਬਣ ਗਿਆ ਹੈ। ਹੁਣ ਤਾਂ ਰਾਮਲਲਾ ਵੀ ਅਯੁੱਧਿਆ ਵਿੱਚ ਬਿਰਾਜਮਾਨ ਹੋ ਚੁੱਕੇ ਹਨ।
ਯੋਗੀ ਆਦਿੱਤਿਆਨਾਥ ਦਾ ਇਹ ਬਿਆਨ ਪੰਜਾਬ ਵਿੱਚ ਮਾਫ਼ੀਆ ਬਾਰੇ ਸਵਾਲ ਖੜੇ ਕਰਦਾ ਹੈ। ਪੰਜਾਬ ਵਿੱਚ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮਜੀਤ ਮਜੀਠੀਆ ਅਕਸਰ ਹੀ ਰੇਤ ਮਾਫ਼ੀਆ ਨੂੰ ਲੈ ਕੇ ਸਰਕਾਰ ਨੂੰ ਘੇਰਦੇ ਨਜ਼ਰ ਆਉਂਦੇ ਹਨ। ਕਾਂਗਰਸ ਵੀ ਮਾਫ਼ੀਆ ਨੂੰ ਲੈ ਕੇ ਸਰਕਾਰ ’ਤੇ ਤੰਜ਼ ਕੱਸਦੀ ਰਹਿੰਦੀ ਹੈ।