India Lok Sabha Election 2024 Punjab

30 ਮਈ ਨੂੰ ਪੰਜਾਬ ਆਉਣਗੇ ਯੋਗੀ ਆਦਿੱਤਿਆਨਾਥ, ਮੁਹਾਲੀ ’ਚ ਬੀਜੇਪੀ ਉਮੀਦਵਾਰ ਲਈ ਕਰਨਗੇ ਰੈਲੀ

ਲੋਕ ਸਭਾ ਚੋਣਾਂ 2024 ਲਈ ਪ੍ਰਚਾਰ ਦੇ ਆਖ਼ਰੀ ਦਿਨ 30 ਮਈ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਮੁਹਾਲੀ ਵਿੱਚ ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਨਗੇ।

ਪਾਰਟੀ ਵੱਲੋਂ ਉਨ੍ਹਾਂ ਦੀ ਰੈਲੀ ਸਬੰਧੀ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਪਾਰਟੀ ਦੇ ਮੋਹਤਬਰਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਯੋਗੀ 30 ਮਈ ਨੂੰ ਦੁਪਹਿਰ 2.30 ਵਜੇ ਦੇ ਕਰੀਬ ਮੁਹਾਲੀ ਪਹੁੰਚਣਗੇ। ਇਸ ਦੌਰਾਨ ਪਾਰਟੀ ਦੇ ਹੋਰ ਆਗੂ ਵੀ ਮੌਜੂਦ ਰਹਿਣਗੇ। ਹਾਲਾਂਕਿ ਇਸ ਤੋਂ ਪਹਿਲਾਂ ਉਹ ਚੰਡੀਗੜ੍ਹ ਵਿੱਚ ਰੈਲੀ ਕਰ ਚੁੱਕੇ ਹਨ।

ਇਸ ਵਾਰ ਪੰਜਾਬ ਦੇ ਚੋਣ ਮੈਦਾਨ ਵਿੱਚ ਭਾਜਪਾ ਸਾਰੀਆਂ ਸੀਟਾਂ ’ਤੇ ਇਕੱਲਿਆਂ ਹੀ ਚੋਣ ਲੜ ਰਹੀ ਹੈ। ਪਿਛਲੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕੀਤਾ ਸੀ। ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਤਾਂ ਪਾਰਟੀ ਪੂਰੀ ਵਾਹ ਲਾ ਰਹੀ ਹੈ। ਇੱਥੇ ਪਾਰਟੀ ਇੱਕ ਪਾਸੇ ਆਪਣੇ ਸਟਾਰ ਪ੍ਰਚਾਰਕਾਂ ਨੂੰ ਬੁਲਾ ਕੇ ਲੋਕਾਂ ਦਾ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਦੂਜੇ ਪਾਸੇ ਨੁੱਕੜ ਮੀਟਿੰਗਾਂ ਕਰਕੇ ਵੀ ਚੋਣ ਪ੍ਰਚਾਰ ਕਰ ਰਹੀ ਹੈ।

ਕਈ ਕੇਂਦਰੀ ਮੰਤਰੀ ਵੀ ਪਹਿਲਾਂ ਹੀ ਇਲਾਕੇ ਵਿੱਚ ਡੇਰੇ ਲਾ ਕੇ ਬੈਠੇ ਹਨ। ਇਸ ਤੋਂ ਪਹਿਲਾਂ ਉੱਤਰਾਖੰਡ ਦੇ ਸੀਐਮ ਪੁਸ਼ਕਰ ਧਾਮੀ ਵੱਲੋਂ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਤਿੰਨ ਰੈਲੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਦੋ ਰੈਲੀਆਂ ਇਕੱਲੇ ਮੁਹਾਲੀ ਜ਼ਿਲ੍ਹੇ ਵਿੱਚ ਹੋਈਆਂ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਵੀ ਇਲਾਕੇ ਦੇ ਵਪਾਰੀਆਂ ਤੇ ਆਮ ਲੋਕਾਂ ਨਾਲ ਮੁਲਾਕਾਤ ਕੀਤੀ ਹੈ।