India Punjab

ਹਿਮਾਚਲ ਦੇ ਜਲ ਪ੍ਰਾਜੈਕਟਾਂ ‘ਤੇ ਲਾਏ ਸੈਸ ਦੇ ਹੋਏ ਵਿਰੋਧ ‘ਤੇ ਬੋਲੇ ਸੀਐਮ ਸੁੱਖੂ ,ਕਿਹਾ ਪੰਜਾਬ-ਹਰਿਆਣਾ ਨੂੰ ਕੋਈ ਨੁਕਸਾਨ ਨਹੀਂ

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਹਾਈਡਰੋ ਪਾਵਰ ਪ੍ਰੋਜੈਕਟ ਤੋਂ ਪਾਣੀ ਸੈੱਸ ਵਸੂਲਣ ਦੇ ਫੈਸਲੇ ਦੇ ਵਿਰੁਧ ਪੰਜਾਬ ਤੇ ਹਰਿਆਣਾ ਸਰਕਾਰ ਵੱਲੋਂ ਮਤਾ ਪਾਸ ਕੀਤੇ ਜਾਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਦਾ ਬਿਆਨ ਸਾਹਮਣੇ ਆਇਆ ਹੈ।

ਉਹਨਾਂ ਸਪੱਸ਼ਟ ਕੀਤਾ ਹੈ ਕਿ  ਸੂਬਾ ਸਰਕਾਰ ਵੱਲੋਂ ਵਸੂਲੇ ਜਾ ਰਹੇ ਵੋਟਰ ਸੈੱਸ ਨਾਲ ਪੰਜਾਬ ਅਤੇ ਹਰਿਆਣਾ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਸ਼ਿਮਲਾ ਵਿੱਚ ਪੱਤਰਕਾਰਾਂ ਦੇ ਰੂਬਰੂ ਹੁੰਦੇ ਹੋਏ ਮੁੱਖ ਮੰਤਰੀ ਸੁੱਖੂ ਨੇ ਕਿਹਾ ਕਿ ਪੰਜਾਬ, ਹਰਿਆਣਾ ਅਤੇ ਹਿਮਾਚਲ ਆਪਸ ਵਿੱਚ ਭਰਾ ਹਨ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਸਰਕਾਰ ਹਿਮਾਚਲ ਪ੍ਰਦੇਸ਼ ਵਿੱਚ 172 ਹਾਈਡਰੋ ਪਾਵਰ ਪ੍ਰੋਜੈਕਟਾਂ ਤੋਂ ਪਾਣੀ ਦਾ ਸੈੱਸ ਵਸੂਲ ਕਰੇਗੀ। ਇਸ ਵਿੱਚ ਪੰਜਾਬ ਤੇ ਹਰਿਆਣਾ ਦਾ ਕੋਈ ਪ੍ਰਾਜੈਕਟ ਨਹੀਂ ਹੈ। ਇਹ ਜਾਣਨਾ ਜ਼ਰੂਰੀ ਹੈ ਕਿ ਇਹ ਮਤਾ ਕਿਨ੍ਹਾਂ ਹਾਲਤਾਂ ਵਿਚ ਲਿਆ ਗਿਆ ਅਤੇ ਪਾਸ ਕੀਤਾ ਗਿਆ। ਹਿਮਾਚਲ ਵਿੱਚ 172 ਪਾਵਰ ਪ੍ਰੋਜੈਕਟਾਂ ਵਿੱਚੋਂ, ਬਹੁਤ ਸਾਰੇ ਪ੍ਰੋਜੈਕਟ ਪ੍ਰਾਈਵੇਟ ਹਨ ਅਤੇ 27% ਇਕੁਇਟੀ ਰੱਖਦੇ ਹਨ। ਹਿਮਾਚਲ ਵਿੱਚ ਪੰਜਾਬ ਦਾ ਕੋਈ ਪ੍ਰੋਜੈਕਟ ਨਹੀਂ ਹੈ।

ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਸਰਕਾਰ ਨੇ ਕਿਸੇ ਵੀ ਨਹਿਰ ਜਾ ਕਿਸੇ ਵੀ ਨਦੀ ਉੱਤੇ ਕੋਈ ਸੈੱਸ ਨਹੀਂ ਲਗਾਇਆ ਹੈ। ਬਿਜਲੀ ਪ੍ਰਾਜੈਕਟ ਤੋਂ ਵਸੂਲੇ ਜਾਣ ਵਾਲੇ ਪਾਣੀ ਦੇ ਸੈੱਸ ਦਾ ਪੰਜਾਬ-ਹਰਿਆਣਾ ਨੂੰ ਕੋਈ ਨੁਕਸਾਨ ਨਹੀਂ ਹੋਣ ਵਾਲਾ ਹੈ।ਮੁੱਖ ਮੰਤਰੀ ਸੁੱਖੂ ਨੇ ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਥੇ ਸਭ ਤੋਂ ਪਹਿਲਾਂ ਜਲ ਸੈੱਸ ਲਗਣਾ ਸ਼ੁਰੂ ਹੋਇਆ ਹੈ। ਅਸੀਂ ਇਸਨੂੰ ਲਾਉਣ ਵਿੱਚ ਪਿੱਛੇ ਰਹਿ ਗਏ ਸੀ। ਪੰਜਾਬ ਅਤੇ ਹਰਿਆਣਾ ਸਰਕਾਰ ਨਾਲ ਜਲਦੀ ਰਾਬਤਾ ਕਾਇਮ ਕਰ ਕੇ ਹਰ ਗਲਤਫਹਿਮੀ ਨੂੰ ਦੂਰ ਕੀਤਾ ਜਾਵੇਗਾ।  ਉਨ੍ਹਾਂ ਦੇ ਮਤੇ ਨੂੰ ਪੜ੍ਹ ਕੇ ਉਨ੍ਹਾਂ ਦਾ ਭੰਬਲਭੂਸਾ ਦੂਰ ਕੀਤਾ ਜਾਵੇਗਾ ਅਤੇ ਇਸ ਸਬੰਧੀ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੇ ਹਿਮਾਚਲ ਪ੍ਰਦੇਸ਼ ਦੇ ਹਾਈਡਰੋ ਪਾਵਰ ਪ੍ਰੋਜੈਕਟ ਤੋਂ ਪਾਣੀ ਸੈੱਸ ਵਸੂਲਣ ਦੇ ਫੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਪੰਜਾਬ ਸਰਕਾਰ ਹਰਿਆਣਾ ਸਰਕਾਰ ਨੇ ਇਸ ਦੇ ਵਿਰੋਧ ਵਿੱਚ ਵਿਧਾਨ ਸਭਾ ਵਿੱਚ ਮਤਾ ਵੀ ਪਾਸ ਕੀਤਾ ਹੈ।