ਬਿਉਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 1 ਨਵੰਬਰ ਦੀ ਡਿਬੇਟ ਦੇ ਲਈ ਪੂਰੇ ਸ਼ੈਡਿਊਲ ਦਾ ਐਲਾਨ ਕਰ ਦਿੱਤਾ ਹੈ । ਜਿਸ ਵਿੱਚ ਡਿਬੇਟ ਦੇ ਸੰਚਾਲਕ ਦਾ ਨਾਂ, ਪਾਰਟੀਆਂ ਦੇ ਬੁਲਾਰਿਆਂ ਨੂੰ ਬੋਲਣ ਲਈ ਦਿੱਤੇ ਜਾਣ ਵਾਲਾ ਸਮਾਂ ਅਤੇ ਡਿਬੇਟ ਦੇ ਨਾਂ ਦਾ ਵੀ ਐਲਾਨ ਕੀਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘x’ ‘ਤੇ ਜਾਣਕਾਰੀ ਦਿੰਦੇ ਹੋਏ ਲਿਖਿਆ ‘ਲੁਧਿਆਣਾ ਵਿਖੇ 1 ਨਵੰਬਰ ਨੂੰ ਹੋਣ ਵਾਲੀ ਡਿਬੇਟ ਦਾ ਨਾਮ ਹੋਵੇਗਾ “ ਮੈਂ ਪੰਜਾਬ ਬੋਲਦਾ ਹਾਂ “ ਦੁਪਹਿਰ 12 ਵਜੇ ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਜੋ ਹੁਣ ਤੱਕ ਸੱਤਾ ‘ਚ ਰਹੀਆਂ ਆਪਣਾ ਪੱਖ ਰੱਖਣਗੀਆਂ, ਹਰੇਕ ਪਾਰਟੀ ਨੂੰ 30 ਮਿੰਟ ਦਾ ਸਮਾਂ ਮਿਲੇਗਾ । ਪ੍ਰੋ ਨਿਰਮਲ ਜੌੜਾ ਜੀ ਮੰਚ ਸੰਚਾਲਨ ਕਰਨਗੇ, ਪੰਜਾਬੀਆਂ ਨੂੰ ਖੁੱਲ੍ਹਾ ਸੱਦਾ “ਪੰਜਾਬ ਮੰਗਦਾ ਜਵਾਬ” ।
ਲੁਧਿਆਣਾ ਵਿਖੇ 1 ਨਵੰਬਰ ਨੂੰ ਹੋਣ ਵਾਲੀ ਡਿਬੇਟ ਦਾ ਨਾਮ ਹੋਵੇਗਾ “ ਮੈਂ ਪੰਜਾਬ ਬੋਲਦਾ ਹਾਂ “ ਦੁਪਿਹਰ 12 ਵਜੇ ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਜੋ ਹੁਣ ਤੱਕ ਸੱਤਾ ਚ ਰਹੀਆਂ ਆਪਣਾ ਪੱਖ ਰੱਖਣਗੀਆਂ.ਹਰੇਕ ਪਾਰਟੀ ਨੂੰ 30 ਮਿੰਟ ਦਾ ਸਮਾਂ ਮਿਲੇਗਾ.ਪ੍ਰੋ ਨਿਰਮਲ ਜੌੜਾ ਜੀ ਮੰਚ ਸੰਚਾਲਨ ਕਰਨਗੇ..ਪੰਜਾਬੀਆਂ ਨੂੰ ਖੁੱਲਾ ਸੱਦਾ
“ਪੰਜਾਬ ਮੰਗਦਾ ਜਵਾਬ”— Bhagwant Mann (@BhagwantMann) October 26, 2023
ਕੌਣ-ਕੌਣ ਆ ਰਿਹਾ ਹੈ ਡਿਬੇਟ ਵਿੱਚ ?
ਬੀਜੇਪੀ ਅਤੇ ਕਾਂਗਰਸ ਨੇ ਪਹਿਲਾਂ ਡਿਬੇਟ ਨੂੰ ਲੈ ਕੇ ਕੁਝ ਸਵਾਲ ਚੁੱਕੇ ਸਨ । ਪਰ ਹੁਣ ਪੰਜਾਬ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਡਿਬੇਟ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ । ਬੀਤੇ ਦਿਨੀਂ ਜਾਖੜ ਨੇ ਕਿਹਾ ਸੀ ‘ਭਗਵੰਤ ਮਾਨ ਜੀ ਹੁਣ ਜਵਾਬ ਮੰਗਣ ਦਾ ਸਮਾਂ ਨਹੀਂ ਹੈ ਜਵਾਬ ਦੇਣ ਦਾ ਸਮਾਂ ਹੈ ਤੁਸੀਂ ਸਵਾਲਾਂ ਤੋਂ ਭੱਜਣਾ ਨਹੀਂ ਮੈਂ ਡਿਬੇਟ ਵਿੱਚ ਸ਼ਾਮਲ ਹੋਣ ਦੇ ਲਈ ਆ ਰਿਹਾ ਹਾਂ’।
ਜਾਖੜ ਨੇ ਕਿਹਾ ਮੁੱਖ ਮੰਤਰੀ ਮਾਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਾਰੀਆਂ ਗੱਲਾਂ ਉਂਗਲਾਂ ‘ਤੇ ਯਾਦ ਹਨ,ਮੈਨੂੰ ਕਿਸੇ ਕਾਗ਼ਜ਼ ਦੀ ਜ਼ਰੂਰਤ ਨਹੀਂ ਹੈ। ਪਰ ਅਸੀਂ ਸਾਰੀ ਉਮਰ ਜ਼ਿੰਦਗੀ ਤੋਂ ਸਿੱਖਿਆ ਹੈ । ਜਾਖੜ ਨੇ ਤੰਜ ਕੱਸ ਦੇ ਹੋਏ ਕਿਹਾ ਸੀ ਕਿ ਮੈਂ ਭਗਵੰਤ ਮਾਨ ਜਿੰਨਾ ਸਮਝਦਾਰ ਨਹੀਂ ਹਾਂ, ਉਨ੍ਹਾਂ ਕੋਲ ਸਿੱਖਣ ਨੂੰ ਮਿਲੇਗਾ।
ਇਸ ਤੋਂ ਪਹਿਲਾਂ ਸੁਨੀਲ ਜਾਖੜ ਨੇ ਆਪਣੇ ਵੱਲੋਂ ਆਪ ਦੇ ਸਾਬਕਾ ਆਗੂ ਧਰਮਵੀਰ ਗਾਂਧੀ,ਕੰਵਰ ਸੰਧੂ ਅਤੇ ਐੱਚ.ਐੱਸ ਫੂਲਕਾ ਨੂੰ ਡਿਬੇਟ ਵਿੱਚ ਸ਼ਾਮਲ ਕਰਨ ਦੀ ਪੇਸ਼ਕਸ਼ ਰੱਖੀ ਸੀ। ਜਿਸ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੋਈ ਜਵਾਬ ਨਹੀਂ ਆਇਆ ਤਾਂ ਹੁਣ ਜਾਖੜ ਨੇ ਆਪ ਡਿਬੇਟ ਵਿੱਚ ਹਿੱਸਾ ਲੈਣ ਦਾ ਫ਼ੈਸਲਾ ਲਿਆ ਹੈ ।
20 ਅਕਤੂਬਰ ਨੂੰ ਪੰਜਾਬ ਵਿਧਾਨਸਭਾ ਦੇ ਸਪੈਸ਼ਲ ਸੈਸ਼ਨ ਦੌਰਾਨ ਜਦੋਂ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਚਾਲੇ ਤਿੱਖੀ ਬਹਿਸ ਹੋਈ ਸੀ ਤਾਂ ਸੀ ਐੱਮ ਮਾਨ ਨੇ 1 ਨਵੰਬਰ ਦੀ ਬਹਿਸ ਵਿੱਚ ਹਿੱਸਾ ਲੈਣ ਲਈ ਬਾਜਵਾ ਨੂੰ ਚੁਨੌਤੀ ਦਿੱਤੀ ਸੀ ਜਿਸ ਨੂੰ ਆਗੂ ਵਿਰੋਧੀ ਧਿਰ ਨੇ ਕਬੂਲ ਕਰ ਲਿਆ ਸੀ ।
ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਰਜਾ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਕਿ ਪਾਰਟੀ ਇਸ ਤਰ੍ਹਾਂ ਦੀ ਡਿਬੇਟ ਵਿੱਚ ਹਿੱਸਾ ਨਹੀਂ ਲਏਗੀ । ਉਨ੍ਹਾਂ ਨੇ ਕਿਹਾ ਸੀ ਕਿ ਸਾਨੂੰ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ 1 ਨਵੰਬਰ ਨੂੰ ਸੁਪਰੀਮ ਕੋਰਟ ਦੇ ਨਿਰਦੇਸ਼ਾਂ ‘ਤੇ ਕੇਂਦਰ ਸਰਕਾਰ SYL ਦੇ ਸਰਵੇ ਲਈ ਟੀਮ ਭੇਜ ਰਹੀ ਹੈ ਅਸੀਂ ਉਸ ਦਾ ਘਿਰਾਓ ਕਰਾਂਗੇ । ਉੱਧਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਡਿਬੇਟ ਵਿੱਚ ਸ਼ਾਮਲ ਹੋਣ ਦਾ ਸੱਦਾ ਨਾ ਮਿਲਣ ‘ਤੇ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੂੰ ਸੱਦਾ ਮਿਲਿਆ ਤਾਂ ਉਹ ਜ਼ਰੂਰ ਡਿਬੇਟ ਦਾ ਹਿੱਸਾ ਬਣਨਾ ਚਾਹੁਣਗੇ ।