Punjab

ਮੁੱਖ ਮੰਤਰੀ ਨੇ ਆਪਣਾ ਸੁਰੱਖਿਆ ਘੇਰਾ ਘਟਾਉਣ ਦਾ ਕੀਤਾ ਐਲਾਨ

‘ਦ ਖ਼ਾਲਸ ਟੀਵੀ ਬਿਊਰੋ:- ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਰਕਾਰੀ ਕਾਰਜ ਪ੍ਰਣਾਲੀ ਵਿਚ ਵੀਆਈਪੀ ਕਲਚਰ ਦੇ ਖਾਤਮੇ ਦਾ ਮੁੱਢ ਬੰਨ੍ਹ ਦਿੱਤਾ ਹੈ ਜਿਸ ਨਾਲ ਆਮ ਲੋਕਾਂ ਨੂੰ ਸਹੂਲਤ ਹਾਸਲ ਹੋਵੇਗੀ। ਚੰਨੀ ਨੇ ਆਪਣੇ ਸੁਰੱਖਿਆ ਘੇਰੇ ਨੂੰ ਘਟਾਉਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਮੈਂ ਵੀ ਤੁਹਾਡੇ ਵਿੱਚੋਂ ਇਕ ਹਾਂ ਅਤੇ ਮੇਰੇ ਆਪਣੇ ਲੋਕਾਂ ਤੋਂ ਮੇਰੀ ਸੁਰੱਖਿਆ ਕਰਨ ਲਈ ਮੈਨੂੰ 1000 ਸੁਰੱਖਿਆ ਕਰਮੀਆਂ ਦੀ ਫੌਜ ਦੀ ਲੋੜ ਨਹੀਂ ਹੈ। ਅੱਜ ਇੱਥੇ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਮੈਂ ਆਪਣਾ ਅਹੁਦਾ ਸੰਭਾਲਣ ਤਾਂ ਮੈਨੂੰ ਦੱਸਿਆ ਗਿਆ ਕਿ 1000 ਸੁਰੱਖਿਆ ਜਵਾਨਾਂ ਦਾ ਦਸਤਾ ਮੇਰੀ ਹਿਫਾਜ਼ਤ ਲਈ ਹੋਵੇਗਾ।

ਇਸ ਨੂੰ ਸਰਕਾਰ ਦੇ ਵਸੀਲਿਆਂ ਦੀ ਘੋਰ ਬਰਬਾਦੀ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਕਵਾਇਦ ਨੂੰ ਚੱਲਣ ਨੂੰ ਆਗਿਆ ਨਹੀਂ ਦਿੱਤੀ ਜਾ ਸਕਦੀ ਕਿਉਂ ਜੋ ਕੁਝ ਵੀ ਪੰਜਾਬੀਆਂ ਲਈ ਨੁਕਸਾਨਦੇਹ ਹੋਵੇਗਾ, ਉਹ ਮੈਨੂੰ ਵੀ ਤਕਲੀਫ ਦੇਵੇਗਾ ਕਿਉਂਕਿ ਮੈਂ ਵੀ ਬਾਕੀ ਪੰਜਾਬੀਆਂ ਵਾਂਗ ਇਕ ਸਧਾਰਨ ਇਨਸਾਨ ਹਾਂ। ਸ. ਚੰਨੀ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਖ਼ਤਰਾ ਹੋਣ ਦੇ ਸਬੰਧ ਵਿਚ ਸੁਰੱਖਿਆ ਏਜੰਸੀਆਂ ਵੱਲੋਂ ਦਿੱਤੇ ਤਰਕ ਨੂੰ ਲਾਂਭੇ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੁਲੀਸ ਨੂੰ ਸੁਰੱਖਿਆ ਘਟਾਉਣ ਲਈ ਕਹਿ ਦਿੱਤਾ ਹੈ।