Punjab

ਮੋਰਿੰਡਾ ਵਿਖੇ ਸੁੱਖੋ ਮਾਜਰਾ ਦੇ ਸਰਕਾਰੀ ਸਕੂਲ ‘ਚ CM ਮਾਨ ਦਾ ਅਚਨਚੇਤ ਦੌਰਾ…

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੋਰਿੰਡਾ ਦੇ ਸਰਕਾਰੀ ਸਕੂਲ ਦਾ ਅਚਨਚੇਤ ਦੌਰਾ ਕੀਤਾ ਗਿਆ ਹੈ। ਮੁੱਖ ਮੰਤਰੀ ਵੱਲੋਂ ਮੋਰਿੰਡਾ ਵਿਖੇ ਸੁੱਖੋ ਮਾਜਰਾ ਦੇ ਸਰਕਾਰੀ ਸਕੂਲ ਦਾ ਦੌਰਾ ਕੀਤਾ ਹੈ। ਇਸ ਮੌਕੇ ਉਨ੍ਹਾਂ ਨੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਅਤੇ ਸਕੂਲ ਵਿਚ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ। ਮਾਨ ਨੇ ਸਟਾਫ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਕਮੀਆਂ ਦੇਖਣ ਆਇਆ ਹਾਂ ਤਾਂ ਜੋ ਕਮੀਆਂ ਨੂੰ ਦੂਰ ਕੀਤਾ ਜਾ ਸਕੇ।

ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਸੀਐਮ ਮਾਨ ਨੇ ਜਲਦੀ ਹੀ ਐਮੀਨੈਂਸ ਨੂੰ ਛੱਡ ਕੇ ਬਾਕੀ ਸਾਰੇ ਸਕੂਲਾਂ ਨੂੰ ਬੱਸਾਂ ਦੇਣ ਦੀ ਗੱਲ ਕਹੀ। ਮਾਨ ਨੇ ਸਕੂਲ ਪ੍ਰਿੰਸੀਪਲ ਨੂੰ ਪਿੰਡਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੇ ਹਿਸਾਬ ਨਾਲ ਪ੍ਰਸਤਾਵ ਭੇਜਣ ਲਈ ਕਿਹਾ ਹੈ। ਸੀਐਮ ਨੇ ਸਟੇਜ ਤੋਂ ਦੱਸਿਆ ਕਿ ਇਹ ਸਹੂਲਤ ਸਾਰੇ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 6ਵੀਂ ਜਮਾਤ ਤੱਕ ਬੱਚੇ ਸਥਾਨਕ ਹਨ। ਇਹ ਸਹੂਲਤ 7ਵੀਂ ਤੋਂ 12ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਦਿੱਤੀ ਜਾਵੇਗੀ।

ਉਨ੍ਹਾਂ ਪ੍ਰਿੰਸੀਪਲ ਨੂੰ ਹਦਾਇਤ ਕੀਤੀ ਕਿ ਪ੍ਰਸਤਾਵ ਇਸ ਤਰ੍ਹਾਂ ਭੇਜਿਆ ਜਾਵੇ ਕਿ 7ਵੀਂ ਤੋਂ 10ਵੀਂ ਜਮਾਤ ਦੇ ਬੱਚਿਆਂ ਦੀ ਛੁੱਟੀ ਇਕ ਘੰਟਾ ਪਹਿਲਾਂ ਹੋਣੀ ਚਾਹੀਦੀ ਹੈ ਅਤੇ 11ਵੀਂ-12ਵੀਂ ਜਮਾਤ ਦੇ ਬੱਚਿਆਂ ਨੂੰ ਲੈਣ ਲਈ ਉਹੀ ਬੱਸਾਂ ਇਕ ਘੰਟੇ ਦੇ ਅੰਦਰ-ਅੰਦਰ ਪਹੁੰਚ ਜਾਣੀਆਂ ਚਾਹੀਦੀਆਂ ਹਨ।

ਸੀਐਮ ਭਗਵੰਤ ਮਾਨ ਨੇ ਕਿਹਾ ਕਿ 16 ਦਸੰਬਰ ਨੂੰ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਪੇਰੈਂਟਸ-ਟੀਚਰ ਮੀਟਿੰਗਾਂ ਹੋਣ ਜਾ ਰਹੀਆਂ ਹਨ। ਇਹ ਮਾਪਿਆਂ ਦੀ ਮੀਟਿੰਗ ਵਿਦਿਆਰਥੀਆਂ ਲਈ ਹੈ, ਤਾਂ ਜੋ ਮਾਪੇ ਜਾਣ ਸਕਣ ਕਿ ਉਨ੍ਹਾਂ ਦੇ ਬੱਚੇ ਸਕੂਲ ਵਿੱਚ ਕੀ ਕਰਦੇ ਹਨ। ਇਸ ਦੇ ਨਾਲ ਹੀ ਅਧਿਆਪਕਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਵਿਦਿਆਰਥੀ ਸਕੂਲ ਤੋਂ ਬਾਅਦ ਕੀ ਕਰਦੇ ਹਨ।

ਮਾਨ ਨੇ ਵੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਕੁਝ ਬੱਚੇ ਵੀ ਸਾਹਮਣੇ ਆਏ ਜੋ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਸਨ ਅਤੇ ਹੁਣ ਸਰਕਾਰੀ ਸਕੂਲਾਂ ਵਿੱਚ ਸ਼ਿਫਟ ਹੋ ਗਏ ਹਨ। ਇਹ ਦੇਖ ਕੇ ਸੀ.ਐਮ ਮਾਨ ਬਹੁਤ ਖੁਸ਼ ਹੋਏ। ਇਸ ਦੌਰਾਨ ਉਨ੍ਹਾਂ ਨੇ ਇੱਕ ਕੁੜੀ ਨਾਲ ਵੀ ਗੱਲ ਕੀਤੀ ਜੋ ਸਕੂਲ ਛੱਡਣਾ ਚਾਹੁੰਦੀ ਸੀ ਕਿਉਂਕਿ ਉਸਦਾ ਘਰ ਬਹੁਤ ਦੂਰ ਸੀ। ਮਾਨ ਨੇ ਵਿਦਿਆਰਥਣ ਨੂੰ ਕੁਝ ਸਮਾਂ ਉਡੀਕ ਕਰਨ ਲਈ ਕਿਹਾ ਅਤੇ ਸਕੂਲ ਨੂੰ ਬੱਸਾਂ ਦੇਣ ਦੀ ਗੱਲ ਕਹੀ।