Punjab

DIG ਭੁੱਲਰ ਦੀ ਗ੍ਰਿਫਤਾਰੀ ਮਾਮਲੇ ‘ਤੇ CM ਮਾਨ ਦਾ ਪਹਿਲਾ ਬਿਆਨ

ਡੀਆਈਜੀ ਰੋਪੜ ਹਰਚਰਨ ਸਿੰਘ ਭੁੱਲਰ ਨਾਲ ਜੁੜੇ ਰਿਸ਼ਵਤ ਮਾਮਲੇ ਵਿੱਚ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਵਾਰ ਪ੍ਰਤੀਕਿਰਿਆ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਉਨ੍ਹਾਂ ਕਿਹਾ ਕਿ ਰਿਸ਼ਵਤਖੋਰੀ ਮਾਮਲੇ ਵਿੱਚ ਡੀਆਈਜੀ ਭੁੱਲਰ ਨੂੰ ਉਨ੍ਹਾਂ ਵੱਲੋਂ ਪੁਲਿਸ ਮਹਿਕਮੇ ਤੋਂ ਸਸਪੈਂਡ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

ਭ੍ਰਿਸ਼ਟਾਚਾਰ ਵਿੱਚ ਨਾਮਜ਼ਦ ਕਿਸੇ ਵੀ ਵਿਅਕਤੀ ਨੂੰ, ਭਾਵੇਂ ਕੋਈ ਵੀ ਅਹੁਦਾ ਹੋਵੇ, ਬਿਲਕੁਲ ਸਾਥ ਨਹੀਂ ਦਿੱਤਾ ਜਾਵੇਗਾ। ਆਮ ਆਦਮੀ ਪਾਰਟੀ ਦੀ ਹਰ ਤਰ੍ਹਾਂ ਦੀ ਰਿਸ਼ਵਤਖੋਰੀ ਵਿਰੁੱਧ ਜੰਗ ਜਾਰੀ ਰਹੇਗੀ।

ਪੰਜਾਬ ਸਰਕਾਰ ਨੇ 18 ਅਕਤੂਬਰ ਨੂੰ ਡੀਆਈਜੀ ਭੁੱਲਰ ਨੂੰ ਮੁਅੱਤਲ ਕਰ ਦਿੱਤਾ ਸੀ, ਜੋ 16 ਅਕਤੂਬਰ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ। ਗ੍ਰਹਿ ਵਿਭਾਗ ਨੇ ਇਹ ਕਾਰਵਾਈ ਕੀਤੀ। ਵੀਰਵਾਰ ਨੂੰ ਸੀਬੀਆਈ ਚੰਡੀਗੜ੍ਹ ਨੇ ਮੋਹਾਲੀ ਵਿੱਚ ਇੱਕ ਸਕ੍ਰੈਪ ਡੀਲਰ ਤੋਂ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ। ਡੀਲਰ ਨੇ 2023 ਦੀ ਐਫਆਈਆਰ ਨੂੰ ‘ਸੈੱਟਲ’ ਕਰਨ ਲਈ ਰਿਸ਼ਵਤ ਦਾ ਦਾਅਵਾ ਕੀਤਾ।

ਸੀਬੀਆਈ ਨੇ ਅੱਠ ਟੀਮਾਂ ਨਾਲ ਅੰਬਾਲਾ, ਮੋਹਾਲੀ, ਚੰਡੀਗੜ੍ਹ ਤੇ ਰੋਪੜ ਵਿੱਚ ਸੱਤ ਥਾਵਾਂ ‘ਤੇ ਛਾਪੇਮਾਰੀ ਕੀਤੀ। ਭੁੱਲਰ ਦੇ ਦਫਤਰ, ਘਰ, ਫਾਰਮ ਹਾਊਸ ਤੇ ਹੋਰ ਜਾਇਦਾਦਾਂ ਤੋਂ 7.5 ਕਰੋੜ ਨਕਦ, 2.5 ਕਿਲੋ ਸੋਨਾ, 24 ਮਹਿੰਗੀਆਂ ਘੜੀਆਂ ਤੇ 50 ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਹੋਏ। ਭੁੱਲਰ ਨੂੰ 14 ਦਿਨ ਦੀ ਜੁਡੀਸ਼ਲ ਕਸਟਡੀ ਵਿੱਚ ਭੇਜਿਆ ਗਿਆ। ਆਪ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਨੂੰ ਦਰਸਾਇਆ।