Punjab

CM ਮਾਨ ਦੀ ਫੇਕ ਵੀਡੀਓ ਹਟਾਉਣ ਦਾ ਹੁਕਮ, ਮੋਹਾਲੀ ਅਦਾਲਤ ਨੇ ਫੇਸਬੁੱਕ ਅਤੇ ਗੂਗਲ ਨੂੰ ਜਾਰੀ ਕੀਤਾ ਨੋਟਿਸ

ਮੋਹਾਲੀ ਅਦਾਲਤ ਨੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦੇ ਫਰਜ਼ੀ ਵਾਇਰਲ ਵੀਡੀਓ ਮਾਮਲੇ ਵਿੱਚ ਫੇਸਬੁੱਕ ਨੂੰ 24 ਘੰਟਿਆਂ ਵਿੱਚ ਸਾਰੀਆਂ ਇਤਰਾਜ਼ਯੋਗ ਪੋਸਟਾਂ ਹਟਾਉਣ ਤੇ ਬਲਾਕ ਕਰਨ ਦੇ ਹੁਕਮ ਦਿੱਤੇ ਹਨ। ਗੂਗਲ ਨੂੰ ਵੀ ਸਰਚ ਨਤੀਜਿਆਂ ਵਿੱਚ ਅਜਿਹੀ ਸਮੱਗਰੀ ਨਾ ਵਿਖਾਉਣ ਦੇ ਨਿਰਦੇਸ਼ ਹਨ। ਨਾ ਮੰਨਣ ‘ਤੇ ਕਾਨੂੰਨੀ ਕਾਰਵਾਈ ਹੋਵੇਗੀ।

ਪਹਿਲਾਂ ਪੰਜਾਬ ਪੁਲਿਸ ਨੇ ਫੇਸਬੁੱਕ ਤੇ ਇੰਸਟਾਗ੍ਰਾਮ ਨੂੰ ਨੋਟਿਸ ਭੇਜ ਕੇ ਪੋਸਟਾਂ ਹਟਾਉਣ ਲਈ ਕਿਹਾ ਸੀ।ਦੋਸ਼ੀ ਜਗਮਨ ਸਮਰਾ ਨੇ ਮਾਮਲਾ ਦਰਜ ਹੋਣ ਤੋਂ ਬਾਅਦ ਵੀ ਪੰਜ ਹੋਰ ਵੀਡੀਓਜ਼ ਤੇ ਫੋਟੋਆਂ ਪੋਸਟ ਕੀਤੀਆਂ। ਪਹਿਲਾਂ ਦੋ ਵੀਡੀਓ ਪੋਸਟ ਕਰ ਚੁੱਕਾ ਸੀ। ਉਸਨੇ ਸਰਕਾਰ ਤੇ ਪੁਲਿਸ ਨੂੰ ਮੀਡੀਆ ਵਿੱਚ ਆਹਮੋ-ਸਾਹਮਣੇ ਸਾਹਮਣਾ ਕਰਨ ਦੀ ਚੁਣੌਤੀ ਦਿੱਤੀ ਤੇ ਲਿਖਿਆ, “ਇਹ ਸਿਰਫ਼ ਟ੍ਰੇਲਰ ਹੈ।” ਜੇਕਰ ਕੋਈ ਸਾਬਤ ਕਰੇ ਕਿ ਵੀਡੀਓਜ਼ ਏਆਈ ਨਾਲ ਬਣੀਆਂ ਹਨ, ਤਾਂ ਇੱਕ ਮਿਲੀਅਨ ਡਾਲਰ ਇਨਾਮ ਦੇਣ ਦਾ ਵਾਅਦਾ ਕੀਤਾ।

ਮੋਹਾਲੀ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਹੋਈ। ਰਾਜ ਸਾਈਬਰ ਸੈੱਲ ਨੇ ਜਗਮਨ ਨੂੰ ਟਰੈਕ ਕੀਤਾ ਤੇ ਬੁੱਧਵਾਰ ਦੁਪਹਿਰ 1 ਵਜੇ ਕੇਸ ਦਰਜ ਕੀਤਾ। ਮਾਮਲਾ ਦਰਜ ਹੋਣ ਤੋਂ ਬਾਅਦ ਉਸਨੇ ਕੁਝ ਪੋਸਟਾਂ ਲੁਕਾ ਦਿੱਤੀਆਂ ਤੇ ਇੰਸਟਾਗ੍ਰਾਮ ‘ਤੇ ਸਰਗਰਮ ਹੋ ਕੇ ਜਾਣਕਾਰੀ ਸਾਂਝੀ ਕੀਤੀ। ਪੁਲਿਸ ਨੇ ਇਸ ਬਾਰੇ ਵੀ ਨੋਟਿਸ ਭੇਜਿਆ। ਜੇਕਰ ਵੀਡੀਓ ਅਪਲੋਡ ਹੁੰਦੇ ਰਹੇ ਤਾਂ ਖਾਤਾ ਬਲਾਕ ਕੀਤਾ ਜਾਵੇਗਾ।

ਪੁਲਿਸ ਸੂਤਰਾਂ ਅਨੁਸਾਰ, ਜਗਮਨ ਪਹਿਲਾਂ ਵੀ ਅਜਿਹੀਆਂ ਪੋਸਟਾਂ ਕਰ ਚੁੱਕਾ ਹੈ। ਉਸਦੇ ਖਾਤੇ ਤੋਂ ਪੁਰਾਣੀਆਂ ਪੋਸਟਾਂ ਹਟਾ ਦਿੱਤੀਆਂ ਗਈਆਂ ਸਨ। ਕਈ ਦਿਨਾਂ ਤੋਂ ਚੁੱਪ ਸੀ, ਪਰ ਹੁਣ ਦੁਬਾਰਾ ਸ਼ੁਰੂ ਹੋ ਗਿਆ। ਉਹ ਚਲਾਕ ਹੈ ਤੇ ਪਲੇਟਫਾਰਮ ਬਦਲ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ।

ਆਮ ਆਦਮੀ ਪਾਰਟੀ ਨੇਤਾਵਾਂ ਨੇ ਵੀ ਕਈ ਥਾਣਿਆਂ ਵਿੱਚ ਸ਼ਿਕਾਇਤਾਂ ਦਰਜ ਕਰਵਾਈਆਂ। ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੀ ਛਵੀ ਖਰਾਬ ਕੀਤੀ ਜਾ ਰਹੀ ਹੈ, ਸਖ਼ਤ ਕਾਰਵਾਈ ਹੋਣੀ ਚਾਹੀਦੀ। ਪੁਲਿਸ ਉਨ੍ਹਾਂ ਖਾਤਿਆਂ ‘ਤੇ ਵੀ ਨਜ਼ਰ ਰੱਖ ਰਹੀ ਹੈ ਜੋ ਇਸ ਸਮੱਗਰੀ ਨੂੰ ਪ੍ਰਚਾਰ ਕਰ ਰਹੇ ਹਨ।