Punjab

CM ਮਾਨ ਦਾ ਸਰਕਾਰੀ ਨੌਕਰੀਆਂ ਨੂੰ ਲੈ ਕੇ ਵੱਡਾ ਬਿਆਨ, ਨੌਜਵਾਨਾਂ ’ਤੇ ਮਾਪਿਆਂ ਨੂੰ ਖ਼ਾਸ ਸਲਾਹ

ਬਿਊਰੋ ਰਿਪੋਰਟ (ਗੁਰਪ੍ਰੀਤ ਕੌਰ) – ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਸਰਕਾਰੀ ਨੌਕਰੀਆਂ ਦਾ ਝਾਂਸਾ ਦੇ ਕੇ ਨੌਜਵਾਨਾਂ ਕੋਲੋਂ ਰਿਸ਼ਵਤ ਲੈਣ ਵਾਲੇ ਸਰਕਾਰੀ ਮੁਲਾਜ਼ਮਾਂ ਬਾਰੇ ਵੱਡਾ ਬਿਆਨ ਦਿੱਤਾ ਹੈ। ਅੱਜ ਸੋਸ਼ਲ ਮੀਡੀਆ ’ਤੇ ਲਾਈਵ ਆ ਕੇ ਉਨ੍ਹਾਂ ਦੱਸਿਆ ਕਿ ਪੰਜਾਬ ਵਿਜੀਲੈਂਸ ਨੇ ਅੱਜ 2 ਪੁਲਿਸ ਮੁਲਾਜ਼ਮ ਗ੍ਰਿਫ਼ਤਾਰ ਕੀਤੇ ਹਨ ਜਿਨ੍ਹਾਂ ਨੇ 102 ਜਣਿਆਂ ਕੋਲੋਂ ਪੰਜਾਬ ਪੁਲਿਸ ਵਿੱਚ ਦਰਜਾ 4 ਦੇ ਮੁਲਾਜ਼ਮਾਂ ਦੀ ਭਰਤੀ ਵਿੱਚ ਨੌਕਰੀ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ 26,02,926 ਰੁਪਏ ਦੀ ਰਿਸ਼ਵਤ ਲਈ। ਇਹ ਦੋਵੇਂ ਮੁਲਾਜ਼ਮ 2021 ਤੋਂ ਹੀ ਰਿਸ਼ਵਤ ਲੈਣ ਦਾ ਕੰਮ ਕਰ ਰਹੇ ਸੀ।

ਇਹ ਮੁਲਾਜ਼ਮ ਮੁੱਖ ਮੰਤਰੀ ਪੰਜਾਬ ਵੱਲੋਂ ਜਾਰੀ ਕੀਤੀ ਗਈ ਭ੍ਰਿਸ਼ਟਾਚਾਰ ਰੋਕੂ ਹੈਲਪ ਲਾਈਨ ਤੋਂ ਆਈ ਇੱਕ ਸ਼ਿਕਾਇਤ ਤੋਂ ਬਾਅਦ ਫੜੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਹੈਲਪਲਾਈਨ ਨੰਬਰ ਦੀ ਬਦੌਲਤ ਹੀ ਕਿੰਨੇ ਹੀ ਰਿਸ਼ਵਤਖ਼ੋਰ ਜੇਲ੍ਹਾਂ ਅੰਦਰ ਬੰਦ ਹਨ ਤੇ ਕਈਆਂ ‘ਤੇ ਮੁਕੱਦਮੇ ਚੱਲ ਰਹੇ ਹਨ। ਇਹ ਹੈਲਪਲਾਈਨ ਨੰਬਰ 95012 00200 ਹੈ। ਸੀਐਮ ਮਾਨ ਨੇ ਕਿਹਾ ਕਿ ਰਿਸ਼ਵਤ ਕਰਕੇ ਬਹੁਤ ਸਾਰੇ ਲੋੜਵੰਤ ਤੇ ਹੁਨਰਮੰਦ ਨੌਜਵਾਨਾਂ ਦਾ ਹੱਕ ਮਾਰਿਆ ਜਾਂਦਾ ਹੈ। ਇਸ ਲਈ ਪੰਜਾਬ ਸਰਕਾਰ ਇਸ ਖ਼ਿਲਾਫ਼ ਸਖ਼ਤੀ ਨਾਲ ਕੰਮ ਕਰ ਰਹੀ ਹੈ।

ਮੁੱਖ ਮੰਤਰੀ ਨੇ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਰਿਸ਼ਵਤ ਦੇ ਕੇ ਸਰਕਾਰੀ ਨੌਕਰੀ ਲੈਣ ਦੇ ਝਾਂਸਿਆਂ ਵਿੱਚ ਨਾ ਆਉਣ। ਉਨ੍ਹਾਂ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਉਹ ਪੜ੍ਹਨ, ਸਰਕਾਰੀ ਨੌਕਰੀਆਂ ਦੇ ਪਰਚੇ ਦੇ ਕੇ ਚੰਗੇ ਨੰਬਰ ਲੈਣ, ਤੇ ਕਿਸੇ ਦੀ ਹਿੰਮਤ ਨਹੀਂ ਕਿ ਮੈਰਿਟ ‘ਚ ਆਏ ਨੌਜਵਾਨਾਂ ਨੂੰ ਕੋਈ ਸਰਕਾਰੀ ਨੌਕਰੀ ਲੈਣੋਂ ਰੋਕ ਸਕੇ।

ਉਨ੍ਹਾਂ ਨੌਜਵਾਨਾਂ ਤੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਜੇ ਪੰਜਾਬ ਵਿੱਚ ਕੋਈ ਵੀ ਸਰਕਾਰੀ ਮੁਲਾਜ਼ਮ ਤੁਹਾਡੇ ਤੋਂ ਕਿਸੇ ਵੀ ਮਹਿਕਮੇ ਵਿੱਚ ਨੌਕਰੀ ਦਿਵਾਉਣ ਬਦਲੇ ਰਿਸ਼ਵਤ ਮੰਗਦਾ ਹੋਵੇ ਤਾਂ ਕਿਰਪਾ ਕਰਕੇ ਇਹ ਗ਼ਲਤੀ ਨਾ ਕਰਿਓ। ਉਨ੍ਹਾਂ ਕਿਹਾ ਕਿ ਅਜਿਹੇ ਮੁਲਾਜ਼ਮਾਂ ਦੇ ਨਾਂ ਸਣੇ ਸਰਕਾਰ ਦੀ ਐਂਟੀ ਕਰੱਪਸ਼ਨ ਹੈਲਪਲਾਈਨ ‘ਤੇ ਈਮੇਲ ਜਾਂ ਫ਼ੋਨ ਕਰਕੇ ਸ਼ਿਕਾਇਤ ਕੀਤੀ ਜਾ ਸਕਦੀ ਹੈ। ਜਾਂ ਹਰੇਕ ਜ਼ਿਲ੍ਹੇ ਵਿੱਚ ਮੌਜੂਦ ਵਿਜੀਲੈਂਸ ਦੇ ਦਫ਼ਤਰ ਵਿੱਚ ਜਾ ਕੇ ਸੰਪਰਕ ਕਰੋ।

ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਤਕ 43000 ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦੇ ਚੁੱਕੀ ਹੈ ਤੇ ਇਸ ਦੌਰਾਨ ਕਿਸੇ ਵੀ ਨੌਜਵਾਨ ਕੋਲੋਂ ਇੱਕ ਵੀ ਰੁਪਇਆ ਰਿਸ਼ਵਤ ਨਹੀਂ ਲਈ ਗਈ ਬਲਕਿ ਮੈਰਿਟ ਦੇ ਆਧਾਰ ‘ਤੇ ਹੀ ਨੌਜਵਾਨਾਂ ਦੀ ਭਰਤੀ ਕੀਤੀ ਜਾਂਦੀ ਹੈ।

ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਜੇ ਲੋਕ ਦੱਸਣਗੇ ਤਾਂ ਹੀ ਸਰਕਾਰ ਅੱਗੇ ਕਾਰਵਾਈ ਕਰ ਸਕਦੀ ਹੈ ਤੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਜਾ ਸੁਪਨਾ ਪੂਰਾ ਕੀਤਾ ਜਾ ਸਕਦਾ ਹੈ। ਇਸ ਲਈ ਨੌਜਵਾਨ ਤੇ ਮਾਪੇ ਆਪ ਅੱਗੇ ਆ ਕੇ ਇਹ ਪਹਿਲ ਕਰਨ। ਸ਼ਿਕਾਇਤਕਰਤਾ ਦਾ ਨਾਂ ਗੁਪਤ ਰੱਖਿਆ ਜਾਵੇਗਾ।