India Punjab

CM ਮਾਨ ਦਾ ਵੱਡਾ ਦਾਅਵਾ, “ਨਹੀਂ ਕੱਟਿਆ ਜਾਵੇਗਾ ਇੱਕ ਵੀ ਰਾਸ਼ਨ-ਕਾਰਡ”

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਵਿੱਚ ਪੰਜਾਬੀ ਕਮੇਡੀਅਨ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਜਸਵਿੰਦਰ ਭੱਲਾ ਦੇ ਪੰਜਾਬੀ ਸਿਨੇਮਾ ਵਿੱਚ ਯੋਗਦਾਨ ਅਤੇ ਪੰਜਾਬੀ ਭਾਸ਼ਾ ਨੂੰ ਵਿਸ਼ਵ ਪੱਧਰ ਤੱਕ ਪਹੁੰਚਾਉਣ ਵਾਲੇ ਕੰਮਾਂ ਨੂੰ ਯਾਦ ਕੀਤਾ। ਕਾਨਫਰੰਸ ਵਿੱਚ ਦੋ ਮਿੰਟ ਦਾ ਮੌਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ।

ਸੀਐੱਮ ਮਾਨ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਭਾਜਪਾ ਆਪਣੇ ਆਪ ਨੂੰ ਦੇਸ਼ ਹਿਤੈਸ਼ੀ ਕਹਿੰਦੀ ਹੈ ਅਤੇ ਕਈ ਵਾਅਦੇ ਕਰਦੀ ਹੈ। ਉਹ ਦਾਅਵਾ ਕਰਦੀ ਹੈ ਕਿ 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਦਿੱਤਾ ਜਾ ਰਿਹਾ ਹੈ। ਪਰ ਹਕੀਕਤ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਵਿੱਚ 8 ਲੱਖ 2 ਹਜ਼ਾਰ 493 ਰਾਸ਼ਨ ਕਾਰਡ ਕੱਟ ਰਹੀ ਹੈ।

ਇਸ ਕਾਨਫਰੰਸ ਵਿੱਚ ਮੁੱਖ ਮੰਤਰੀ ਨੇ ਵੱਡਾ ਐਲਾਨ ਕੀਤਾ ਕਿ ਜਿੰਨੀ ਦੇਰ ਤੱਕ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਰਹੇਗਾ, ਉੱਨੀ ਦੇਰ ਤੱਕ ਪੰਜਾਬ ਵਿੱਚ ਇੱਕ ਵੀ ਰਾਸ਼ਨ ਕਾਰਡ ਨਹੀਂ ਕੱਟਿਆ ਜਾਵੇਗਾ। ਪੰਜਾਬ ਸਰਕਾਰ ਕਿਸੇ ਨੂੰ ਵੀ ਭੁੱਖਾ ਨਹੀਂ ਰਹਿਣ ਦੇਵੇਗੀ ਅਤੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰੇਗੀ। ਉਨ੍ਹਾਂ ਨੇ ਭਾਜਪਾ ਦੀਆਂ ਨੀਤੀਆਂ ਨੂੰ ਲੋਕ ਵਿਰੋਧੀ ਦੱਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਗਰੀਬਾਂ ਅਤੇ ਕਿਸਾਨਾਂ ਦੇ ਨਾਲ ਖੜ੍ਹੀ ਹੈ।

ਮਾਨ ਨੇ ਕਿਹਾ ਕਿ ਜੇਕਰ ਇੱਕ ਰਾਸ਼ਨ ਕਾਰਡ ਵਿੱਚ ਔਸਤਨ ਚਾਰ ਵਿਅਕਤੀਆਂ ਨੂੰ ਜੋੜੀਏ ਤਾਂ ਲਗਭਗ 32 ਲੱਖ ਪੰਜਾਬ ਵਾਸੀ ਰਾਸ਼ਨ ਤੋਂ ਵਾਂਝੇ ਹੋ ਜਾਣਗੇ। ਉਨ੍ਹਾਂ ਨੇ ਭਾਜਪਾ ਨੂੰ ਲੋਕਾਂ ਦੇ ਹਿਤੈਸ਼ੀ ਨਹੀਂ ਸਗੋਂ ਚੋਰ ਕਹਿੰਦਿਆਂ ਕਿਹਾ ਕਿ ਇੱਕ ਪਾਸੇ ਉਹ ਵਿਸ਼ਵ ਗੁਰੂ ਬਣਾਉਣ ਦੇ ਦਾਅਵੇ ਕਰਦੇ ਹਨ ਅਤੇ ਦੂਜੇ ਪਾਸੇ ਰਾਸ਼ਨ ਚੋਰੀ ਵਿੱਚ ਲੱਗੇ ਹੋਏ ਹਨ।

ਮਾਨ ਨੇ ਰਾਹੁਲ ਗਾਂਧੀ ਵੱਲੋਂ ਭਾਜਪਾ ‘ਤੇ ਲਾਏ ਇਲਜ਼ਾਮਾਂ ਨੂੰ ਯਾਦ ਕਰਵਾਇਆ ਕਿ ਪਹਿਲਾਂ ਵੋਟ ਚੋਰੀ ਦਾ ਇਲਜ਼ਾਮ ਲੱਗਾ ਸੀ ਅਤੇ ਹੁਣ ਰਾਸ਼ਨ ਚੋਰੀ ਦਾ ਵੀ ਇਲਜ਼ਾਮ ਲੱਗ ਜਾਵੇਗਾ। ਉਨ੍ਹਾਂ ਨੇ ਕੇਂਦਰ ਸਰਕਾਰ ਦੇ ਮਾਪਦੰਡਾਂ ‘ਤੇ ਸਵਾਲ ਚੁੱਕੇ ਕਿ ਜੇਕਰ ਕਿਸੇ ਵਿਅਕਤੀ ਕੋਲ ਚਾਰ ਪਹੀਆ ਵਾਹਨ ਜਾਂ ਢਾਈ ਏਕੜ ਜ਼ਮੀਨ ਹੈ ਤਾਂ ਉਸਦਾ ਰਾਸ਼ਨ ਕਾਰਡ ਰੱਦ ਕਰ ਦਿੱਤਾ ਜਾਵੇਗਾ।

ਮਾਨ ਨੇ ਪੁੱਛਿਆ ਕਿ ਜੇਕਰ ਇੱਕ ਪਰਿਵਾਰ ਵਿੱਚੋਂ ਇੱਕ ਵਿਅਕਤੀ ਨੂੰ ਸਰਕਾਰੀ ਨੌਕਰੀ ਲੱਗ ਜਾਂਦੀ ਹੈ ਅਤੇ ਉਹ ਸ਼ਹਿਰ ਵਿੱਚ ਰਹਿਣ ਲੱਗ ਜਾਂਦਾ ਹੈ ਤਾਂ ਕੀ ਬਾਕੀ ਪਰਿਵਾਰ ਨੂੰ ਭੁੱਖਾ ਮਾਰਨਾ ਜਾਇਜ਼ ਹੈ? ਉਨ੍ਹਾਂ ਨੇ ਇਸ ਨੀਤੀ ਨੂੰ ਅਨਿਆਂ ਵਾਲੀ ਦੱਸਿਆ ਅਤੇ ਕਿਹਾ ਕਿ ਇਹ ਗਰੀਬਾਂ ਨੂੰ ਹੋਰ ਮੁਸੀਬਤ ਵਿੱਚ ਪਾਉਂਦੀ ਹੈ।