Punjab

ਸੀਐਮ ਮਾਨ ਦਾ ਵੱਡਾ ਐਲਾਨ , Google ਕਰੇਗਾ ਪੰਜਾਬ ਪੁਲਿਸ ਨੂੰ ਅਪਡੇਟ

CM Mann's big announcement, Google will update Punjab Police

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਿਊਂਸਪਲ ਭਵਨ ਚੰਡੀਗੜ੍ਹ ਵਿਖੇ ਪੰਜਾਬ ਪੁਲਿਸ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਸਿਵੀਲੀਅਨ ਸਪੋਰਟ ਸਟਾਫ ਦੇ ਨਵੇਂ ਨਿਯੁਕਤ 144 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਆਪਣੇ ਭਾਸ਼ਣ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ 144 ਪਰਿਵਾਰਾਂ ਦਾ ਸੁਪਨਾ ਪੂਰਾ ਹੋਇਆ ਹੈ ਤੇ ਯੋਗ ਤੇ ਕਾਬਿਲ ਲੋਕਾਂ ਨੂੰ ਨੌਕਰੀ ਮਿਲੀ ਹੈ।

ਸੀਐੱਮ ਮਾਨ ਨੇ ਕਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਕਿ ਪੁਲਿਸ ‘ਚ ਸਿਵਲ ਭਰਤੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਮਾਨ ਨੇ ਇਸ ਮੌਕੇ ਪੰਜਾਬ ਪੁਲਿਸ ਲਈ ਵੀ ਵੱਡੇ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦਾ ਅਪਡੇਟ ਰਹਿਣਾ ਅੱਜ ਦੇ ਜ਼ਮਾਨੇ ਦੀ ਮੰਗ ਹੈ, ਕਿਉਂਕਿ ਜੇਕਰ ਇਹ ਅਪਡੇਟ ਨਹੀਂ ਹੋਵੇਗੀ ਤਾਂ ਸ਼ਰਾਰਤੀ ਅਨਸਰਾਂ ਨਾਲ ਮੁਕਾਬਲਾ ਕਿਵੇਂ ਕਰੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਜੇਕਰ ਜਾਂਚ ਦੇ ਤਰੀਕੇ ਪੁਰਾਣੇ ਰਹੇ ਤਾਂ ਅਸੀਂ ਕਾਫੀ ਪਿੱਛੜ ਜਾਵਾਂਗੇ। ਪੰਜਾਬ ਪੁਲਿਸ ਦੇਸ਼ ਦੇ ਨੰਬਰ ਵਨ ਪੁਲਿਸ ਦੇ ਸਥਾਨ ‘ਤੇ ਆਉਂਦੀ ਹੈ। ਇਹ ਤਾਂ ਹੀ ਸੰਭਵ ਹੋ ਸਕੇਗਾ, ਜੇਕਰ ਪੁਲਿਸ ਨੂੰ ਪੂਰੀ ਸੂਚਨਾ, ਸਹੀ ਦਿਸ਼ਾ-ਨਿਰਦੇਸ਼ ਅਤੇ ਨਵੀਂ ਤਕਨਾਲੋਜੀ ਮਿਲੇ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਪੁਲਿਸ ਨੂੰ ਅਪਡੇਟ ਤੇ ਡਿਜ਼ੀਟਲ ਕਰੇਗੀ। ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਪਿਛਲੇ ਦਿਨਾਂ ਵਿੱਚ ਵ਼ੱਡੇ ਆਪ੍ਰੇਸ਼ਨ ਕੀਤੇ ਹਨ ਜਿਨ੍ਹਾਂ ਵਿੱਚ ਕਾਮਯਾਬੀ ਵੀ ਹਾਸਲ ਹੋਈ ਹੈ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਬਹੁਤ ਸਾਰੇ ਆਪ੍ਰੇਸ਼ਨ ਕਾਮਯਾਬ ਤਰੀਕੇ ਨਾਲ ਕੀਤੇ ਹਨ। ਅਸੀਂ ਇਹੀ ਚਾਹੁੰਦੇ ਹਾਂ ਕਿ ਜੋ ਲੋਕ ਸਮਾਜ ‘ਚ ਕੋਈ ਵਿਗਾੜ ਪਾਉਣਾ ਚਾਹੁੰਦੇ ਹਨ ਜਾਂ ਅਸਥਿਰਤਾ ਫੈਲਾਉਣਾ ਚਾਹੁੰਦੇ ਹਨ, ਸਿਰਫ ਉਨ੍ਹਾਂ ਨੂੰ ਹੀ ਪੁਲਿਸ ਗ੍ਰਿਫ਼ਤਾਰ ਕਰੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਫਾਰੈਂਸਿਕ ਲੈਬ ‘ਚ ਬਹੁਤ ਸਾਰੀਆਂ ਨਵੀਆਂ ਤਕਨੀਕਾਂ ਆ ਗਈਆਂ ਹਨ, ਜਿਸ ਨਾਲ ਮੁਲਜ਼ਮਾਂ ਨੂੰ ਫੜ੍ਹਿਆ ਜਾ ਸਕਦਾ ਹੈ। ਜੇਕਰ ਫਾਰੇਂਸਿਕ ਅਫ਼ਸਰ ਅਪਡੇਟਿਡ ਹੋਣਗੇ ਤਾਂ ਇਸ ਨਾਲ ਪੰਜਾਬ ਪੁਲਿਸ ਨੂੰ ਵੀ ਸਹਿਯੋਗ ਮਿਲ ਸਕੇਗਾ ਅਤੇ ਪੰਜਾਬ ਪੁਲਿਸ ਦੇ ਕੰਮ ‘ਚ ਹੋਰ ਵੀ ਨਿਖ਼ਾਰ ਆਵੇਗਾ।

ਇਸ ਦੇ ਨਾਲ ਹੀ ਪੰਜਾਬ ਪੁਲਿਸ ਨੂੰ ਨਵੀਂ ਤਕਨੀਕ ਦੀਆਂ ਗੱਡੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤਰ੍ਹਾਂ ਪੰਜਾਬ ਪੁਲਿਸ ਦੇਸ਼ ਦੀ ਸਭ ਤੋਂ ਅਪਡੇਟਿਡ ਅਤੇ ਡਿਜੀਟਲ ਪੁਲਿਸ ਬਣ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਇਸ ਦੇ ਵੇਰਵੇ 10 ਦਿਨਾਂ ਦੇ ਅੰਦਰ ਦੇ ਦੇਵਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਸੰਸਦ ਮੈਂਬਰ ਹੁੰਦਿਆਂ ਉਨ੍ਹਾਂ ਨੇ ਪੂਰੇ ਜ਼ਿਲ੍ਹੇ ‘ਚ ਲੈਟੇਸਟ ਕੈਮਰੇ ਲਾਏ ਸਨ, ਜਿਨ੍ਹਾਂ ਦੀ ਮਾਨੀਟਰਿੰਗ ਪੁਲਿਸ ਥਾਣਿਆਂ ‘ਚ ਹੁੰਦੀ ਹੈ ਅਤੇ ਪੁਲਿਸ ਨੂੰ ਕਾਫੀ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਥਾਣਿਆਂ ਨੂੰ ਵੀ ਮਾਡਰਨ ਬਣਾਇਆ ਜਾਵੇਗਾ ਅਤੇ ਸੰਗਰੂਰ ‘ਚ ਲੇਡੀਜ਼ ਥਾਣਾ ਵੀ ਬਣਾਇਆ ਗਿਆ ਹੈ, ਜਦੋਂ ਕਿ ਪੂਰੇ ਪੰਜਾਬ ‘ਚ ਕੁੱਲ 8 ਮਹਿਲਾ ਥਾਣੇ ਹਨ, ਜਿਨ੍ਹਾਂ ‘ਚ ਔਰਤਾਂ ਆਪਣੀ ਸ਼ਿਕਾਇਤ ਕਰ ਸਕਦੀਆਂ ਹਨ।

ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਪੰਜਾਬ ਪੁਲਿਸ ਵੱਲੋਂ ਬਿਨਾਂ ਕਿਸੇ ਖ਼ੂਨ ਖ਼ਰਾਬੇ ਦੇ ਵੱਡੇ ਆਪਰੇਸ਼ਨ ਕੀਤੇ ਗਏ ਹਨ ਅਤੇ ਇਸ ਦੇ ਪਿੱਛੇ ਇਕ ਵੱਡੀ ਟੀਮ ਸੀ, ਇਸ ਲਈ ਸਭ ਨੂੰ ਟੀਮ ਦੇ ਨਾਲ ਹੀ ਕੰਮ ਕਰਨਾ ਪਵੇਗਾ ਕਿਉਂਕਿ ਹਮੇਸ਼ਾ ਟੀਮ ਹੀ ਜਿੱਤਦੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਮੋਹਰੀ ਸੂਬਾ ਹੈ ਅਤੇ ਜੇਕਰ ਪੰਜਾਬ ਦਾ ਨੌਜਵਾਨ ਖੁਸ਼ ਹੋ ਤਾਂ ਪੂਰਾ ਦੇਸ਼ ਖੁਸ਼ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਸਾਡੀ ਸਰਕਾਰ ਵੱਲੋਂ 29273 ਨਿਯੁਕਤੀ ਪੱਤਰ ਵੰਡੇ ਜਾ ਚੁੱਕੇ ਹਨ।

ਮੁੱਖ ਮੰਤਰੀ ਮਾਨ ਨੇ ਪੰਜਾਬ ਪੁਲਿਸ ਲਈ ਵੱਡੇ ਐਲਾਨ ਕਰਦਿਆਂ ਕਿਹਾ ਕਿ ਅਕਸਰ ਅਸੀਂ ਪੰਜਾਬ ਪੁਲਿਸ ‘ਤੇ ਸਵਾਲ ਤਾਂ ਬਹੁਤ ਚੁੱਕਦੇ ਹਨ ਪਰ ਜੇਕਰ ਪੁਲਿਸ ਕੋਲ ਨਵੀਂ ਤਕਨੀਕ ਹੀ ਨਹੀਂ ਹੋਵੇਗੀ ਤਾਂ ਉਹ ਮੁਲਜ਼ਮਾਂ ਨੂੰ ਕਿਵੇਂ ਫੜ੍ਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਬੀਤੇ ਦਿਨੀਂ ਉਨ੍ਹਾਂ ਨੇ ਗੂਗਲ ਦੇ ਮੁਖੀ ਨਾਲ ਗੱਲ ਕੀਤੀ ਸੀ ਅਤੇ ਹੁਣ ਅਸੀਂ ਜਲਦੀ ਹੀ ਗੂਗਲ ਦੇ ਮੁਖੀ ਨੂੰ ਬੁਲਾ ਰਹੇ ਹਾਂ ਅਤੇ ਪੰਜਾਬ ਪੁਲਸ ਨੂੰ ਪੂਰੀ ਤਰ੍ਹਾਂ ਨਾਲ ਮਾਡਰਨ ਕਰ ਦੇਵਾਂਗੇ।