ਪਟਿਆਲਾ : ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਮਿਡਲ ਕਲਾਸ ਦੇ ਨਤੀਜਿਆਂ ਦੌਰਾਨ ਅੱਠਵੀਂ ਜਮਾਤ ‘ਚ ਪੰਜਾਬ ਭਰ ਚ ਪਹਿਲੇ ਤਿੰਨ ਥਾਵਾਂ ‘ਤੇ ਆਈਆਂ ਬੱਚੀਆਂ ਨੂੰ ਪੰਜਾਬ ਸਰਕਾਰ 51 ਹਜ਼ਾਰ ਰੁਪਏ ਦੇ ਕੇ ਸਨਮਾਨਤ ਕਰੇਗੀ।ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਇਹ ਜਾਣਕਾਰੀ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਥਾਪਨਾ ਦਿਵਸ ਮੌਕੇ ਹੋਏ ਸਮਾਗਮ ਵਿੱਚ ਆਪਣੇ ਸੰਬੋਧਨ ਦੌਰਾਨ ਆਖੀ ਹੈ।
ਉਹਨਾਂ ਇਹ ਵੀ ਕਿਹਾ ਹੈ ਕਿ ਕਿਉਂਕਿ ਪਹਿਲੇ-ਦੂਜੇ ਨੰਬਰ ਤੇ ਆਉਣ ਵਾਲੀਆਂ ਦੋਨੋਂ ਬੱਚੀਆਂ ਦੇ ਨੰਬਰ ਇਕੋ ਜਿਹੇ ਹਨ,ਇਸ ਲਈ ਇਹਨਾਂ ਦੋਨਾਂ ਨੂੰ ਹੀ ਪਹਿਲਾ ਥਾਂ ਹਾਸਲ ਹੋਇਆ ਹੈ। ਇਹਨਾਂ ਨੂੰ ਪੜਾਉਣ ਵਾਲੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਲਈ ਅੱਜ ਇਹਨਾਂ ਸਾਰਿਆਂ ਨੂੰ ਚੰਡੀਗੜ੍ਹ ਸੱਦਿਆ ਗਿਆ ਹੈ।
ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਨੇ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗੁਰੂ ਤੇਗ ਬਹਾਦਰ ਹਾਲ ਤੇ ਹੋਰ ਵੀ ਕਈ ਆਡੀਟੋਰੀਅਮ ਅਪਡੇਟ ਕੀਤੇ ਜਾਣਗੇ ਤਾਂ ਜੋ ਜੀ-20 ਵਰਗੇ ਵੱਡੇ ਤੇ ਅੰਤਰਰਾਸ਼ਟਰੀ ਸਮਾਗਮਾਂ ਲਈ ਇਹਨਾਂ ਨੂੰ ਤਿਆਰ ਕੀਤਾ ਜਾ ਸਕੇ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਥਾਪਨਾ ਦਿਵਸ ਤੇ ਮੁੱਖ ਮੰਤਰੀ ਮਾਨ ਨੇ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਮਾਲਵੇ ਦੇ ਅਦਾਰੇ ਨੇ ਉਘੀਆਂ ਸ਼ਖਸੀਅਤਾਂ ਪੈਦਾ ਕੀਤੀਆਂ ਹਨ।ਉਹਨਾਂ ਵਿਦਿਆਰਥੀਆਂ ਨੂੰ ਮਿਹਨਤ ਕਰਨ ਦੀ ਅਪੀਲ ਵੀ ਕੀਤੀ ਤੇ ਕਿਹਾ ਕਿ ਪੰਜਾਬੀ ਵਿਦਵਾਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸਿਖਣ ਨੂੰ ਬਹੁਤ ਕੁੱਝ ਮਿਲ ਸਕਦਾ ਹੈ।ਸਾਡਾ ਇਤਿਹਾਸ ਸ਼ਹੀਦਾਂ ਨਾਲ ਜੁੜਿਆ ਹੋਇਆ ਹੈ,ਉਹਨਾਂ ਤੋਂ ਵੀ ਬਹੁਤ ਕੁੱਝ ਸਿੱਖਿਆ ਜਾ ਸਕਦਾ ਹੈ ।
ਆਪਣੇ ਕਾਲਜ ਸਮੇਂ ਦੀਆਂ ਯਾਦਾਂ ਸਾਂਝੀਆਂ ਕਰਦਿਆਰਂ ਮਾਨ ਨੇ ਵਿਦਿਆਰਥੀਆਂ ਨੂੰ ਉੱਡਨ ਲਈ ਖੁੱਲਾ ਆਸਮਾਨ ਦਿੱਤੇ ਜਾਣ ਦੀ ਗੱਲ ਵੀ ਕੀਤੀ ਤੇ ਕਿਹਾ ਕਿ ਨੌਜਵਾਨਾਂ ਨੂੰ ਮੌਕਾ ਦੇਣ ਦਾ ਲੋੜ ਹੈ ,ਪੰਜਾਬ ਵਿੱਚ ਪ੍ਰਤਿਭਾ ਦੀ ਕਮੀ ਨਹੀਂ ਹੈ। ਸੋ ਕੁੱਝ ਨਾ ਕੁੱਝ ਅਲੱਗ ਕੀਤਾ ਜਾਣਾ ਚਾਹੀਦਾ ਹੈ। ਆਪਸ ਵਿੱਚ ਲੜਨ ਦੀ ਬਜਾਏਪੜਨਾ ਸ਼ੁਰੂ ਕਰੀਏ,ਬਜ਼ੁਰਗਾਂ ਦੇ ਤਜ਼ਰਬੇ ਤੋਂ ਸਿੱਖੀਏ।
ਮਾਨ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਆਪ ਸਰਕਾਰ ਨੇ ਆਪਣੇ ਪਹਿਲੇ ਸੰਪੂਰਨ ਬਜਟ ਵਿੱਚ ਸਿੱਖਿਆ ਲਈ ਹਿੱਸਾ ਰੱਖਿਆ ਹੈ।ਹੁਣ ਵਿਦਿਆਰਥੀਆਂ ਨੂੰ ਹਰ ਖੇਤਰ ਚ ਵਧੀਆ ਨਤੀਜੇ ਲਿਆਉਣ ਲਈ ਯਤਨ ਕਰਨੇ ਚਾਹੀਦੇ ਹਨ।
ਸਕੂਲ ਆਫ ਐਮੀਨੈਂਸ ਦੀ ਗੱਲ ਕਰਦੇ ਹੋਏ ਮਾਨ ਨੇ ਕਿਹਾ ਕਿ ਕਰੀਅਰ ਕਾਉਂਸਲਿੰਗ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤਾਂ ਜੋ ਬੱਚੇ ਜਿੰਦਗੀ ਵਿੱਚ ਜਿਸ ਪਾਸੇ ਜਾਣਾ ਚਾਹੁੰਦੇ ਹਨ,ਜਾ ਸਕਣ।ਜਿੰਦਗੀ ਵਿੱਚ ਜੋ ਕੰਮ ਆਉਂਦਾ ਹੈ ਉਹ ਬੱਚਿਆਂ ਨੂੰ ਪੜਾਇਆ ਜਾਣਾ ਚਾਹੀਦਾ ਹੈ ਤੇ ਅੰਤਰਰਾਸ਼ਟਰੀ ਪੱਧਰ ‘ਤੇ ਖੜਨ ਲਈ ਬੱਚਿਆਂ ਨੂੰ ਤਿਆਰ ਕਰਨਾ ਹੁਣ ਸਮੇਂ ਦੀ ਲੋੜ ਹੈ।