Punjab

CM ਮਾਨ ਦਾ ਪਟਵਾਰੀਆਂ ਲਈ ਵੱਡਾ ਐਲਾਨ…

CM Mann's big announcement for Patwaris

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਟੈਸਟ ਪਾਸ ਕਰਨ ਵਾਲੇ 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਹਨ। ਮਾਨ ਨੇ ਨਿਯੁਕਤੀ ਪੱਤਰ ਲੈਣ ਵਾਲਿਆਂ ਨੂੰ ਇੱਕ ਅਪੀਲ ਕੀਤੀ ਹੈ ਕਿ ਬਿਨਾਂ ਰਿਸ਼ਵਤ ਤੋਂ ਨਿਯੁਕਤੀਆਂ ਹੋਈਆਂ ਹਨ ਤੇ ਉਹ ਵੀ ਇਸ ਤੋਂ ਗੁਰੇਜ਼ ਕਰਨ ਕਿਉਂਕਿ ਰਿਸ਼ਵਤ ਲੈਣਾ ਇੱਕ ਮਾਨਸਿਕ ਬੀਮਾਰੀ ਹੈ। ਮਾਨ ਨੇ ਮਜ਼ਾਕੀਆ ਅੰਦਾਜ਼ ਵਿੱਚ ਨਵੇਂ ਪਟਵਾਰੀਆਂ ਨੂੰ ਕਿਹਾ ਕਿ ਕਾਗਜ਼ੀ ਕਾਰਵਾਈਆਂ ਸਰਕਾਰ ਖੁਦ ਕਰੇਗੀ ਪਰ ਇੱਕ ਸ਼ਰਤ ਹੈ ਕਿ ਕਲਮ ਛੱਡੋ ਵਾਲਾ ਪੰਗਾ ਨਹੀਂ ਪੈਣਾ ਚਾਹੀਦਾ। ਮਾਨ ਨੇ ਕਿਹਾ ਕਿ ਤੁਸੀਂ ਕਲਮ ਦੀ ਵਰਤੋਂ ਜਿੰਨੀ ਵੱਧ ਕਰੋਗੇ, ਭੱਤੇ ਓਹਨੇ ਹੀ ਵਧਣਗੇ।

ਮਾਨ ਨੇ ਪਟਵਾਰੀਆਂ ਦਾ ਟ੍ਰੇਨਿੰਗ ਭੱਤਾ ਵਧਾਉਣ ਦਾ ਐਲਾਨ ਕੀਤਾ ਹੈ। ਮਾਨ ਨੇ ਕਿਹਾ ਕਿ ਪਹਿਲਾਂ ਟ੍ਰੇਨਿੰਗ ਦੌਰਾਨ ਪਟਵਾਰੀਆਂ ਨੂੰ 5 ਹਜ਼ਾਰ ਰੁਪਏ ਟ੍ਰੇਨਿੰਗ ਭੱਤਾ ਦਿੱਤਾ ਜਾਂਦਾ ਸੀ, ਜਿਸਨੂੰ ਹੁਣ ਵਧਾ ਕੇ 18 ਹਜ਼ਾਰ ਕਰ ਦਿੱਤਾ ਗਿਆ ਹੈ।

ਮਾਨ ਨੇ ਦੱਸੇ ਰਿਸ਼ਵਤ ਦੇ ਪੰਜ ਨਾਮ

ਮਾਨ ਨੇ ਕਿਹਾ ਕਿ ਰਿਸ਼ਵਤ ਦੇ ਕਈ ਨਾਂ ਹਨ ਜਿਵੇਂ ਚਾਹ-ਪਾਣੀ, ਸਾਡੇ ਬਾਰੇ ਵੀ ਸੋਚ ਲਿਆ ਕਰੋ, ਸੇਵਾ-ਪਾਣੀ, ਸਕੂਲਾਂ ਵਿੱਚ ਕਰੱਪਸ਼ਨ ਨੂੰ ਡੋਨੇਸ਼ਨ ਕਹਿੰਦੇ ਹਨ, ਕਾਰ ਖਰੀਦਣ ਵੇਲੇ ਕਰੱਪਸ਼ਨ ਦਾ ਨਾਂ ਪ੍ਰੀਮੀਅਮ ਹੈ। ਮਾਨ ਨੇ ਕਿਹਾ ਕਿ ਰਿਸ਼ਵਤ ਹਮੇਸ਼ਾ ਉੱਪਰ ਤੋਂ ਹੇਠਾਂ ਵੱਲ ਚੱਲਦੀ ਹੈ।

ਮਾਨ ਨੇ ਕੀਤੀਆਂ ਆਪਣੀ ਸਰਕਾਰ ਦੀਆਂ ਸਿਫਤਾਂ

• 12710 ਅਧਿਆਪਕਾਂ ਦੇ ਨਾਮ ਅੱਗਿਓਂ ਕੱਚਾ ਸ਼ਬਦ ਹਟਾਇਆ
• 3 ਗੁਣਾ ਤਨਖਾਹਾਂ ਵਧਾਈਆਂ
• ਪੰਜਾਬ ਵਿੱਚ 12 ਟੋਲ ਪਲਾਜ਼ੇ ਬੰਦ ਕਰਵਾਏ
• ਪੰਜਾਬ ‘ਤੇ ਕੋਈ ਨਵਾਂ ਕਰਜ਼ਾ ਨਹੀਂ ਚੜ੍ਹਨ ਦਿੱਤਾ