ਬਿਉਰੋ ਰਿਪੋਰਟ : ਦਿੱਲੀ ਦੇ ਤਿਹਾੜੇ ਜੇਲ੍ਹ ਪ੍ਰਸ਼ਾਸਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਨਾਲ ਹੀ ਇੱਕ ਸ਼ਰਤ ਵੀ ਰੱਖੀ ਹੈ। ਜੇਲ੍ਹ ਪ੍ਰਸ਼ਾਸਨ ਨੇ ਕਿਹਾ ਹੈ ਕਿ ਸੀਐੱਮ ਮਾਨ ਅਤੇ ਕੇਜਰੀਵਾਲ ਦੇ ਵਿਚਾਲੇ ਮੁਲਾਕਾਤੀ ਦਾ ਜੰਗਲਾ ਹੋਵੇਗਾ,ਜਿਸ ਦੇ ਜ਼ਰੀਏ ਉਹ ਇੱਕ ਦੂਜੇ ਨਾਲ ਮਿਲ ਸਕਦੇ ਹਨ । ਕੇਜਰੀਵਾਲ ਜੰਗਲੇ ਦੇ ਇੱਕ ਪਾਸੇ ਹੋਣਗੇ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਜੰਗਲੇ ਦੇ ਦੂਜੇ ਪਾਸੇ ਬੈਠਣਗੇ ਜਿਸ ਤਰ੍ਹਾਂ ਹੋਰ ਕੈਦੀਆਂ ਦੇ ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ । ਜੇਲ੍ਹ ਪ੍ਰਸ਼ਾਸਨ ਨੇ ਸਾਫ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਮਾਨ ਨੂੰ ਕਿਸੇ ਵੱਖ ਤੋਂ ਕਮਰੇ ਵਿੱਚ ਕੇਜਰੀਵਾਲ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ ।
ਪੰਜਾਬ ਦੇ ਮੁੱਖ ਮੰਤਰੀ ਦਫਤਰ ਤੋਂ ਤਿਹਾੜ ਦੇ ਡਾਇਰੈਕਟਰ ਜਨਰਲ ਨੂੰ ਚਿੱਠੀ ਲਿਖ ਕੇ ਕੇਜਰੀਵਾਲ ਨਾਲ ਮਿਲਣ ਦੀ ਇਜਾਜ਼ਤ ਮੰਗੀ ਗਈ ਸੀ ਜਿਸ ਦੇ ਜਵਾਬ ਵਿੱਚ ਡੀਜੀ ਸੰਜੇ ਬੇਨੀਵਾਲ ਨੇ ਜੰਗਲੇ ਵਾਲੀ ਸ਼ਰਤ ਰੱਖ ਦੇ ਹੋਏ ਇਜਾਜ਼ਤ ਦਿੱਤੀ ਹੈ । ਇਸ ਦੇ ਇਲਾਵਾ ਜੇਲ੍ਹ ਦੇ ਅੰਦਰ ਮੁੱਖ ਮੰਤਰੀ ਦੀ ਹੈਸੀਅਤ ਦੇ ਤੌਰ ‘ਤੇ ਉਨ੍ਹਾਂ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇਗੀ ।
ਕਥਿੱਤ ਸ਼ਰਾਬ ਘੁਟਾਲੇ ਵਿੱਚ ਅਦਾਲਤ ਨੇ ਜਦੋਂ 15 ਅਪ੍ਰੈਲ ਤੱਕ ਕੇਜਰੀਵਾਲ ਨੂੰ ਤਿਹਾੜ ਜੇਲ੍ਹ ਭੇਜਿਆ ਸੀ ਤਾਂ ਦਿੱਲੀ ਦੇ ਮੁੱਖ ਮੰਤਰੀ ਨੇ ਮਿਲਣ ਦੇ ਲਈ 5 ਨਾਂ ਦਿੱਤੇ ਸਨ। ਜਿਸ ਵਿੱਚ ਉਨ੍ਹਾਂ ਦੀ ਪਤਨੀ,2 ਬੱਚੇ,ਨਿੱਜੀ ਸਕੱਤਰ ਬਿਬਵ ਕੁਮਾਰ ਅਤੇ ਪੰਜਾਬ ਤੋਂ ਰਾਜਸਭਾ ਐੱਮਪੀ ਸੰਦੀਪ ਪਾਠਕ ਦਾ ਨਾਂ ਸੀ ।