‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮੁਹਾਲੀ ਦੇ ਫੇਜ਼-5 ਸਥਿਤ ਸੁਵਿਧਾ ਕੇਂਦਰ ਦੀ ਇਮਾਰਤ ਵਿੱਚ ਬਣਾਏ ਗਏ ਆਮ ਆਦਮੀ ਕਲੀਨਿਕ ਦਾ ਦੌਰਾ ਕਰਕੇ ਅਗਾਊਂ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਜਾਇਜ਼ਾ ਲੈਣ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਵੱਡੀ ਪ੍ਰਾਪਤੀ ਹੈ ਕਿ ਦਿੱਲੀ ਵਿਚ ਮੁਹੱਲਾ ਕਲੀਨਿਕ ਵੇਖਣ ਲਈ ਵੱਖ-ਵੱਖ ਦੇਸ਼ਾਂ ਦੇ ਰਾਜਦੂਤ ਆ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਿਸ ਤਰ੍ਹਾਂ ਇਹ ਕ੍ਰਾਂਤੀ ਲਿਆਂਦੀ ਹੈ, ਅਮਰੀਕਾ ਵੀ ਸੋਚ ਰਿਹਾ ਹੈ ਕਿ ਸਾਨੂੰ ਮੁਹੱਲਾ ਕਲੀਨਿਕਾਂ ਦਾ ਮਾਡਲ ਦਿਓ, ਅਸੀਂ ਵੀ ਇਲਾਜ ਦਾ ਪ੍ਰਬੰਧ ਨੇੜੇ ਕਰ ਸਕੀਏ।

ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਸੂਬੇ ਅੰਦਰ 75 ਏਸੀ ਕਲੀਨਿਕ ਖੋਲ੍ਹੇ ਜਾਣਗੇ, ਜਿੱਥੇ ਇੱਕ ਐੱਮਬੀਬੀਐੱਸ ਡਾਕਟਰ, ਫਰਮਾਸਿਸਟ, ਨਰਸ, ਚਪੜਾਸੀ ਅਤੇ ਸਫ਼ਾਈ ਸੇਵਕ ਨੂੰ ਤਾਇਨਾਤ ਕੀਤਾ ਜਾਵੇਗਾ। ਇਨ੍ਹਾਂ ਕਲੀਨਿਕਾਂ ਵਿੱਚ ਲਗਭਗ ਸਾਰੀਆਂ ਬਿਮਾਰੀਆਂ ਦਾ ਸਸਤਾ ਇਲਾਜ ਕੀਤਾ ਜਾਵੇਗਾ ਅਤੇ 100 ਤੋਂ ਵੱਧ ਟੈੱਸਟ ਕੀਤੇ ਜਾਣਗੇ ਅਤੇ 41 ਕਿਸਮ ਦੇ ਪੈਕੇਜ ਦੀ ਵਿਵਸਥਾ ਕੀਤੀ ਜਾਵੇਗੀ। ਵੱਡੇ ਪਿੰਡਾਂ ਅਤੇ ਕਸਬਿਆਂ ਵਿੱਚ 2-2 ਕਲੀਨਿਕ ਖੋਲ੍ਹੇ ਜਾਣਗੇ। ਮਰੀਜ਼ ਨੂੰ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲਈ 15 ਕੁਰਸੀਆਂ ਲਗਾਈਆਂ ਜਾਣਗੀਆਂ।


ਉਨ੍ਹਾਂ ਦੱਸਿਆ ਕਿ ਮੁਹੱਲਾ ਕਲੀਨਿਕਾਂ ਲਈ ਹੁਣ ਤੱਕ ਆਪਣੀਆਂ ਸੇਵਾਵਾਂ ਦੇਣ ਲਈ 2 ਹਜ਼ਾਰ 140 ਡਾਕਟਰ ਅਪਲਾਈ ਕਰ ਚੁੱਕੇ ਹਨ, ਜਿਨ੍ਹਾਂ ’ਚੋਂ 1 ਹਜ਼ਾਰ 972 ਪੰਜਾਬ ਦੇ ਹਨ। ਭਗਵੰਤ ਮਾਨ ਨੇ ਦੱਸਿਆ ਕਿ ਐੱਨਆਰਆਈ ਵੀ ਮਦਦ ਲਈ ਅੱਗੇ ਆ ਰਹੇ ਹਨ ਅਤੇ ਇਨ੍ਹਾਂ ਕਲੀਨਿਕਾਂ ਵਿੱਚ 90 ਫੀਸਦੀ ਲੋਕਾਂ ਦਾ ਇਲਾਜ ਕੀਤਾ ਜਾਵੇਗਾ। ਇਸ ਤਰ੍ਹਾਂ ਪੀਜੀਆਈ ਸਮੇਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲਾਂ ਦੀ ਓਪੀਡੀ ਵਿੱਚ ਮਰੀਜ਼ਾਂ ਦਾ ਬੋਝ ਘਟੇਗਾ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਮਹਿੰਗੇ ਇਲਾਜ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।