India Punjab Religion

ਸਿੱਖ ਸ਼ਰਧਾਲੂਆਂ ’ਤੇ ਲਾਈ ਪਾਬੰਦੀ ’ਤੇ ਬੋਲੇ CM ਮਾਨ, “ਸਿੱਖ ਸ਼ਰਧਾਲੂਆਂ ਨੂੰ ਪਾਕਿ ਜਾਣ ਤੋਂ ਕਿਉਂ ਰੋਕਿਆ ਗਿਆ?”

ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖ ਸ਼ਰਧਾਲੂਆਂ ਨੂੰ ਗੁਰਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਜਾਣ ਤੋਂ ਰੋਕੇ ਜਾਣ ਦੇ ਮੁੱਦੇ ‘ਤੇ ਕੇਂਦਰ ਸਰਕਾਰ ‘ਤੇ ਸਖ਼ਤ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਸਵਾਲ ਉਠਾਇਆ ਕਿ ਕੇਂਦਰ ਸਰਕਾਰ ਦੀ ਨੀਤੀ ਪਾਕਿਸਤਾਨ ਦੇ ਖ਼ਿਲਾਫ਼ ਹੈ ਜਾਂ ਆਮ ਲੋਕਾਂ ਦੇ ਖ਼ਿਲਾਫ਼।

ਮਾਨ ਨੇ ਕਿਹਾ ਕਿ ਜਦੋਂ ਕੋਈ ਫਿਲਮ ਰੋਕੀ ਜਾਂਦੀ ਹੈ, ਤਾਂ ਨੁਕਸਾਨ ਪ੍ਰੋਡਿਊਸਰ ਦਾ ਹੁੰਦਾ ਹੈ, ਪਰ ਜਦੋਂ ਮੈਚ ਹੁੰਦਾ ਹੈ ਅਤੇ ਉਸ ਦਾ ਪ੍ਰੋਡਿਊਸਰ ਕੋਈ “ਵੱਡੇ ਸਾਹਿਬ ਦਾ ਪੁੱਤਰ” ਹੁੰਦਾ ਹੈ, ਤਾਂ ਉਸ ਨੂੰ ਨੁਕਸਾਨ ਨਹੀਂ ਹੋਣ ਦਿੱਤਾ ਜਾਂਦਾ। ਉਨ੍ਹਾਂ ਨੇ ਇਸ ਗੱਲ ‘ਤੇ ਰੋਸ ਜਤਾਇਆ ਕਿ ਇਕ ਪਾਸੇ ਮੈਚ ਨੂੰ ਇਜਾਜ਼ਤ ਦਿੱਤੀ ਗਈ, ਪਰ ਸ਼ਰਧਾਲੂਆਂ ਨੂੰ ਸ੍ਰੀ ਨਨਕਾਣਾ ਸਾਹਿਬ ਜਾਣ ਤੋਂ ਰੋਕਿਆ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਕੇਂਦਰ ਸਰਕਾਰ ਦੀ ਪੰਜਾਬ ਨਾਲ ਕੀ ਦੁਸ਼ਮਣੀ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਜੇਕਰ ਮੈਚ ਖੇਡਣਾ ਜ਼ਰੂਰੀ ਸੀ, ਤਾਂ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ‘ਤੇ ਮੱਥਾ ਟੇਕਣ ਤੋਂ ਰੋਕਣ ਦੀ ਕੀ ਮਜਬੂਰੀ ਸੀ। ਉਨ੍ਹਾਂ ਨੇ ਕਿਹਾ ਕਿ ਕੀ ਸਭ ਕੁਝ ਕੇਂਦਰ ਦੀ ਮਰਜ਼ੀ ਨਾਲ ਹੀ ਚੱਲੇਗਾ? ਮਾਨ ਨੇ ਕੇਂਦਰ ਦੀ ਨੀਤੀਆਂ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜਦੋਂ ਕਿਤੇ ਵੀ ਆਫ਼ਤ ਆਉਂਦੀ ਹੈ, ਤਾਂ ਪੈਸੇ ਤੁਰੰਤ ਪਹੁੰਚ ਜਾਂਦੇ ਹਨ, ਪਰ ਪੰਜਾਬ ‘ਚ ਆਫ਼ਤ ਆਉਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਦਿਨਾਂ ਬਾਅਦ ਆਕੇ ਸਿਰਫ਼ 1600 ਕਰੋੜ ਰੁਪਏ ਦੀ ਸਹਾਇਤਾ ਦਿੱਤੀ।

ਉਨ੍ਹਾਂ ਨੇ ਭਾਜਪਾ ਨੇਤਾਵਾਂ ਰਵਨੀਤ ਬਿੱਟੂ ਅਤੇ ਸੁਨੀਲ ਜਾਖੜ ‘ਤੇ ਵੀ ਨਿਸ਼ਾਨਾ ਸਾਧਿਆ ਅਤੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਸਿੱਖ ਸ਼ਰਧਾਲੂਆਂ ਨੂੰ ਸ੍ਰੀ ਨਨਕਾਣਾ ਸਾਹਿਬ ਜਾਣ ਤੋਂ ਕਿਉਂ ਰੋਕਿਆ ਗਿਆ। ਮਾਨ ਨੇ ਜ਼ੋਰ ਦੇਕੇ ਕਿਹਾ ਕਿ ਇਹ ਮੁੱਦਾ ਸਿਆਸਤ ਜਾਂ ਕਾਰੋਬਾਰ ਦਾ ਨਹੀਂ, ਸਗੋਂ ਸਿੱਖਾਂ ਦੀ ਆਸਥਾ ਦਾ ਹੈ। ਸ੍ਰੀ ਨਨਕਾਣਾ ਸਾਹਿਬ ਅਤੇ ਸ੍ਰੀ ਕਰਤਾਰਪੁਰ ਸਾਹਿਬ ਵਰਗੇ ਧਾਰਮਿਕ ਸਥਾਨ ਸਿੱਖ ਭਾਈਚਾਰੇ ਲਈ ਬਹੁਤ ਮਹੱਤਵਪੂਰਨ ਹਨ, ਪਰ ਸ਼ਰਧਾਲੂਆਂ ਨੂੰ ਉਥੇ ਮੱਥਾ ਟੇਕਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।

ਮੁੱਖ ਮੰਤਰੀ ਨੇ ਭਾਜਪਾ ਦੀਆਂ ਨੀਤੀਆਂ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ਕੋਈ ਫਿਲਮ, ਜਿਸ ‘ਚ ਪਾਕਿਸਤਾਨੀ ਕਲਾਕਾਰ ਸ਼ਾਮਲ ਹੋਵੇ, ਨੂੰ ਰੋਕਿਆ ਜਾਂਦਾ ਹੈ, ਤਾਂ ਉਸ ਨੂੰ ਗੱਦਾਰੀ ਦਾ ਨਾਂ ਦਿੱਤਾ ਜਾਂਦਾ ਹੈ। ਪਰ ਜਦੋਂ ਮੈਚ ਹੁੰਦਾ ਹੈ, ਜਿਸ ਦਾ ਪ੍ਰੋਡਿਊਸਰ ਕੋਈ ਪ੍ਰਭਾਵਸ਼ਾਲੀ ਵਿਅਕਤੀ ਹੁੰਦਾ ਹੈ, ਤਾਂ ਉਸ ਨੂੰ ਇਜਾਜ਼ਤ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਜਪਾ ਦਾ ਮੀਡੀਆ ਸਪਾਂਸਰ ਕਹਿੰਦਾ ਹੈ ਕਿ ਮੈਚ ‘ਚ ਕੋਈ ਸਮੱਸਿਆ ਨਹੀਂ, ਪਰ ਫਿਲਮ ‘ਚ ਸਮੱਸਿਆ ਹੈ। ਮਾਨ ਨੇ ਸਵਾਲ ਕੀਤਾ ਕਿ ਮੈਚ ਤੋਂ ਆਉਣ ਵਾਲਾ ਪੈਸਾ ਕੀ ਅੱਤਵਾਦ ਜਾਂ ਨਸ਼ਿਆਂ ਲਈ ਵਰਤਿਆ ਜਾ ਰਿਹਾ ਹੈ।

ਅੰਤ ਵਿੱਚ, ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਕਿ ਉਹ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਨਾ ਖੇਡਣ ਅਤੇ ਸਿੱਖ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਧਾਰਮਿਕ ਸਥਾਨਾਂ ‘ਤੇ ਜਾਣ ਦੀ ਇਜਾਜ਼ਤ ਦੇਣ।