Punjab

‘ਅਸੀਂ ਆਜ਼ਾਦੀ ਲੈਕੇ ਦਿੱਤੀ,ਸੰਭਾਲੀ ਵੀ,ਸਾਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ,ਝਾਂਕੀ ਕੱਢ ਕੇ ਬੀਜੇਪੀ ਵੱਲੋਂ ਸ਼ਹੀਦਾ ਦਾ ਅਪਮਾਨ’

ਬਿਊਰੋ ਰਿਪੋਰਟ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ 74ਵੇਂ ਗਣਰਾਜ ਦਿਹਾੜੇ ‘ਤੇ ਪੰਜਾਬ ਦੀ ਝਾਂਕੀ ਨੂੰ ਹਟਾਏ ਜਾਣ ਦੇ 2 ਦਿਨ ਬਾਅਦ ਅਫਸੋਸ ਜ਼ਾਹਿਰ ਕਰਦੇ ਹੋਏ ਬੀਜੇਪੀ ‘ਤੇ ਤਿੱਖੇ ਵਾਰ ਕੀਤੇ ਹਨ । ਉਨ੍ਹਾਂ ਕਿਹਾ 90 ਫੀਸਦੀ ਪੰਜਾਬੀਆਂ ਨੇ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲਿਆ । ਅੰਡਮਾਨ-ਨਿਕੋਬਾਰ ਜਿਸ ਨੂੰ ਸਜਾ-ਏ ਕਾਲਾ ਪਾਣੀ ਕਿਹਾ ਜਾਂਦਾ ਹੈ ਉੱਥੇ ਸਭ ਤੋਂ ਵੱਧ ਪੰਜਾਬੀਆਂ ਨੇ ਕੁਰਬਾਨੀ ਦਿੱਤੀ । ਉਨ੍ਹਾਂ ਕਿਹਾ ਅਸੀਂ ਆਜ਼ਾਦੀ ਲੈਕੇ ਨਹੀਂ ਦਿੱਤੀ ਬਲਕਿ ਉਸ ਨੂੰ ਸੰਭਾਲਿਆ ਵੀ ਹੈ । ਤੁਸੀਂ ਅਜ਼ਾਦੀ ਦੇ ਕਿਸੇ ਵੀ ਸਮਾਗਮ ਤੋਂ ਸਾਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਹੋ। ਸੀਐੱਮ ਮਾਨ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਇਸ ਨਾਲ ਕੇਂਦਰ ਸਰਕਾਰ ਅਤੇ ਬੀਜੇਪੀ ਦੀ ਪੰਜਾਬ ਦੇ ਸ਼ਹੀਦਾਂ ਦੇ ਪ੍ਰਤੀ ਮਾਨਸਿਕਤਾਂ ਜ਼ਾਹਿਰ ਹੁੰਦੀ ਹੈ । ਸੀਐੱਮ ਮਾਨ ਨੇ ਕਿਹਾ ਅਜਿਹਾ ਕਰਕੇ ਬੀਜੇਪੀ ਨੇ ਸ਼ਹੀਦਾ ਦਾ ਅਪਮਾਨ ਕੀਤਾ ਹੈ । ਵੀਡੀਓ ਮੈਸੇਜ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਜੇਪੀ ਦੇ ਉਸ ਇਲਜ਼ਾਮ ਦਾ ਵੀ ਜਵਾਬ ਦਿੱਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਸਰਕਾਰ ਨੇ ਜਿਹੜਾ ਵਿਸ਼ਾ ਪੇਸ਼ ਕੀਤਾ ਸੀ ਉਹ ਕਮਜ਼ੋਰ ਸੀ ।

ਪੰਜਾਬ ਸਰਕਾਰ ਨੇ ਪਰੇਡ ਦੇ ਲਈ ਤਿੰਨ ਵਿਸ਼ੇ ਭੇਜੇ ਸਨ

ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਨੇ ਗਣਤੰਤਰ ਦਿਵਸ ਮੌਕੇ ਕੇਂਦਰ ਸਰਕਾਰ ਨੂੰ 3 ਮਹੱਤਵਪੂਰਨ ਵਿਸ਼ਿਆਂ ‘ਤੇ ਝਾਕੀਆਂ ਦੇ ਪ੍ਰਸਤਾਵ ਭੇਜੇ ਸੀ ਇਹ ਬੇਹੱਦ ਸ਼ਰਮਨਾਕ ਤੇ ਨਿੰਦਣਯੋਗ ਗੱਲ ਹੈ ਕਿ ਪੰਜਾਬੀਆਂ ਦੇ ਬਲੀਦਾਨ ਨੂੰ ਖ਼ਾਰਜ ਕਰ ਦਿੱਤਾ ਗਿਆ

ਪਹਿਲਾਂ ਵਿਸ਼ਾ : ‘ਵਤਨ ਦੇ ਰਖਵਾਲੇ’ ਜੋ ਭਾਰਤੀ ਸੈਨਾ ਤੇ ਅੰਨਦਾਤੇ ਦੇ ਤੌਰ ‘ਤੇ ਪੰਜਾਬ ਦੀ ਮਹੱਤਤਾ ਨੂੰ ਦਰਸਾ ਰਹੇ ਸਨ
ਦੂਜਾ ਵਿਸ਼ਾ : ‘ਨਾਰੀ ਸ਼ਕਤੀ’ ਤਹਿਤ ਮਾਈ ਭਾਗੋ ਜੀ ਦੀ ਸੂਰਬੀਰਤਾ ਦਿਖਾਉਂਦੇ
ਤੀਜਾ ਵਿਸ਼ਾ : ਸਾਰਾਗੜ੍ਹੀ ਦੀ ਜੰਗ ਤਹਿਤ ਬਹਾਦਰੀ ਤੇ ਮਹਾਨ ਬਲੀਦਾਨਾਂ ਨਾਲ ਭਰੇ ਕਿੱਸਿਆਂ ਦੇ ਨਾਲ-ਨਾਲ ਆਜ਼ਾਦੀ ਸੰਘਰਸ਼ ਦੇ ਇਤਿਹਾਸ ਦੀਆਂ ਸਤਿਕਾਰਯੋਗ ਘਟਨਾਵਾਂ

ਕੈਪਟਨ ਅਮਰਿੰਦਰ ਨੂੰ ਪੁੱਛਿਆ ਸਵਾਲ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕੇਂਦਰ ਦੀ ਬੀਜੇਪੀ ਸਰਕਾਰ ਨੇ ਪੰਜਾਬ ਦੀ ਝਾਂਕੀ ਹਟਾ ਕੇ ਪੰਜਾਬੀਆਂ ਦੇ ਨਾਲ ਧੋਖਾ ਕੀਤਾ । ਉਨ੍ਹਾਂ ਪੰਜਾਬ ਕਾਂਗਰਸ ਤੋਂ ਬੀਜੇਪੀ ਵਿੱਚ ਗਏ ਆਗੂਆਂ ਨੂੰ ਪੁੱਛਿਆ ਕਿ ਉਹ ਇਸ ਅਣਦੇਖੀ ਦੇ ਬਾਰੇ ਕੀ ਕਹਿਣਗੇ । ਉਨ੍ਹਾਂ ਸਾਬਕਾ ਮੁੱਖ ਮੰਤਰੀ ਅਤੇ ਬੀਜੇਪੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਕਿ ਉਹ ਆਪਣੀ ਲੀਡਰਸ਼ਿੱਪ ਦੇ ਸਾਹਮਣੇ 26 ਜਨਵਰੀ ਦੀ ਪਰੇਡ ਵਿੱਚ ਪੰਜਾਬ ਨੂੰ ਨਜ਼ਰ ਅੰਦਾਜ਼ ਕਰਨ ਦਾ ਮੁੱਦਾ ਚੁਕਣਗੇ । ਉਨ੍ਹਾਂ ਕਿਹਾ ਇਹ ਬੀਜੇਪੀ ਦੀ ਸਭ ਤੋਂ ਵੱਡੀ ਗਲਤੀ ਹੈ ।