ਬਿਊਰੋ ਰਿਪੋਰਟ : ਕੇਂਦਰ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੂੰ ਹੁਣ ‘Z+’ ਸੁਰੱਖਿਆ ਦੇ ਘੇਰੇ ਵਿੱਚ ਰਹਿਣਾ ਹੋਵੇਗਾ, ਪ੍ਰਧਾਨ ਮੰਤਰੀ ਨੂੰ ਮਿਲੀ ‘SPG’ਸੁਰੱਖਿਆ ਤੋਂ ਬਾਅਦ ‘Z+’ ਨੂੰ ਦੇਸ਼ ਦਾ ਦੂਜਾ ਸਭ ਤੋਂ ਮਜ਼ਬੂਤ ਸੁਰੱਖਿਆ ਘੇਰਾ ਮੰਨਿਆ ਜਾਂਦਾ ਹੈ । ਕੇਂਦਰੀ ਖੁਫਿਆ ਏਜੰਸੀਆਂ ਨੇ ਇੱਕ ਰਿਪੋਰਟ ਤਿਆਰ ਕਰਕੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੀ ਸੀ, ਜਿਸ ਵਿੱਚ ਸੀਐੱਮ ਮਾਨ ਦੀ ਸੁਰੱਖਿਆ ਵਧਾ ਕੇ ‘Z+’ ਦੇਣ ਦੀ ਸਿਫਾਰਿਸ਼ ਕੀਤੀ ਗਈ ਸੀ ਜਿਸ ਨੂੰ ਮਨਜ਼ੂਰ ਕਰ ਲਿਆ ਗਿਆ ਹੈ । ਹੁਣ ਮੁੱਖ ਮੰਤਰੀ ਮਾਨ ਦਾ ਆਮ ਲੋਕਾਂ ਨਾਲ ਮਿਲਣਾ ਇਨ੍ਹਾਂ ਅਸਾਨ ਨਹੀਂ ਹੋਵੇਗਾ ।
‘Z+’ ਸੁਰੱਖਿਆ ਨੂੰ ਲੈਕੇ ਨਿਯਮ
ਦੇਸ਼ ਵਿੱਚ ਬਹੁਤ ਹੀ ਘੱਟ ਸਿਆਸਤਦਾਨਾਂ ਨੂੰ ‘Z+’ ਸੁਰੱਖਿਆ ਦਿੱਤੀ ਗਈ ਹੈ, ਪਰ ਪਿਛਲੇ ਦਿਨੀ ਪੰਜਾਬ ਦੇ ਹਾਲਾਤਾਂ ਨੂੰ ਵੇਖ ਦੇ ਹੋਏ ਮੁੱਖ ਮੰਤਰੀ ਮਾਨ ਨੂੰ ਖੁਫਿਆ ਏਜੰਸੀਆਂ ਨੇ ‘Z+’ ਸੁਰੱਖਿਆ ਦੇਣ ਦੀ ਸਿਫਾਰਿਸ਼ ਕੀਤੀ ਸੀ । ਮਾਨ ਨੂੰ ‘Z+’ ਸੁਰੱਖਿਆ ਮਿਲਣ ਤੋਂ ਬਾਅਦ CRPF ਦੇ 36 ਜਵਾਨ ਉਨ੍ਹਾਂ ਦੇ ਨਾਲ ਤਾਇਨਾਤ ਕੀਤੇ ਜਾਣਗੇ ਜਿੰਨਾਂ ਨੂੰ 3 ਸ਼ਿਫਟਾਂ ਵਿੱਚ ਵੰਡਿਆ ਜਾਵੇਗਾ,ਮੁੱਖ ਮੰਤਰੀ ਮਾਨ ਦੇ ਘਰ ਤੋਂ ਲੈਕੇ ਜਿਸ ਥਾਂ ‘ਤੇ ਉਹ ਜਾ ਰਹੇ ਹਨ ਪੂਰੇ ਰਸਤੇ ਸੁਰੱਖਿਆ ਦੀ ਜ਼ਿੰਮੇਵਾਰੀ ਹੁਣ CRPF ਦੇ ਕੋਲ ਹੋਵੇਗੀ। ਸਿਰਫ਼ ਇਨ੍ਹਾਂ ਹੀ ਨਹੀਂ ਜੇਕਰ ਮਾਨ ਕਿਸੇ ਹੋਰ ਸੂਬੇ ਜਾ ਰਹੇ ਤਾਂ ਜਾਣ ਤੋਂ ਪਹਿਲਾਂ CRPF ਦੀ ਟੀਮ ਉਸ ਸੂਬੇ ਵਿੱਚ ਪਹਿਲਾਂ ਪਹੁੰਚ ਕੇ ਸੁਰੱਖਿਆ ਦਾ ਜਾਇਜ਼ਾ ਲਏਗੀ ।
ਹੁਣ ਤੱਕ ਕਿਸ-ਕਿਸ ਕੋਲ ‘Z+’ ਸੁਰੱਖਿਆ
‘Z+’ ਸੁਰੱਖਿਆ ਘੇਰੇ ਵਿੱਚ ਇਸ ਵਕਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ,ਬੀਜੇਪੀ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ,ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ, ਕੇਂਦਰੀ ਖਜ਼ਾਨੀ ਮੰਤਰੀ ਅਤੇ ਹੋਰ ਕੇਂਦਰੀ ਮੰਤਰੀਆਂ ਨੂੰ ਦਿੱਤੀ ਗਈ ਹੈ । ‘Z+’ ਸੁਰੱਖਿਆ ਵਿੱਚ NSG ਦੇ ਕਮਾਂਡੋ ਵੀ ਦਿੱਤਾ ਜਾਂਦੇ ਹਨ, ‘Z+’ ਸੁਰੱਖਿਆ ਦੇ ਘੇਰ ਵਿੱਚ 55 ਤੋਂ ਵੱਧ ਜਵਾਨ ਤਾਇਨਾਤ ਹੁੰਦੇ ਹਨ।
ਸੁਰੱਖਿਆ ਦੇ ਵੱਖ-ਵੱਖ ਘੇਰੇ
ਨੰਬਰ ਇੱਕ ‘ਤੇ ਸੁਰੱਖਿਆ ਘੇਰਾ ‘SPG’ ਹੈ, ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਸੁਰਖਿਆ ਦਿੱਤੀ ਜਾਂਦੀ ਹੈ, ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ SPG ਹੋਂਦ ਵਿੱਚ ਆਈ ਸੀ । ‘Z’ ਸੁਰੱਖਿਆ ਘੇਰੇ ਵਿੱਚ 22 ਜਵਾਨ ਹੁੰਦੇ ਹਨ ਜਿਸ ਵਿੱਚ 4 ਤੋਂ 5 NSG ਕਮਾਂਡੋ ਹੁੰਦੇ ਹਨ। ਇਸ ਤੋਂ ਇਲਾਵਾ ਪੁਲਿਸ ਦੇ ਜਵਾਨ ਵੀ ਸ਼ਾਮਲ ਹੁੰਦੇ ਹਨ,ਇਹ ਦੇਸ਼ ਦਾ ਤੀਜਾ ਸਭ ਤੋਂ ਮਜ਼ਬੂਤ ਸੁਰੱਖਿਆ ਘੇਰਾ ਹੈ। ‘Y’ ਲੈਵਲ ਸੁਰੱਖਿਆ ਘੇਰੇ ਵਿੱਚ 11 ਸੁਰੱਖਿਆ ਮੁਲਾਜ਼ਮ ਦਿੱਤੇ ਜਾਂਦੇ ਹਨ ਜਿਸ ਵਿੱਚ 1 ਤੋਂ 2 NSG ਦੇ ਜਵਾਨ ਸ਼ਾਮਲ ਹੁੰਦੇ ਹਨ । ਇਸ ਤੋਂ ਇਲਾਵਾ ਪੰਜਵਾਂ ਸੁਰੱਖਿਆ ਘੇਰਾ ‘X’ ਹੁੰਦਾ ਹੈ ਜਿਸ ਵਿੱਚ 2 ਸੁਰੱਖਿਆ ਮੁਲਾਜ਼ਮ ਦਿੱਤੇ ਜਾਂਦੇ ਹਨ।