ਚੰਡੀਗੜ੍ਹ : ਅੱਜ ਤੋਂ ਸੂਬੇ ਦੇ ਸਾਰੇ ਸਰਕਾਰੀ ਦਫ਼ਤਰਾਂ ਦੇ ਖੁੱਲ੍ਹਣ ਅਤੇ ਬੰਦ ਹੋਣ ਦਾ ਸਮਾਂ ਬਦਲ ਗਿਆ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਮੁਤਾਬਕ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਦੇ ਨਾਲ-ਨਾਲ ਪੰਜਾਬ ਸਿਵਲ ਸਕੱਤਰੇਤ, ਮਿੰਨੀ ਸਕੱਤਰੇਤ, ਪੁਲਿਸ ਹੈੱਡਕੁਆਰਟਰ ਅਤੇ ਚੰਡੀਗੜ੍ਹ ਸਥਿਤ ਹੋਰ ਸਰਕਾਰੀ ਵਿਭਾਗਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਦਫ਼ਤਰ ਅੱਜ ਸਵੇਰੇ 7:30 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਣਗੇ।
ਇਸ ਸਬੰਧੀ ਪੰਜਾਬ ਸਿਵਲ ਸਕੱਤਰੇਤ-1, ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰ ਅੱਜ ਤੋਂ 7.30 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਤਾਰ ਖੁੱਲਣਗੇ। ਸੀਐੱਮ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਇੱਕ ਨਵੇਕਲੀ ਪਹਿਲ ਕੀਤੀ ਗਈ ਹੈ, ਜਿਸ ਨਾਲ ਬਹੁਤ ਫਾਇਦੇ ਹੋਣਗੇ। ਮਾਨ ਨੇ ਕਿਹਾ ਕਿ ਆਮ ਲੋਕਾਂ ਅਤੇ ਅਫ਼ਸਰਾਂ ਦੀ ਸਹਿਮਤੀ ਨਾਲ ਇਹ ਫੈਸਲਾ ਕੀਤਾ ਗਿਆ ਹੈ।
ਜਲਦੀ ਦਫ਼ਤਰ ਖੁੱਲਣ ਨਾਲ ਹੋਣਗੇ ਇਹ ਫਾਇਦੇ
1. ਮਾਨ ਨੇ ਕਿਹਾ ਕਿ 7.30 ਵਜੇ ਦਫ਼ਤਰ ਖੁੱਲਣ ਦੇ ਨਾਲ ਸਰਕਾਰੀ ਦਫ਼ਤਰਾਂ ‘ਚ ਖੱਜਲ-ਖੁਆਰ ਹੁੰਦੇ ਲੋਕਾਂ ਦੇ ਕੰਮ ਛੇਤੀ ਹੋਣਗੇ, ਜਿਸ ਕਾਰਨ ਉਹ ਆਪਣੇ ਕੰਮਾਂ ‘ਤੇ ਵੀ ਛੇਤੀ ਜਾ ਸਕਣਗੇ।
2. ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਕੂਲਾਂ ਦੇ ਬੱਚਿਆਂ ਦੀ ਟਾਈਮਿੰਗ ਵੀ ਸੈਟ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਬੱਚੇ ਅਤੇ ਮਾਪੇ ਇੱਕੋ ਟਾਈਮ ਕਰੋਂ ਬਾਹਰ ਜਾਣਗੇ। ਮਾਨ ਨੇ ਕਿਹਾ ਕਿ ਇਸ ਫੈਸਲੇ ਨਾਲ ਬੱਚਿਆਂ ਅਤੇ ਮਾਪਿਆਂ ਨੂੰ ਦੁਪਹਿਰ 2 ਵਜੇ ਛੁੱਟੀ ਹੋ ਜਾਵੇਗੀ।
3. ਮਾਨ ਨੇ ਇਸ ਫ਼ੈਸਲੇ ਨਾਲ ਬਿਜਲੀ ਦੀ ਬੱਚਤ ਵੀ ਹੇਵੋਗੀ। ਉਨ੍ਹਾਂ ਨੇ ਕਿਹਾ ਕਿ 7.30 ਵਜੇ ਦਫ਼ਤਰ ਖੁੱਲਣ ਨਾਲ ਲਗਪਗ 350 ਮੈਗਾਵਾਟ ਪ੍ਰਤੀ ਦਿਨ ਸਰਕਾਰੀ ਦਫ਼ਤਰਾਂ ਵਿੱਚੋਂ ਬਿਜਲੀ ਦੀ ਖਪਤ ਘਟੇਗੀ। ਜਿਸ ਨਾਲ ਸਰਕਾਰ ਦਫ਼ਤਰਾਂ ਦੇ 16 ਤੋਂ 17 ਕਰੋੜ ਰੁਪਏ ਮਹੀਨਾ ਬਿਜਲੀ ਦੇ ਬਿੱਲ ਦੀ ਬੱਚਤ ਹੋਵੇਗੀ।
4. ਅੱਤ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ।
ਮਾਨ ਨੇ ਕਿਹਾ ਕਿ ਉਹ ਇੱਕ ਗੱਲ ਸਾਫ਼ ਕਰ ਦੇਣਾ ਚਾਹੁੰਦੇ ਹਨ ਪੰਜਾਬ ਕੋਲ ਬਿਜਲੀ ਦੀ ਕੋਈ ਕਮੀ ਨਹੀਂ ਹੈ ਅਤੇ ਉਹ ਕਿਸੇ ਇੰਡਸਟਰੀ ‘ਤੇ ਕੋਈ ਕੱਟ ਨਹੀਂ ਲਾ ਰਹੇ। ਮਾਨ ਨੇ ਕਿਹਾ ਕਿ ਝੋਨੇ ਲਈ ਕਿਸਾਨਾਂ ਨੂੰ ਪੂਰੀ ਬਿਜਲੀ ਮਿਲੇਗੀ।
ਮਾਨ ਨੇ ਕਿਹਾ ਕਿ ਹ ਆਪਣੇ ਸਟਾਫ਼ ਸਮੇਤ 7.28 ਵਜੇ ਪਹੁੰਚ ਗਏ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਇਸ ਵੇਲੇ ਸੂਬੇ ਭਰ ਵਿੱਚ ਸਰਕਾਰੀ ਮੁਲਾਜ਼ਮ ਆਪਣੀ ਡਿਊਟੀ ਨਿਭਾ ਰਹੇ ਹੋਣਗੇ।
ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਣ ਨਾਲ ਟਰੈਫਿਕ ਵਿੱਚ ਵੀ ਸੁਧਾਰ ਹੋਵੇਗਾ। ਮੁੱਖ ਮੰਤਰੀ ਮਾਨ ਨੇ ਅੱਗੇ ਦੱਸਿਆ ਕਿ ਅੱਜ ਸਾਡੇ ਮੰਤਰੀ ਵੀ ਸਵੇਰੇ ਬਦਲੇ ਸਮੇਂ ਅਨੁਸਾਰ ਦਫ਼ਤਰਾਂ ਵਿੱਚ ਪਹੁੰਚ ਗਏ ਹਨ।
ਪੰਜਾਬ ਦੇ ਵੱਡੇ ਲੀਡਰ ਦੀ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਣ ਦੀਆਂ ਖ਼ਬਰਾਂ ‘ਤੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ, ਸਾਡੇ ਤੱਕ ਕੋਈ ਵੀਡੀਓ ਨਹੀਂ ਪੁੱਜੀ, ਵਿਰੋਧੀਆਂ ਦਾ ਕੰਮ ਹੀ ਬੋਲਣਾ ਹੈ। ਉਨ੍ਹਾਂ ਨੇ ਕਿਹਾ ਕਿ, ਇੱਕ ਦੋ ਹੀ ਨੇ, ਜਿਨ੍ਹਾਂ ਨੂੰ ਬਹੁਤਾ ਬੋਲਣਾ ਆਉਂਦਾ। ਸੀਐੱਮ ਮਾਨ ਨੇ ਕਿਹਾ ਕਿ, ਸੁਖਪਾਲ ਖਹਿਰਾ, ਮਨਜਿੰਦਰ ਸਿਰਸਾ ਤੇ ਬਿਕਰਮ ਮਜੀਠੀਆ ਇਹ ਤਿੰਨੋ ਆਪਸ ਵਿਚ ਮਿਲੇ ਹੋਏ ਹਨ। ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ, ਸਾਡੇ ਕੋਲ ਕਿਸੇ ਮੰਤਰੀ ਦਾ ਕੋਈ ਅਸਤੀਫ਼ਾ ਨਹੀਂ ਪੁੱਜਾ।