ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਵਿਆਪੀ ਲਾਕਡਾਊਨ ਲਾਉਣ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਕੱਲ੍ਹ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ, ਜਿਸ ਵਿੱਚ ਪ੍ਰਧਾਨ ਮੰਤਰੀ ਨੇ ਵੀ ਲਾਕਡਾਊਨ ਦੀ ਖਬਰਾਂ ਨੂੰ ਸਾਫ਼ ਤੌਰ ਤੇ ਰੱਦ ਕਰ ਦਿੱਤਾ ਸੀ।
ਇਸੇ ਦੌਰਾਨ ਉਨ੍ਹਾਂ ਦੱਸਿਆ ਕਿ ਪੰਜਾਬ ਕੋਲ 12 ਦਿਨ ਦਾ ਪੈਟਰੋਲ ਸਟਾਕ, 14 ਦਿਨ ਦਾ ਡੀਜ਼ਲ ਸਟਾਕ ਤੇ 6 ਦਿਨ ਦਾ ਐਲ.ਪੀ.ਜੀ. ਸਟਾਕ ਹੈ। ਲਾਈਨਾਂ ਵਿਚ ਲੱਗਣ ਵਾਲੇ ਹਾਲਾਤ ਨਹੀਂ ਤੇ ਅਫ਼ਵਾਹਾਂ ਉੱਪਰ ਧਿਆਨ ਦੇਣ ਦੀ ਲੋੜ ਨਹੀਂ। ਦੇਸ਼ ਵਿਚ ਕੋਈ ਲਾਕਡਾਊਨ ਨਹੀਂ ਲੱਗੇਗਾ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਵਾਢੀ ਦੇ ਸੀਜ਼ਨ ਦੌਰਾਨ ਪੰਜਾਬ ਵਿਚ ਤੇਲ ਦੀ ਕੋਈ ਕਟੌਤੀ ਨਾ ਆਵੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਵੀ 25 ਦਿਨਾਂ ਬਾਅਦ ਸਿਲੰਡਰ ਦੀ ਬੁਕਿੰਗ ਹੋਵੇ।ਸੰਕਟ ਦੀ ਘੜੀ ਵਿਚ ਵੀ ਪੰਜਾਬ ਅਨਾਜ ਦੇਣ ਲਈ ਤਿਆਰ ਹੈ।
ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਪੰਜਾਬ ਵਿੱਚ ਖੇਤੀਬਾੜੀ ਅਤੇ ਉਦਯੋਗ ਨਾਲ ਜੁੜੇ ਮੁੱਦਿਆਂ ਤੇ ਚਰਚਾ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਭਾਰਤ ਦੇ 1.4 ਅਰਬ ਲੋਕਾਂ ਨਾਲ ਦੋਸਤੀ ਵਧਾਉਣ ਲਈ ਵਿਦੇਸ਼ੀ ਨੀਤੀ ਵਰਤੀ ਜਾਵੇ ਤਾਂ ਜੋ ਪੈਟਰੋਲੀਅਮ ਉਤਪਾਦਾਂ ਅਤੇ ਹੋਰ ਲੋੜੀਂਦੀਆਂ ਸਪਲਾਈਆਂ ਵਿੱਚ ਕੋਈ ਰੁਕਾਵਟ ਨਾ ਆਵੇ।
ਉਨ੍ਹਾਂ ਕਿਹਾ, “ਅਸੀਂ ਵਿਸ਼ਵ ਨੇਤਾ ਬਣਨ ਲਈ ਨਿਕਲੇ ਸੀ, ਪਰ ਅਸੀਂ ਵਿਸ਼ਵ ਦੇ ਪੈਰੋਕਾਰ ਕਦੋਂ ਬਣ ਗਏ?” ਉਨ੍ਹਾਂ ਇਹ ਵੀ ਦੱਸਿਆ ਕਿ ਵ੍ਹਾਈਟ ਹਾਊਸ ਤੋਂ ਆਉਣ ਵਾਲੇ ਆਰਡਰਾਂ ਵਿੱਚ ਰੂਸ ਤੋਂ ਇੱਕ ਮਹੀਨੇ ਲਈ ਕੱਚਾ ਤੇਲ ਖਰੀਦਣ ਦੀ ਇਜਾਜ਼ਤ ਮੰਗੀ ਜਾਂਦੀ ਹੈ।
ਮੁੱਖ ਮੰਤਰੀ ਨੇ ਖਾਸ ਤੌਰ ਤੇ ਖੇਤੀ ਫਸਲਾਂ ਬਾਰੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਇਸ ਵੇਲੇ ਕਣਕ ਦੀ ਫਸਲ ਆ ਰਹੀ ਹੈ। ਟਰੈਕਟਰ, ਕੰਬਾਈਨ ਹਾਰਵੈਸਟਰ ਅਤੇ ਟਰੱਕ ਖੇਤਾਂ ਤੋਂ ਮੰਡੀਆਂ ਵੱਲ ਚੱਲਣ ਵਾਲੇ ਹਨ। ਇਸ ਲਈ ਡੀਜ਼ਲ ਅਤੇ ਪੈਟਰੋਲ ਦੀ ਕਮੀ ਨਹੀਂ ਹੋਣੀ ਚਾਹੀਦੀ। ਫਸਲਾਂ ਸਮੇਂ ਸਿਰ ਮੰਡੀ ਪਹੁੰਚਣੀਆਂ ਚਾਹੀਦੀਆਂ ਹਨ, ਤੋਲੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਗੋਦਾਮਾਂ ਵਿੱਚ ਭੇਜੀਆਂ ਜਾਣੀਆਂ ਚਾਹੀਦੀਆਂ ਹਨ।

