Punjab Religion

ਪ੍ਰਕਾਸ਼ ਪੁਰਬ ਮੌਕੇ ਪਤਨੀ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ CM ਮਾਨ

ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਵਾਸੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਐਕਸ ‘ਤੇ ਪੋਸਟ ਪਾ ਕੇ ਕੁੱਲ ਜਗਤ ਦੇ ਰਹਿਬਰ ਪਹਿਲੇ ਪਾਤਸ਼ਾਹ ਧੰਨ-ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਲਿਖਿਆ ਕਿ ਆਪ ਜੀ ਨੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਹੋਕਾ ਦੇ ਕੇ ਸਮੁੱਚੀ ਲੋਕਾਈ ਨੂੰ ਹੱਕ ਸੱਚ ਦੀ ਕਮਾਈ ਕਰਨ ਲਈ ਪ੍ਰੇਰਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਓ ਇਸ ਪਵਿੱਤਰ ਦਿਹਾੜੇ ਮੌਕੇ ਗੁਰੂ ਸਾਹਿਬ ਵਲੋਂ ਦਿੱਤੇ ਸਿਧਾਂਤ ‘ਤੇ ਪਹਿਰਾ ਦੇਈਏ ਅਤੇ ਕੁਦਰਤ ਨਾਲ ਇੱਕਮਿੱਕ ਹੋ ਕੇ ਜੀਵਨ ਬਤੀਤ ਕਰੀਏ।

ਇਸੇ ਦੌਰਾਨ ਉਨ੍ਹਾਂ ਨੇ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਥੇ ਉਨ੍ਹਾਂ ਨੇ ਸਰਬੱਤ ਦੇ ਭਲੇ ਤੇ ਪੰਜਾਬ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਮੀਡੀਆ ਨਾਲ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਇਸ ਪਵਿੱਤਰ ਮੌਕੇ ‘ਤੇ, ਉਹ ਅੱਜ ਆਪਣੇ ਪਰਿਵਾਰ ਨਾਲ ਗੁਰੂ ਘਰ ਵਿਖੇ ਦਰਸ਼ਨ ਕਰਨ ਆਏ ਹਨ। CM ਮਾਨ ਨੇ ਕਿਹਾ ਮੈਂ ਗੁਰੂ ਸਾਹਿਬ ਜੀ ਦੇ ਸਨਮੁੱਖ ਪੰਜਾਬ ਦੀ ਤਰੱਕੀ (progress), ਸੁੱਖ ਅਤੇ ਸ਼ਾਂਤੀ (peace) ਲਈ ਅਰਦਾਸ ਕੀਤੀ ਹੈ।