ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਦੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ 2022 ਦੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਆਪ ਵਿੱਚ ਛਾਲ ਮਾਰਨਾ ਚਾਉਂਦੇ ਸਨ। ਇਸ ਦੇ ਲਈ ਉਨ੍ਹਾਂ ਨੇ ਮੇਰੇ ਨਾਲ ਗੱਲ ਕੀਤੀ ਪਰ ਨਾਲ ਹੀ ਸ਼ਰਤ ਵੀ ਰੱਖ ਦਿੱਤੀ ਕਿ ਮੇਰਾ ਨਾਂ ਮੁੱਖ ਮੰਤਰੀ ਦੇ ਅਹੁਦੇ ਦੇ ਲਈ ਐਲਾਨਿਆਂ ਜਾਵੇਂ।
ਮੁੱਖ ਮੰਤਰੀ ਮਾਨ ਨੇ ਕਿਹਾ ਤਾਂ ਫਿਰ ਮੈਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਫਿਰ ਗੰਗਾਨਗਰ ਤੋਂ ਚੋਣ ਲੜੀਏ। ਸੀਐੱਮ ਮਾਨ ਦਾ ਇਹ ਬਿਆਨ ਪ੍ਰਤਾਪ ਸਿੰਘ ਬਾਜਵਾ ਦੇ ਉਸ ਇਲਜ਼ਾਮ ‘ਤੇ ਆਇਆ ਹੈ, ਜਿਸ ਵਿੱਚ ਦਾਅਵਾ ਕੀਤਾ ਕਿ ਸੀਐੱਮ ਮਾਨ ਕੁਝ ਸਮੇਂ ਬਾਅਦ ਬੀਜੇਪੀ ਦੇ ਮੁੱਖ ਮੰਤਰੀ ਬਣ ਜਾਣਗੇ ਅਤੇ ਪਾਲਾ ਬਦਲ ਲੈਣਗੇ ਜਿਵੇਂ ਮਹਾਰਾਸ਼ਟਰ ਵਿੱਚ ਤਖ਼ਤਾ ਪਲਟ ਹੋਇਆ ਹੈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਬਿਆਨ ਇੱਕ ਮੀਡੀਆ ਹਾਊਸ ਨੂੰ ਇੰਟਰਵਿਊ ਦੌਰਾਨ ਦਿੱਤਾ ਹੈ। ਇਸ ਤੋਂ ਇਲਾਵਾ ਸੀਐੱਮ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਲੈਕੇ ਇੱਕ ਭਵਿੱਖਬਾਣੀ ਵੀ ਕੀਤੀ ਹੈ।
ਪ੍ਰਤਾਪ ਸਿੰਘ ਬਾਜਵਾ ‘ਤੇ ਮਾਨ ਦਾ ਦਾਅਵਾ
ਸੀਐੱਮ ਭਗਵੰਤ ਮਾਨ ਨੇ ਬਾਜਵਾ ਭਰਾਵਾਂ ‘ਤੇ ਤੰਜ ਕੱਸਦਿਆਂ ਕਿਹਾ ਕਦੇ ਵੇਖਿਆ ਹੈ ਇੱਕ ਹੀ ਘਰ ਵਿੱਚ ਦੋ ਪਾਰਟੀਆਂ ਦੇ ਝੰਡੇ, ਕਾਦੀਆਂ ਵਿੱਚ ਪਹਿਲੀ ਮੰਜ਼ਿਲ ‘ਤੇ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਦਾ ਝੰਡਾ ਅਤੇ ਦੂਜੀ ‘ਤੇ ਫਤਿਹ ਜੰਗ ਬਾਜਵਾ ਨੇ ਬੀਜੇਪੀ ਦਾ ਲਗਾਇਆ ਹੈ। ਯਾਨੀ ਜੇਕਰ ਬਾਜਵਾ ਸਾਬ੍ਹ ਨੂੰ ਬੀਜੇਪੀ ਵਿੱਚ ਜਾਣਾ ਹੈ ਤਾਂ ਸਿਰਫ 13 ਪੋੜੀਆਂ ਹੀ ਚੜਨ ਦੀ ਜ਼ਰੂਰਤ ਹੈ ਅਤੇ ਉਹ ਕਿਸੇ ਵੇਲੇ ਜਾ ਸਕਦੇ ਹਨ, ਸੈਟਿੰਗ ਕਰਨ ਵਿੱਚ ਉਹ ਮਾਹਿਰ ਹਨ। ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚੁਣੌਤੀ ਵੀ ਕਬੂਲੀ ਹੈ।
ਮਾਨ ਨੇ ਕਬੂਲੀ ਚੰਨੀ ਦੀ ਜਾਇਦਾਦ ਵਾਲੀ ਚੁਣੌਤੀ
ਕੁੱਝ ਦਿਨ ਪਹਿਲਾਂ ਜਦੋਂ ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬੁਲਾਇਆ ਸੀ ਤਾਂ ਉਨ੍ਹਾਂ ਨੇ ਮੁੱਖ ਮੰਤਰੀ ਮਾਨ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਮੇਰੇ ਨਾਲ ਜਾਇਦਾਦ ਬਦਲ ਲੈਣ ਜੇਕਰ ਮੇਰੇ ਕੋਲ ਜ਼ਿਆਦਾ ਹੈ। ਇਸ ਦੇ ਜੁਆਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਤਿਆਰ ਹਾਂ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਾਹਮਣੇ ਬਿਠਾ ਲਿਓ। ਉਨ੍ਹਾਂ ਕਿਹਾ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਅਹੁਦੇ ਦੇ ਤਿੰਨ ਮਹੀਨੇ ਦੀ ਕਮਾਈ ਚੈੱਕ ਕਰ ਲਿਉ ਅਤੇ ਮੇਰੇ ਇੱਕ ਸਾਲ ਦੀ ਕਮਾਈ ਦੀ ਜਾਂਚ ਕਰਵਾ ਲਿਉ। ਮੇਰੀ 2012 ਤੋਂ ਹੁਣ ਤੱਕ ਦੀਆਂ ਚੋਣਾਂ ਵਿੱਚ ਆਮਦਨ ਘੱਟ ਹੀ ਹੋਈ ਹੈ ਵਧੀ ਨਹੀਂ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਜਲੰਧਰ ਦੇ ਲੋਕਾਂ ਨੂੰ ਕੀਤੀ ਵਿਵਾਦਿਤ ਅਪੀਲ ਦਾ ਵੀ ਜਵਾਬ ਦਿੱਤਾ ।
ਕੇਜਰੀਵਾਲ ਦੀ ਵੋਟ ਅਪੀਲ ‘ਤੇ ਜਵਾਬ
ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੁੱਝ ਦਿਨ ਪਹਿਲਾਂ ਜਲੰਧਰ ਵਿੱਚ ਭਾਸ਼ਣ ਦੌਰਾਨ ਕਿਹਾ ਸੀ ਕਿ ਕਾਂਗਰਸ ਨੂੰ ਵੋਟ ਦੇਣ ਦਾ ਕੋਈ ਫਾਇਦਾ ਨਹੀਂ ਹੈ, ਤੁਹਾਡੇ ਕੰਮ ਤਾਂ ਅਸੀਂ ਹੀ ਕਰਵਾਉਣੇ ਹਨ। ਵਿਰੋਧੀ ਧਿਰ ਕਾਂਗਰਸ ਨੇ ਇਸ ਨੂੰ ਕੇਜਰੀਵਾਲ ਦੀ ਧਮਕੀ ਦੱਸਿਆ ਸੀ, ਇਸ ‘ਤੇ ਸਫਾਈ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਕਹਿਣਾ ਚਾਹੁੰਦੇ ਸਨ ਕਿ ਕਾਂਗਰਸ ਦੀ ਕੇਂਦਰ ਵਿੱਚ ਸਰਕਾਰ ਬਣਨੀ ਨਹੀਂ ਹੈ, ਬੀਜੇਪੀ ਦੀ ਪੰਜਾਬ ਵਿੱਚ ਨਹੀਂ ਬਣਨੀ ਹੈ, ਇਸ ਲਈ ਜੇਕਰ ਲੋਕ ਸਾਨੂੰ ਜਿਤਾਉਣਗੇ ਤਾਂ ਸਾਡਾ ਮਨੋਬਲ ਵਧੇਗਾ ਨਾਲ ਕੇਂਦਰ ਤੋਂ ਐੱਮਪੀ ਫੰਡ ਆਵੇਗਾ, ਕ੍ਰਿਕਟਰ ਹਰਭਜਨ ਸਿੰਘ ਦਾ ਰਾਜਸਭਾ ਦਾ ਫੰਡ ਵੀ ਇੱਥੇ ਹੀ ਲੱਗੇਗਾ ਅਤੇ ਸੰਤ ਸੀਚੇਵਾਲ ਦਾ ਐੱਮਪੀ ਫੰਡ ਵੀ ਜਲੰਧਰ ਵਿੱਚ ਆਵੇਗਾ ਤਾਂ ਦੁਗਣਾ ਵਿਕਾਸ ਹੋਵੇਗਾ।