ਚੰਡੀਗੜ੍ਹ : ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਗਾਤਾਰ ਪੰਜਾਬ ਵਾਸੀਆਂ ਨੂੰ ਨਵੀਂਆਂ ਸਹੂਲਤਾਂ ਦੇਣ ‘ਤੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਦਾਅਵੇ ਕਰ ਰਹੀ ਹੈ। ਇਸ ਨੂੰ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਵਪਾਰੀਆਂ ਤੋਂ ਸੁਝਾਅ ਮੰਗੇ ਹਨ। ਭਗਵੰਤ ਮਾਨ ਨੇ ਇਸ ਨੂੰ ਲੈ ਕੇ ਵੱਟਸਐਪ ਫ਼ੋਨ ਨੰਬਰ ਤੇ ਈਮੇਲ ਆਈ ਡੀ ਜਾਰੀ ਕੀਤੀ ਹੈ।
ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਵਚਨਬੱਧ ਹੈ। ਮਾਨ ਨੇ ਕਿਹਾ ਕਿ ਅਸੀਂ ਬਿਜਲੀ, ਆਮ ਆਦਮੀ ਕਲੀਨਿਕ ਅਤੇ ਨਹਿਰੀ ਪਾਣੀ ਬਾਬਤ ਲੋਕਾਂ ਤੋਂ ਸੁਝਾਅ ਮੰਗੇ ਸੀ ਤੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਲਾਗੂ ਵੀ ਕੀਤਾ ਗਿਆ ਹੈ।
ਲੋਕਾਂ ਦੀ ਸਰਕਾਰ ਫ਼ੈਸਲੇ ਲੋਕਾਂ ਦੇ ਸੁਝਾਅ ਨਾਲ ਲੈ ਰਹੀ ਹੈ…ਹੁਣ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਤੁਹਾਡੇ ਸੁਝਾਵਾਂ ਦੀ ਲੋੜ ਹੈ… WhatsApp Number ਤੇ Email ID ਜਾਰੀ ਕਰ ਰਹੇ ਹਾਂ… Live https://t.co/Ou9G8vjev3
— Bhagwant Mann (@BhagwantMann) July 8, 2023
ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਇਸ ਨਾਲ ਲੋਕਾਂ ਨੂੰ ਫ਼ਾਇਦਾ ਮਿਲ ਰਿਹਾ ਹੈ। ਮੁਫ਼ਤ ਬਿਜਲੀ ਮਿਲ ਰਹੀ ਹੈ, ਲੋਕਾਂ ਦਾ ਆਮ ਆਦਮੀ ਕਲੀਨਿਕ ਵਿੱਚ ਮੁਫ਼ਤ ਇਲਾਜ ਹੋ ਰਿਹਾ ਹੈ। ਇਸ ਤੋਂ ਇਲਾਵਾ ਖੇਤਾਂ ਤੱਕ ਨਹਿਰੀ ਪਾਣੀ ਦੀ ਪਹੁੰਚ ਹੋਈ ਹੈ।
ਮਾਨ ਨੇ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪਾਉਣ ਬਣਾਉਣ ਲਈ ਅਸੀਂ ਯਤਨਸ਼ੀਲ ਹਾਂ, ਇਸ ਲਈ ਉਦਯੋਗਪਤੀਆਂ ਨੂੰ ਸੱਦਿਆ ਜਾ ਰਿਹਾ ਹੈ ਤੇ ਜੋ ਪਹਿਲਾਂ ਹੀ ਪੰਜਾਬ ਵਿੱਚ ਹਨ ਉਨ੍ਹਾਂ ਨੂੰ ਸੁਖਾਵਾਂ ਮਾਹੌਲ ਦਿੱਤਾ ਜਾ ਰਿਹਾ ਹੈ। ਮਾਨ ਨੇ ਕਿਹਾ ਕਿ ਵਪਾਰੀਆਂ ਤੋਂ ਵੀ ਉਨ੍ਹਾਂ ਦੇ ਸੁਝਾਅ ਮੰਗੇ ਜਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਸੂਬੇ ਵਿੱਚ ਵਪਾਰ ਕਰਨ ਲਈ ਵਧੀਆ ਵਾਤਾਵਰਨ ਮਿਲ ਸਕੇ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇ ਪੰਜਾਬ ਵਿੱਚ ਵਧੀਆ ਉਦਯੋਗ ਆਵੇਗਾ ਤਾਂ ਹੀ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ ਤੇ ਇਸ ਨਾਲ ਬੇਰੁਜ਼ਗਾਰੀ ਘਟੇਗੀ ਤੇ ਪੰਜਾਬ ਦੇ ਖ਼ਜ਼ਾਨੇ ਨੂੰ ਵੀ ਫ਼ਾਇਦਾ ਹੋਵੇਗਾ। ਮੁੱਖ ਮੰਤਰੀ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਪਾਰੀ ਸਿੱਧੇ ਪੰਜਾਬ ਸਰਕਾਰ ਨੂੰ ਸੁਝਾਅ ਦੇ ਸਕਦੇ ਹਨ ਜਿਸ ਦੇ ਆਧਾਰ ਉੱਤੇ ਪੰਜਾਬ ਸਰਕਾਰ ਆਪਣੀ ਨੀਤੀ ਤਿਆਰ ਕਰੇਗੀ। ਮਾਨ ਨੇ ਦੱਸਿਆ ਕਿ ਵਪਾਰੀ ਇਸ ਨੰਬਰ ਉੱਤੇ (81948-91945) ਸੁਝਾਅ ਦੇ ਸਕਦੇ ਹਨ ਤਾਂ ਜੋ ਪੰਜਾਬ ਨੂੰ ਨੰਬਰ ਇੱਕ ਸੂਬਾ ਬਣਾਇਆ ਜਾ ਸਕੇ।