Punjab

ਚੰਡੀਗੜ੍ਹ ‘ਚ ਨਵਾਂ ਵਾਹਨ ਖ਼ਰੀਦਣ ਵਾਲਿਆਂ ਨੂੰ ਵੱਡਾ ਝਟਕਾ, ਪ੍ਰਸ਼ਾਸਨ ਨੇ ਕਰ ਦਿੱਤਾ ਇਹ ਐਲਾਨ

A big blow to new vehicle buyers in Chandigarh, the administration announced this

ਚੰਡੀਗੜ੍ਹ ਪ੍ਰਸ਼ਾਸਨ ਨੇ ਪੈਟਰੋਲ ਅਤੇ ਡੀਜ਼ਲ ਵਾਹਨਾਂ ’ਤੇ ਰੋਡ ਟੈਕਸ ਵਿਚ ਵਾਧਾ ਕੀਤਾ ਹੈ। ਇਹ ਵਾਧਾ ਕਰਨ ਦਾ ਮਕਸਦ ਲੋਕਾਂ ਨੂੰ ਇਲੈਕਟ੍ਰਿਕ ਵਾਹਨਾਂ ਵੱਲ ਆਕਰਸ਼ਿਤ ਕਰਨਾ ਹੈ। ਹੁਣ ਚੰਡੀਗੜ੍ਹ ਵਿਚ ਵਾਹਨਾਂ ਦੀ ਰਜਿਸਟਰੇਸ਼ਨ ਪੰਜਾਬ ਤੇ ਹਰਿਆਣਾ ਨਾਲੋਂ ਮਹਿੰਗੀ ਹੋ ਗਈ ਹੈ।

ਇਸ ਸਾਲ ਹੁਣ ਤਕ ਸ਼ਹਿਰ ਵਾਸੀਆਂ ਵੱਲੋਂ 24 ਹਜ਼ਾਰ ਤੋਂ ਵੱਧ ਨਵੇਂ ਵਾਹਨ ਖ਼ਰੀਦੇ ਜਾ ਚੁੱਕੇ ਹਨ। ਪ੍ਰਸ਼ਾਸਨ ਵੱਲੋਂ ਨਿਰਧਾਰਿਤ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਨਵੀਂਆਂ ਦਰਾਂ 11 ਜੁਲਾਈ ਤੋਂ ਲਾਗੂ ਹੋਣਗੀਆਂ। ਰੇਟ ਵਧਾਏ ਜਾਣ ‘ਤੇ ਸ਼ਹਿਰ ਵਾਸੀਆਂ ‘ਚ ਰੋਸ ਹੈ। ਫੇਸਵੀਕ ਤੇ ਕਰਾਫ਼ਟ ਦੇ ਨੁਮਾਇੰਦਿਆਂ ਨੇ ਰੋਡ ਟੈਕਸ ਦੇ ਵਾਧੇ ਦਾ ਵਿਰੋਧ ਕੀਤਾ ਹੈ।

ਫ਼ਿਲਹਾਲ ਪ੍ਰਸ਼ਾਸਨ ਨੇ ਸ਼ਹਿਰ ਵਿਚ ਇਲੈਕਟ੍ਰਿਕ ਵਾਹਨ ਪਾਲਿਸੀ ਲਾਗੂ ਕਰ ਦਿੱਤੀ ਹੈ। ਪ੍ਰਸ਼ਾਸਨ ਦੇ ਇਕ ਅਧਿਕਾਰੀ ਅਨੁਸਾਰ ਰੋਡ ਟੈਕਸ ਵਧਾਉਣ ਦਾ ਇਕ ਵੱਡਾ ਕਾਰਨ ਇਹ ਹੈ ਕਿ ਸ਼ਹਿਰ ਦੇ ਵਸਨੀਕ ਈਵੀ ਖ਼ਰੀਦਣ, ਕਿਉਂਕਿ ਇਲੈਕਟ੍ਰਿਕ ਵਾਹਨ ਖ਼ਰੀਦਣ ‘ਤੇ ਜਿੱਥੇ ਯੂ ਟੀ ਪ੍ਰਸ਼ਾਸਨ ਵੱਲੋਂ ਇੰਨਸੈਂਟਿਵ ਦਿੱਤਾ ਜਾਂਦਾ ਹੈ, ਉੱਤੇ ਹੀ ਪੂੰਜੀਕਰਨ ਪੂਰੀ ਤਰ੍ਹਾਂ ਨਾਲ ਮੁਫ਼ਤ ਹੈ।

ਚੰਡੀਗੜ੍ਹ ਵੱਲੋਂ ਤੈਅ ਕੀਤੀਆਂ ਨਵੀਂਆਂ ਰੋਡ ਟੈਕਸ ਦਰਾਂ ਪੰਜਾਬ ਨਾਲੋਂ ਜ਼ਿਆਦਾ ਹਨ। ਜਦੋਂਕਿ ਇਸ ਤੋਂ ਪਹਿਲਾਂ ਚੰਡੀਗੜ੍ਹ ‘ਚ ਰੋਡ ਟੈਕਸ ਘੱਟ ਹੋਣ ਕਾਰਨ ਦੂਜੇ ਸੂਬਿਆਂ ‘ਚ ਰਹਿੰਦੇ ਕਈ ਲੋਕ ਆਪਣੇ ਨਵੇਂ ਵਾਹਨ ਚੰਡੀਗੜ੍ਹ ‘ਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਦੇ ਨਾਂ ਜਾਂ ਪਤੇ ’ਤੇ ਰਜਿਸਟਰ ਕਰਵਾਉਂਦੇ ਸਨ। ਇਸ ਸਮੇਂ ਸ਼ਹਿਰ ‘ਚ ਸਾਢੇ ਅੱਠ ਲੱਖ ਵਾਹਨ ਰਜਿਸਟਰਡ ਹਨ ਜਦਕਿ ਆਬਾਦੀ 12 ਲੱਖ ਹੈ।

ਅਜਿਹੇ ‘ਚ ਸ਼ਹਿਰ ‘ਚ ਪ੍ਰਤੀ ਵਿਅਕਤੀ ਵਾਹਨਾਂ ਦੀ ਔਸਤ ਗਿਣਤੀ ਦੂਜੇ ਸ਼ਹਿਰਾਂ ਦੇ ਮੁਕਾਬਲੇ ਜ਼ਿਆਦਾ ਹੈ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਹੁਣ ਟੈਕਸ ਵਧਣ ਨਾਲ ਈਂਧਨ ਨਾਲ ਚੱਲਣ ਵਾਲੇ ਵਾਹਨਾਂ ਦੀ ਗਿਣਤੀ ਘਟੇਗੀ ਤੇ ਇਲੈਕਟ੍ਰਿਕ ਵਾਹਨਾਂ ਦੀ ਗਿਣਤੀ ਵਧੇਗੀ। ਹਰਿਆਣਾ ਅਤੇ ਪੰਜਾਬ ਦੇ ਲੋਕਾਂ ‘ਚ ਵੀ ਚੰਡੀਗੜ੍ਹ ਦਾ ਵਾਹਨ ਨੰਬਰ ਲੈਣ ਦਾ ਕ੍ਰੇਜ਼ ਹੈ। ਹੁਣ ਅਜਿਹੇ ਲੋਕਾਂ ਨੂੰ ਵੀ ਟੈਕਸ ਵਧਣ ਨਾਲ ਝਟਕਾ ਲੱਗਾ ਹੈ।

ਜੇਕਰ ਤੁਸੀਂ ਚੰਡੀਗੜ੍ਹ ਤੋਂ 15 ਲੱਖ ਰੁਪਏ ਤਕ ਦਾ ਚਾਰ ਪਹੀਆ ਵਾਹਨ ਖ਼ਰੀਦਦੇ ਹੋ ਤਾਂ ਤੁਹਾਨੂੰ ਇਸ ‘ਤੇ 10 ਫ਼ੀਸਦੀ ਰੋਡ ਟੈਕਸ ਦੇਣਾ ਹੋਵੇਗਾ। ਇਸ ਦੇ ਨਾਲ ਹੀ ਦੂਜੇ ਸੂਬਿਆਂ ਤੋਂ ਖ਼ਰੀਦੇ ਗਏ ਵਾਹਨਾਂ ‘ਤੇ 12 ਫ਼ੀਸਦੀ ਰੋਡ ਟੈਕਸ ਲਗਾਇਆ ਜਾਵੇਗਾ।
ਚੰਡੀਗੜ੍ਹ ਤੋਂ 15 ਲੱਖ ਤੋਂ ਵੱਧ ਦੀ ਕੀਮਤ ਵਾਲਾ ਚਾਰ ਪਹੀਆ ਵਾਹਨ ਖ਼ਰੀਦਣ ‘ਤੇ 12 ਫ਼ੀਸਦੀ ਟੈਕਸ ਦੇਣਾ ਪਵੇਗਾ। ਚੰਡੀਗੜ੍ਹ ਤੋਂ ਬਾਹਰੋਂ ਖ਼ਰੀਦਣ ‘ਤੇ 14 ਫ਼ੀਸਦੀ ਟੈਕਸ ਲੱਗੇਗਾ। ਹੁਣ ਤਕ ਚੰਡੀਗੜ੍ਹ ‘ਚ ਚਾਰ ਪਹੀਆ ਵਾਹਨਾਂ ਲਈ ਸਿਰਫ਼ ਦੋ ਸਲੈਬਾਂ ਸਨ। 20 ਲੱਖ ਰੁਪਏ ਤਕ ਦੇ ਚਾਰ ਪਹੀਆ ਵਾਹਨਾਂ ‘ਤੇ ਛੇ ਅਤੇ ਅੱਠ ਫ਼ੀਸਦੀ ਤੋਂ ਵੱਧ ਰੋਡ ਟੈਕਸ ਲਗਾਇਆ ਗਿਆ ਸੀ।

ਚੰਡੀਗੜ੍ਹ ਤੋਂ 1 ਲੱਖ ਰੁਪਏ ਤਕ ਦਾ ਦੋਪਹੀਆ ਵਾਹਨ ਖ਼ਰੀਦਣ ‘ਤੇ ਅੱਠ ਫ਼ੀਸਦੀ ਟੈਕਸ ਲਗਾਇਆ ਜਾਵੇਗਾ। ਜੇਕਰ ਚੰਡੀਗੜ੍ਹ ਤੋਂ ਬਾਹਰੋਂ ਖ਼ਰੀਦਿਆ ਜਾਵੇ ਤਾਂ ਇਹ ਵਧ ਕੇ 10 ਫ਼ੀਸਦੀ ਲੱਗੇਗਾ। ਦੂਜੇ ਪਾਸੇ ਇਕ ਲੱਖ ਰੁਪਏ ਤੋਂ ਵੱਧ ਦੀ ਗੱਡੀ ਚੰਡੀਗੜ੍ਹ ਤੋਂ ਖ਼ਰੀਦਣ ‘ਤੇ 10 ਫ਼ੀਸਦੀ ਅਤੇ ਚੰਡੀਗੜ੍ਹ ਤੋਂ ਬਾਹਰੋਂ ਖ਼ਰੀਦਣ ‘ਤੇ 12 ਫ਼ੀਸਦੀ ਟੈਕਸ ਲੱਗੇਗਾ।