Punjab

ਹੜ੍ਹਤਾਲੀ ਪਟਵਾਰੀਆਂ ਤੇ ਕਾਨੂੰਗੋ ਦਾ ਸਰਕਾਰ ਨੇ ਤੋੜ ਲੱਭਿਆ ! ਮੁਲਾਜ਼ਮਾਂ ਨੇ CM ਮਾਨ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮ ਸਾਬਿਤ ਕਰਨ ਦੀ ਚੁਣੌਤੀ ਦਿੱਤੀ !

ਬਿਉਰੋ ਰਿਪੋਰਟ : ਪਟਵਾਰੀ ਅਤੇ ਕਾਨੂੰਗੋ ਵੱਲੋਂ ਹੜ੍ਹਤਾਲ ‘ਤੇ ਜਾਣ ਦੇ ਮਸਲੇ ‘ਤੇ ਪੰਜਾਬ ਸਰਕਾਰ ਹੋਰ ਸਖਤ ਹੁੰਦੀ ਨਜ਼ਰ ਆ ਰਹੀ ਹੈ । ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਲਮ ਛੋੜ ਹੜ੍ਹਤਾਲ ਕਰਨ ਵਾਲੇ ਮੁਲਾਜ਼ਮਾਂ ਨੂੰ ਸਿੱਧੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕਲਮ ਤੁਸੀਂ ਆਪਣੀ ਮਰਜ਼ੀ ਨਾਲ ਛੱਡੋਗੇ ਪਰ ਕਮਲ ਕਿਸ ਨੂੰ ਦੇਣੀ ਹੈ ਫਿਰ ਇਸ ਦਾ ਫੈਸਲਾ ਸਰਕਾਰ ਕਰੇਗੀ । ਹੁਣ ਮਾਨ ਸਰਕਾਰ ਨੇ ਬਦਲਵੇਂ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ। ਸਰਕਾਰ ਨੇ ਟ੍ਰੇਨਿੰਗ ਅਧੀਨ ਪਟਵਾਰਿਆਂ ਦਾ ਵੇਰਵਾ ਮੰਗਿਆ ਹੈ । ਇਸ ਵੇਰਵੇ ਮੁਤਾਬਿਕ ਸਰਕਾਰ ਨੇ ਜਾਣਕਾਰੀ ਮੰਗੀ ਹੈ ਟ੍ਰੇਨਿੰਗ ਅਧੀਨ ਪਟਵਾਰੀਆਂ ਅਤੇ ਕਾਨੂੰਗੋ ਦੀ ਕਿੰਨੀ ਟ੍ਰੇਨਿੰਗ ਹੋ ਚੁੱਕੀ ਹੈ ਅਤੇ ਕਦੋਂ ਤੱਕ ਖਤਮ ਹੋ ਜਾਵੇਗੀ । ਕੀ ਮੌਜੂਦਾ ਹਾਲਾਤ ਨੂੰ ਵੇਖ ਦੇ ਹੋਏ ਟ੍ਰੇਨਿੰਗ ਪਟਵਾਰੀ ਅਤੇ ਕਾਨੂੰਗੋ ਕੰਮ-ਸੰਭਾਲਣ ਦੇ ਲਈ ਤਿਆਰ ਹਨ । ਇਸ ਦੇ ਨਾਲ ਸਰਕਾਰ ਨੇ ਨਵੀਂ ਭਰਤੀਆਂ ਨੂੰ ਲੈ ਕੇ ਵੀ ਚਰਚਾ ਸ਼ੁਰੂ ਕਰ ਦਿੱਤੀ ਹੈ ।

ਪਟਵਾਰੀਆਂ ਦਾ ਵੀ ਰੁੱਖ ਸਖਤ

ਉਧਰ ਪਟਵਾਰੀ ਅਤੇ ਕਾਨੂੰਗੋ ਨੇ ਵੀ ਸਾਫ ਕਰ ਦਿੱਤਾ ਹੈ ਕਿ ਸਰਕਾਰ ਦੀ ਧਮਕੀ ਤੋਂ ਉਹ ਡਰਨ ਨਹੀਂ ਵਾਲੇ ਹਨ ਅਤੇ 11,12 ਅਤੇ 13 ਸਤੰਬਰ ਨੂੰ ਪਹਿਲਾਂ ਤੋਂ ਤੈਅ ਹੜ੍ਹਤਾਲ ਜਾਰੀ ਰਹੇਗੀ । ਪਟਵਾਰੀ ਯੂਨੀਅਨ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਦੇ ਜਿਸ ਪਟਵਾਰੀ ਦੇ ਕੇਸ ਨੂੰ ਭ੍ਰਿਸ਼ਟਾਚਾਰ ਦਾ ਮਾਮਲਾ ਦੱਸ ਰਹੇ ਹਨ ਦਰਅਸਲ ਉਹ ਕੇਸ ਹੈ ਹੀ ਨਹੀਂ ਹੈ । ਜੇਕਰ ਉਹ ਭ੍ਰਿਸ਼ਟਾਚਾਰ ਦਾ ਕੇਸ ਨਿਕਲਿਆ ਤਾਂ ਅਸੀਂ ਹੜ੍ਹਤਾਲ ਤੋਂ ਵਾਪਸ ਆ ਜਾਵਾਂਗੇ । ਪਟਵਾਰੀ ਯੂਨੀਅਨ ਨੇ ਕਿਹਾ ਕਿਸੇ ਸ਼ਖਸ ਦੀ ਜ਼ਮੀਨ ਦਾ ਇੰਤਕਾਲ ਹੋਇਆ ਸੀ ਉਸ ਨੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਗਾਇਆ ਹੀ ਨਹੀਂ ਬਲਕਿ ਤੀਜੇ ਸ਼ਖਸ ਦੀ ਸ਼ਿਕਾਇਤ ‘ਤੇ ਵਿਜੀਲੈਂਸ ਨੇ ਪਟਵਾਰੀ ਕਾਨੂੰਗੇ ਖਿਲਾਫ FIR ਦਰਜ ਕੀਤੀ । ਪਟਵਾਰੀ ਯੂਨੀਅਨ ਦਾ ਕਹਿਣਾ ਹੈ ਕਿ ਜੇਕਰ ਗਲਤ ਇੰਤਕਾਲ ਹੋਇਆ ਤਾਂ ਉਸ ਦੀ SDM ਕੋਲੋ ਜਾਂਚ ਹੋ ਸਕਦੀ ਸੀ,ਉਸ ਦੀ ਅਪੀਲ ਕੀਤੀ ਜਾ ਸਕਦੀ ਸੀ ਪਰ ਬਿਨਾਂ ਇਜਾਜ਼ਤ FIR ਦਰਜ ਕਰ ਦਿੱਤੀ ਗਈ ਅਤੇ ਫਿਰ ਪਟਵਾਰੀ ਤੇ ਕਾਨੂੰਗੋ ਨੂੰ ਗ੍ਰਿਫਤਾਰ ਕਰ ਲਿਆ ਗਿਆ । ਸਿਰਫ ਇਨ੍ਹਾਂ ਹੀ ਪਟਵਾਰੀਆਂ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਨੇ ਪ੍ਰੋਬੇਸ਼ਨ ਦਾ ਸਮਾਂ ਘੱਟ ਕਰਨ ਦਾ ਵਾਅਦਾ ਕੀਤਾ ਸੀ ਪਰ ਡੇਢ ਸਾਲ ਹੋ ਗਿਆ ਹੈ ਸਰਕਾਰ ਨੇ ਵਾਅਦਾ ਪੂਰਾ ਨਹੀਂ ਕੀਤਾ । ਪਟਵਾਰੀਆਂ ਨੇ ਸਾਫ ਕੀਤਾ ਕਿ ਉਹ ਹੜ੍ਹ ਪ੍ਰਭਾਵਿਕ ਇਲਾਕਿਆਂ ਵਿੱਚ ਕੰਮ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਜ਼ਰੂਰਤ ਪਈ ਤਾਂ ਉਹ ਹਾਈਕੋਰਟ ਵੀ ਜਾ ਸਕਦੇ ਹਨ ।

ਪੰਜਾਬ ਸਰਕਾਰ ਨੇ 31 ਅਕਤੂਬਰ ਤੱਕ ESMA ਲਾਗੂ ਕਰ ਦਿੱਤਾ ਹੈ । ਯਾਨੀ ਅਗਲੇ 2 ਮਹੀਨੇ ਤੱਕ ਮੁਲਾਜ਼ਮ ਕਿਸੇ ਵੀ ਤਰ੍ਹਾਂ ਦੀ ਹੜ੍ਹਤਾਲ ਨਹੀਂ ਕਰ ਸਕਣਗੇ । ਸੂਬਾ ਸਰਕਾਰ ਨੇ ਹੜ੍ਹਾਂ ਦਾ ਹਵਾਲਾ ਦਿੰਦੇ ਹੋਏ ESMA ACT 1947 ਦੇ ਸੈਕਸ਼ਨ 4 ਸਬਸੈਕਸ਼ਨ 1 ਨੂੰ ਲਾਗੂ ਕੀਤਾ ਹੈ । ਸਰਕਾਰ ਨੇ ਆਪਣੇ ਆਦੇਸ਼ ਵਿੱਚ ਕਿਹਾ ਹੈ ਕਿ ਪੰਜਾਬ ਦੇ ਰਣਜੀਤ ਸਾਗਰ ਬੰਨ੍ਹ,ਭਾਖੜਾ ਬੰਨ੍ਹ ਅਤੇ ਪੌਂਗ ਬੰਨ੍ਹ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ । ਸੂਬੇ ਵਿੱਚ ਹੜ੍ਹ ਵਰਗੇ ਹਾਲਾਤ ਹਨ ਅਜਿਹੇ ਵਿੱਚ ਪਟਵਾਰੀ,ਕਾਨੂੰਗੋ ਅਤੇ ਹੋਰ ਸਟਾਫ ਆਪਣੇ ਖੇਤਰ ਤੋਂ ਬਾਹਰ ਨਹੀਂ ਜਾ ਸਕਦਾ ਹੈ।

ਸਰਕਾਰ ਦੇ ਮੁਤਾਬਿਕ ਇਨ੍ਹਾਂ ਵਿਭਾਗਾਂ ਦੇ ਮੁਲਾਜ਼ਮਾਂ ਦੀ ਜ਼ਰੂਰਤ ਹੜ੍ਹ ਦੇ ਹਾਲਾਤਾਂ ਵਿੱਚ ਹਰ ਸਮੇਂ ਹੈ । ਪਟਵਾਰਿਆਂ, ਕਾਨੂੰਗੋ ਅਤੇ ਡਿਪਟੀ ਕਮਿਸ਼ਨਰ ਦੇ ਦਫਤਰਾਂ ਵਿੱਚ ਤਾਇਨਾਤ ਸਟਾਫ ਨੂੰ ਆਪਣਾ ਸਟੇਸ਼ਨ ਛੱਡਣ ‘ਤੇ ਮਨਾਈ ਹੈ । ਹਰ ਸਮੇਂ ਆਪਣੇ ਸਟੇਸ਼ਨ ਵਿੱਚ ਮੌਜੂਦ ਰਹਿਣ ਅਤੇ ਜ਼ਰੂਰਤ ਪੈਣ ਤੇ ਉਨ੍ਹਾਂ ਨੂੰ ਬੁਲਾਇਆ ਜਾ ਸਕੇ ।