Punjab

CM ਮਾਨ ਨੇ ਮਜੀਠੀਆ ਨੂੰ ਕਿਹੜੀ ਗੱਲ ਦਾ ਸੱਚ ਦੱਸਣ ਲਈ ਦਿੱਤਾ 5 ਤਰੀਕ ਤੱਕ ਦਾ ਸਮਾਂ…

CM Mann gave Majithia time till 5th to tell the truth about what...

ਚੰਡੀਗੜ੍ਹ : ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਹੁਣ ਤੱਕ 37 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ। ਇਸ ਦੌਰਾਨ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਚੰਡੀਗੜ੍ਹ ਵਿੱਚ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਸੀ ਐੱਮ ਮਾਨ ਨੇ ਕਿਹਾ ਕਿ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਸਾਡੇ ਧੀਆਂ ਪੁੱਤਾਂ ਨੂੰ ਨੌਕਰੀਆਂ ਮਿਲ ਰਹੀਆਂ ਹਨ।

ਮਾਨ ਨੇ ਕਿਹਾ ਕਿ ਅੱਜ ਸਾਡੇ ਧੀਆਂ-ਪੁੱਤਾਂ ਨੂੰ ਵੱਖੋ-ਵੱਖ ਅਹੁਦਿਆਂ ‘ਤੇ ਸਰਕਾਰੀ ਨੌਕਰੀ ਮਿਲੀ ਹੈ, ਮੈਂ ਇਹੀ ਸੁਪਨਾ ਤਾਂ ਸੰਜੋਇਆ ਸੀ ਕਿ ਸਾਡੇ ਨੌਜਵਾਨਾਂ ਇੱਥੇ ਹੀ ਨੌਕਰੀਆਂ ਮਿਲਣ। ਮਾਨ ਨੇ ਕਿਹਾ ਕਿ ਪੰਜਾਬ ਦਾ ਖ਼ਜ਼ਾਨਾ ਖ਼ਾਲੀ ਨਹੀਂ ਬੱਸ ਨੀਅਤ ਖ਼ਾਲੀ ਸੀ ਮੁੱਖ ਮੰਤਰੀ ਦਾ ਅਹੁਦਾ ਕੁਰਸੀ ‘ਤੇ ਬੈਠਣ ਵਾਲਾ ਨਹੀਂ ਹੁੰਦਾ ਮੁੱਖ ਮੰਤਰੀ ਦਾ ਕੰਮ ਤਾਂ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਾ ਹੁੰਦਾ ਹੈ।

ਮਾਨ ਨੇ ਕਿਹਾ ਕਿ ਪੰਜਾਬ ਦੇ ਧੀਆਂ ਪੁੱਤ ਨੌਕਰੀਆਂ ਉੱਤੇ ਲੱਗੇ ਹਨ। ਮਾਨ ਨੇ ਕਿਹਾ ਕਿ ਅਸੀਂ ਗੁਰੂਆਂ ਤੇ ਸ਼ਹੀਦਾਂ ਦੀ ਧਰਤੀ ਛੱਡ ਕੇ ਭੱਜ ਕਿਉਂ ਰਹੇ ਹਾਂ, ਪਰ ਵਿੱਚ ਧਰਤੀ ਦਾ ਕੋਈ ਕਸੂਰ ਨਹੀਂ, ਕੌਮ ਵੀ ਮਿਹਨਤੀ ਹੈ, ਦਰਅਸਲ ਲੋਕ ਇੱਥੋਂ ਸਿਸਟਮ ਕਰਕੇ ਭੱਜਦੇ ਹਨ। ਮਾਨ ਨੇ ਕਿਹਾ ਕਿ ਜਦੋਂ ਇੱਕ ਖ਼ਜ਼ਾਨਾ ਮੰਤਰੀ ਸਾਢੇ 9 ਸਾਲ ਇਹੀ ਕਹੀ ਜਾਵੇ ਕਿ ਖ਼ਜ਼ਾਨਾ ਖ਼ਾਲੀ ਹੈ ਜੇ ਮੈਂ ਵੀ ਉਸ ਵੇਲੇ ਬੇਰੁਜ਼ਗਾਰ ਹੁੰਦਾ ਤਾਂ ਮੈਂ ਵੀ ਸੋਚਦਾ ਕਿ ਜੇ ਖ਼ਜ਼ਾਨਾ ਮੰਤਰੀ ਹੀ ਕਹਿ ਰਿਹਾ ਹੈ ਕਿ ਖ਼ਜ਼ਾਨਾ ਖ਼ਾਲੀ ਹੈ ਕਿ ਚਲੋ ਕਿਤੇ ਹੋਰ ਜਾਇਆ ਜਾਵੇ।

ਭਗਵੰਤ ਮਾਨ ਨੇ ਕਿਹਾ ਕਿ ਬੀਰੋਕੇ ਪਿੰਡ ਦਾ ਇੱਕ ਨੌਜਵਾਨ ਕੈਨੇਡਾ ਚਲਾ ਗਿਆ ਸੀ ਤੇ ਜਦੋਂ ਉਸ ਨੂੰ ਪੰਜਾਬ ਵਿੱਚ ਨੌਕਰੀ ਮਿਲ ਗਈ ਤਾਂ ਉਹ ਕੈਨੇਡਾ ਛੱਡ ਕੇ ਪੰਜਾਬ ਆ ਗਿਆ। ਮਾਨ ਨੇ ਕਿਹਾ ਕਿ ਮੈਂ ਕਿਹਾ ਕਿ ਨੌਜਵਾਨ ਵਾਪਸ ਪੰਜਾਬ ਦੀ ਧਰਤੀ ਉੱਤੇ ਆਉਣਗੇ ਪਰ ਇਸ ਦਾ ਵਿਰੋਧੀ ਮਜ਼ਾਕ ਉਡਾਉਂਦੇ ਸੀ। ਮਾਨ ਨੇ ਕਿਹਾ ਕਿ ਹੁਣ ਤੱਕ ਸਰਕਾਰ 37,934 ਨੌਕਰੀਆਂ ਦੇ ਚੁੱਕੀ ਹੈ।

ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਸਵਾਲ ਕੀਤਾ ਹੈ। CM ਮਾਨ ਨੇ ਬਿਕਰਮ ਮਜੀਠੀਆ ਨੂੰ ਅਰਬੀ ਘੋੜਿਆਂ ‘ਤੇ 5 ਦਸੰਬਰ ਤੱਕ ਜਵਾਬ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ, ਜੇਕਰ ਤੁਸੀਂ ਜਵਾਬ ਨਹੀਂ ਦਿੱਤਾ ਤਾਂ ਮੈਂ ਮੀਡੀਆ ਦੇ ਸਾਹਮਣੇ ਆ ਕੇ ਤੁਹਾਨੂੰ ਖ਼ੁਦ ਦੱਸਾਂਗਾ। ਮੁੱਖ ਮੰਤਰੀ ਨੇ ਕਿਹਾ ਕਿ ਬਿਕਰਮ ਮਜੀਠੀਆ ਦੀ ਕੋਈ ਪ੍ਰਾਪਤੀ ਨਹੀਂ ਹੈ, ਉਹ ਸਿਰਫ਼ ਸੁਖਬੀਰ ਬਾਦਲ ਦਾ ਸਾਲਾ ਹੈ।

ਮਾਨ ਨੇ ਇੱਕ ਕਿੱਸਾ ਸੁਣਾਉਂਦੇ ਹੋਏ ਕਿਹਾ – 1957 ਵਿੱਚ ਜਦੋਂ ਭਾਰਤ ਵਿੱਚ ਵੋਟਿੰਗ ਹੋਈ ਸੀ ਤਾਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਇੱਕ ਵਫ਼ਦ ਅਰਬ ਦੇਸ਼ਾਂ ਵਿੱਚ ਗਿਆ ਸੀ। ਉੱਥੋਂ ਦੇ ਰਾਜੇ ਨੇ ਅਰਬੀ ਨਸਲ ਦੇ ਘੋੜੇ ਵਫ਼ਦ ਨੂੰ ਦਿੱਤੇ ਤਾਂ ਜੋ ਭਾਰਤੀ ਫ਼ੌਜ ਉਨ੍ਹਾਂ ਨੂੰ ਆਪਣੀ ਰੱਖਿਆ ਸੈਨਾ ਵਿੱਚ ਸ਼ਾਮਲ ਕਰ ਸਕੇ।

ਮਾਨ ਨੇ ਕਿਹਾ ਕਿ ਇਸ ਟੀਮ ਵਿੱਚ ਉਪ ਰੱਖਿਆ ਮੰਤਰੀ ਸੁਰਜੀਤ ਸਿੰਘ ਮਜੀਠੀਆ ਬਿਕਰਮ ਮਜੀਠੀਆ ਦੇ ਪੁਰਖੇ ਸਨ। ਨਿਯਮਾਂ ਮੁਤਾਬਕ ਉਨ੍ਹਾਂ ਘੋੜਿਆਂ ਨੂੰ ਮੇਰਠ ਪਹੁੰਚਣਾ ਚਾਹੀਦਾ ਸੀ ਪਰ 2 ਮਹੀਨਿਆਂ ਬਾਅਦ ਅਰਬੀ ਬਾਦਸ਼ਾਹ ਨੇ ਬੁਲਾ ਕੇ ਪੁੱਛਿਆ ਕਿ ਘੋੜੇ ਕਿੱਥੇ ਹਨ। ਭਾਰਤ ਸਰਕਾਰ ਨੇ ਕਿਹਾ ਕਿ ਉਹ ਮੇਰਠ ਤੋਂ ਪਤਾ ਲਗਾ ਕੇ ਦੋ ਘੰਟੇ ਦੇ ਅੰਦਰ ਸੂਚਿਤ ਕਰਨਗੇ।

ਦੋ ਘੰਟੇ ਬਾਅਦ ਅਰਬ ਦੇ ਰਾਜੇ ਨੂੰ ਸੂਚਿਤ ਕੀਤਾ ਗਿਆ ਕਿ ਘੋੜੇ ਮੇਰਠ ਨਹੀਂ ਪਹੁੰਚੇ ਹਨ ਅਤੇ ਕਿਸੇ ਨਿੱਜੀ ਕੰਮ ਲਈ ਚਲੇ ਗਏ ਹਨ। ਜਿਸ ਤੋਂ ਬਾਅਦ ਅਰਬ ਦੇਸ਼ ਦੇ ਬਾਦਸ਼ਾਹ ਨੇ ਪ੍ਰਧਾਨ ਮੰਤਰੀ ਨਹਿਰੂ ਨੂੰ ਫ਼ੋਨ ਕਰਕੇ ਇਤਰਾਜ਼ ਪ੍ਰਗਟਾਇਆ। ਫਿਰ ਨਹਿਰੂ ਨੇ ਮਜੀਠੀਆ ਨੂੰ ਫ਼ੋਨ ਕਰਕੇ ਅਸਤੀਫ਼ਾ ਦੇਣ ਲਈ ਕਿਹਾ। ਅੱਜ ਜਦੋਂ ਵੀ ਕੋਈ ਪੱਗ ਬੰਨ੍ਹ ਕੇ ਮੇਰਠ ਜਾਂਦਾ ਹੈ ਤਾਂ ਉਸ ਨੂੰ ਘੋੜਾ ਚੋਰ ਕਿਹਾ ਜਾਂਦਾ ਹੈ।

ਸੀ ਐੱਮ ਮਾਨ ਨੇ ਬਿਕਰਮ ਮਜੀਠੀਆ ਨੂੰ 5 ਦਸੰਬਰ ਤੱਕ ਦਾ ਸਮਾਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ 5 ਦਸੰਬਰ ਤੱਕ ਦੱਸਣ ਕਿ ਉਹ ਘੋੜੇ ਕਿੱਥੇ ਹਨ। ਜੇਕਰ ਉਹ ਨਹੀਂ ਦੱਸਦਾ ਤਾਂ ਮੀਡੀਆ ਸਾਹਮਣੇ ਸਪਸ਼ਟ ਕਰੇਗਾ ਕਿ ਉਹ ਘੋੜੇ ਕਿੱਥੇ ਗਏ ਸਨ।

ਉਨ੍ਹਾਂ ਨੇ ਕਿਹਾ ਕਿ ਸਵੇਰੇ ਉੱਠ ਕੇ ਉਹ ਸਿਰਫ਼ ਉਨ੍ਹਾਂ ਦੇ ਕੰਮ ਵੱਲ ਉਂਗਲ ਉਠਾਉਂਦੇ ਹਨ। ਮਾਨ ਨੇ ਕਿਹਾ ਕਿ ਇਨ੍ਹਾਂ ਤੋਂ ਰਿਹਾ ਨਹੀਂ ਜਾਂਦਾ ਕਿ ਇੱਕ ਛੋਟੀ ਜਿਹੀ ਜਗ੍ਹਾ ਤੋਂ ਇੱਕ ਪੰਜਾਬੀ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠਾ ਹੈ।