Punjab

ਚੰਡੀਗੜ੍ਹ ਏਅਰ ਸ਼ੋਅ ‘ਚ ਮੁੱਖ ਮੰਤਰੀ ਮਾਨ ਦੀ ਗੈਰ ਹਾਜ਼ਰੀ ‘ਤੇ ਰਾਜਪਾਲ ਨੇ ਚੁੱਕੇ ਸਵਾਲ , ਮੁੱਖ ਮੰਤਰੀ ਕਿੱਥੇ ਨੇ ?

Governor took questions from the stage on the absence of Bhagwant Mann

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (cm bhagwant mann, )ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ( Governor of Punjab Banwarilal Purohit) ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਲੰਘੇ ਕੱਲ੍ਹ ਏਅਰਫੋਰਸ ਡੇ ‘ਤੇ ਚੰਡੀਗੜ੍ਹ ਦੀ ਸੁਖਨਾ ਝੀਲ ‘ਤੇ ਏਅਰ ਸ਼ੋਅ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੀ ਸ਼ਾਮਲ ਹੋਏ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਵਿੱਚ ਨਹੀਂ ਪਹੁੰਚੇ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਰਾਜ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਵਿਖ਼ੇ ਹੋਏ ‘ਏਅਰ ਸ਼ੋਅ’ ਦੌਰਾਨ ਗੈਰ-ਹਾਜ਼ਰੀ ’ਤੇ ਸਵਾਲ ਉਠਾਏ ਹਨ।

ਇਸ ਨੂੰ ਲੈ ਕੇ ਰਾਜਪਾਲ ਨੇ ਉਨ੍ਹਾਂ ‘ਤੇ ਸਵਾਲ ਉਠਾਇਆ ਕਿ ਭਗਵੰਤ ਮਾਨ ਇਸ ਪ੍ਰੋਗਰਾਮ ਵਿੱਚ ਕਿਉਂ ਨਹੀਂ ਆਏ, ਜਦਕਿ ਇਸ ਵਿੱਚ ਰਾਸ਼ਟਰਪਤੀ ਦੀ ਮੌਜੂਦਗੀ ਨਾਲ ਉਨ੍ਹਾਂ ਦਾ ਆਉਣਾ ਸੰਵਿਧਾਨਕ ਜ਼ਿੰਮੇਵਾਰੀ ਸੀ। ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੇ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਸਮਾਗਮ ਦਾ ਸੱਦਾ ਦਿੱਤਾ ਸੀ ਪਰ ਮੁੱਖ ਮੰਤਰੀ ਗੈਰ ਹਾਜ਼ਰ ਹਨ।  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇਸ ਸਮਾਗਮ ਵਿੱਚੋਂ ਨਦਾਰਦ ਰਹਿਣਾ ਮੰਦਭਾਗਾ ਹੈ।

ਦੇਸ਼ ਦੀ ਹਵਾਈ ਸੈਨਾ ਦੇ 90ਵੇਂ ਸਥਾਪਨਾ ਦਿਵਸ ਮੌਕੇ ਪਹਿਲੀ ਵਾਰ ਦਿੱਲੀ ਦੀ ਬਜਾਏ ਚੰਡੀਗੜ੍ਹ ਦੀ ਸੁਖ਼ਨਾ ਝੀਲ ’ਤੇ ਰੱਖੇ ਗਏ ‘ਏਅਰ ਸ਼ੋਅ’ ਸੰਬੰਧੀ ਸਮਾਗਮ ਵਿੱਚ ਰਾਸ਼ਟਰਪਤੀ ਦਰੋਪਦੀ ਮੁਰਮੂ ਮੁੱਖ ਮਹਿਮਾਨ ਸਨ। ਇਸ ਪ੍ਰੋਗਰਾਮ ਵਿੱਚ ਦੇਸ਼ ਦੇ ਰੱਖ਼ਿਆ ਮੰਤਰੀ ਰਾਜਨਾਥ ਸਿੰਘ, ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਹੋਰ ਸ਼ਖਸੀਅਤਾਂ ਹਾਜ਼ਰ ਸਨ।

ਦੂਜੇ ਬੰਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ ਦਲਜੀਤ ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਪ੍ਰੋਗਰਾਮ ‘ਚ ਸ਼ਾਮਲ ਨਾ ਹੋਣ ‘ਤੇ ਨਾਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਨੇ ਸੀਐਮ ਮਾਨ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੀਐਮ ਮਾਨ ਦੀ ਬਦੌਲਤ ਇੱਕ ਵਾਰ ਫਿਰ ਪੰਜਾਬੀਆਂ ਨੂੰ ਦੇਸ਼ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਿਆ ਹੈ। ਭਗਵੰਤ ਮਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੀਐਮ ਦੇ ਅਹੁਦੇ ਦੇ ਨਾਲ ਕੁਝ ਜ਼ਿੰਮੇਵਾਰੀਆਂ ਹਨ, ਉਹ ਕੇਜਰੀਵਾਲ ਦੇ ਨਾਲ-ਨਾਲ ਉਨ੍ਹਾਂ ਨੂੰ ਭੁੱਲ ਗਏ ਹਨ।

ਦਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਦੇ ਦੋ ਦਿਨਾਂ ਦੌਰੇ ਤੇ ਹਨ । ਦੋਵੇਂ ਆਗੂਆਂ ਨੇ ਗੁਜਰਾਤ ਦੇ ਕਬਾਇਲੀ ਬਹੁਲਤਾ ਵਾਲੇ ਦਾਹੋਦ ਜ਼ਿਲ੍ਹੇ ਦੇ ਦਾਹੋਦ ਕਸਬੇ ਵਿੱਚ ਸਾਂਝੇ ਤੌਰ ‘ਤੇ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ ਉਹ ਵਡੋਦਰਾ ਸ਼ਹਿਰ ‘ਚ ਤਿਰੰਗਾ ਯਾਤਰਾ ‘ਚ ਹਿੱਸਾ ਲੈਣਗੇ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ‘ਆਪ’ ਵੱਲੋਂ 22 ਸਤੰਬਰ ਨੂੰ ਸਿਰਫ਼ ਭਰੋਸੇ ਦਾ ਵੋਟ ਸਾਬਤ ਕਰਨ ਲਈ ਬੁਲਾਇਆ ਗਿਆ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਰੱਦ ਕਰ ਦਿੱਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨਾਲ ਸਬੰਧਤ ਮੁੱਦਿਆਂ ਨੂੰ ਲੈ ਕੇ 27 ਸਤੰਬਰ ਨੂੰ ਮੁੜ ਸੈਸ਼ਨ ਬੁਲਾਇਆ ਹੈ। ਜਦੋਂ ਸੈਸ਼ਨ ਸ਼ੁਰੂ ਹੋਇਆ ਤਾਂ ਸਦਨ ਵਿੱਚ ਭਰੋਸੇ ਦਾ ਮਤਾ ਪਾਸ ਕੀਤਾ ਗਿਆ। ਉਦੋਂ ਤੋਂ ਦੋਵਾਂ ਵਿਚਾਲੇ ਤਣਾਅ ਜਾਰੀ ਹੈ।