Punjab

ਰਾਜਸਥਾਨ ਨੂੰ ਵਾਧੂ ਪਾਣੀ ਦੇਣ ਦੇ ਐਲਾਨ ਖ਼ਿਲਾਫ਼ ਅਕਾਲੀ ਦਲ ਨੇ ਖੋਲਿਆ ਮੋਰਚਾ , ਸੁਖਬੀਰ ਬਾਦਲ ਵੱਲੋਂ ਧਰਨੇ ਦਾ ਐਲਾਨ

'CM Mann cheated Punjab by increasing water supply to Rajasthan': Sukhbir Badal

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਰਾਜਸਥਾਨ ਨੂੰ ਦਰਿਆਈ ਪਾਣੀ ਦੇਣ ਦਾ ਦੋਸ਼ ਲਾਉਂਦਿਆਂ ਪੰਜਾਬ ਸਰਕਾਰ ਖ਼ਿਲਾਫ ਮੋਰਚਾ ਖੋਲ ਦਿੱਤਾ ਹੈ। ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਬੋਹਰ ਵਿੱਚ ਸੁਖਬੀਰ ਸਿੰਘ ਬਾਦਲ  ( Sukhbir Singh badal ) ਦੀ ਅਗਵਾਈ ਹੇਠ ਧਰਨਾ ਦੇਣ ਦਾ ਐਲਾਨ ਕੀਤਾ ਹੈ।

ਬਾਦਲ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਰਾਜਸਥਾਨ ਨੂੰ ਜਾਂਦੇ ਪਾਣੀ ਦੀ ਸਪਲਾਈ 700 ਕਿਊਸਿਕ ਤੋਂ ਵਧਾ ਕੇ 1250 ਕਿਊਸਿਕ ਕਰਨ ਲਈ ਰਾਸ਼ਟਰੀ ਲੋਕਤੰਤਰਿਕ ਪਾਰਟੀ ਪ੍ਰਧਾਨ ਨਾਲ ਵਾਅਦਾ ਕਰਨਾ ਪੰਜਾਬ ਨਾਲ ਵੱਡਾ ਧੋਖਾ ਹੈ। ਅਸੀਂ ਅਜਿਹਾ ਕਦੀ ਵੀ ਨਹੀਂ ਹੋਣ ਦੇਵਾਂਗੇ।

ਉਨ੍ਹਾਂ ਨੇ ਮਾਨ ਸਰਕਾਰ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਰਾਜਸਥਾਨ ਨੂੰ ਪੰਜਾਬ ਦੇ 1250 ਕਿਊਸਿਕ ਵਾਧੂ ਪਾਣੀ ਦੀ ਲੁੱਟ ਦੀ ਇਜਾਜ਼ਤ ਦੇਣੀ ਹੈਰਾਨ ਕਰਨ ਵਾਲੀ ਖ਼ਬਰ ਹੈ।

ਸੁਖਬੀਰ ਨੇ ਕਿਹਾ ਕਿ ਉਨ੍ਹਾਂ ਭਗਵੰਤ ਮਾਨ ਨੂੰ ਇਸ ਸਬੰਧੀ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਆਖਿਆ ਸੀ ਪਰ ਇਕ ਦਿਨ ਬੀਤਣ ਦੇ ਬਾਵਜੂਦ ਮੁੱਖ ਮੰਤਰੀ ਨੇ ਚੁੱਪ ਵੱਟੀ ਹੋਈ ਹੈ। ਸੁਖਬੀਰ ਨੇ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤਾ ਗਿਆ ਫੈਸਲਾ ਪੰਜਾਬ ਅਤੇ ਪੰਥ , ਆਰਥਿਕ, ਖੇਤਰੀ ਤੇ ਦਰਿਆਈ ਪਾਣੀਆਂ ਦੇ ਮੁੱਦੇ ’ਤੇ ਕੀਤੇ ਜਾ ਰਹੇ ਧੋਖਿਆਂ ਦੀ ਲਗਾਤਾਰਤਾ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਦੀ ਅਗਵਾਈ ਕੀਤੀ ਅਤੇ ਇਹ ਪਾਣੀ ਹਰਿਆਣਾ ਤੇ ਦਿੱਲੀ ਨੂੰ ਦਿੱਤੇ। ਭਗਵੰਤ ਮਾਨ ਇਸ ਲੁੱਟ ਪ੍ਰਤੀ ਅੱਖਾਂ ਮੀਟਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਪੱਸ਼ਟ ਹੈ ਕਿ ਕੇਜਰੀਵਾਲ ਦੀ ਹਿਦਾਇਤ ’ਤੇ ਭਗਵੰਤ ਮਾਨ ਨੇ ਹੁਣ ਰਾਜਸਥਾਨ ਨੂੰ ਵਾਧੂ ਦਰਿਆਈ ਪਾਣੀ ਦੇਣ ਦੇ ਇਕਰਾਰ ’ਤੇ ਸਹੀ ਪਾਈ ਹੈ, ਜਿਸ ਨਾਲ ਪੰਜਾਬ ਦੇ ਪਹਿਲਾਂ ਹੀ ਕਸੂਤੇ ਫਸੇ ਕਿਸਾਨਾਂ ਦੀ ਤਬਾਹੀ ਹੋਰ ਵਧ ਜਾਵੇਗੀ ਤੇ ਸੂਬੇ ਦੇ ਅਰਥਚਾਰੇ ਨੂੰ ਵੀ ਵੱਡੀ ਸੱਟ ਵੱਜੇਗੀ।

ਸੁਖਬੀਰ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਤਾਂ ਪਹਿਲਾਂ ਹੀ ਪਾਣੀ ਨੂੰ ਤਰਸ ਰਹੇ ਹਨ ਪਰ ਪੰਜਾਬ ਦੀ ‘ਆਪ’ ਸਰਕਾਰ ਬਾਹਰੀ ਸੂਬਿਆਂ ਨੂੰ ਪਾਣੀ ਲੁਟਾ ਰਹੀ ਹੈ। ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਚੰਡੀਗੜ੍ਹ ਵਿਚ ਹਰਿਆਣਾ ਵੱਲੋਂ ਵੱਖਰੀ ਵਿਧਾਨ ਸਭਾ ਦਾ ਵਿਰੋਧ ਕਰਨ ਦੀ ਥਾਂ ਪੰਜਾਬ ਲਈ ਹੀ ਇਸ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਥਾਂ ਮੰਗ ਕੇ ਚੰਡੀਗੜ੍ਹ ’ਤੇ ਆਪਣੇ ਦਾਅਵੇ ਦਾ ਆਤਮਸਮਰਪਣ ਕਰ ਦਿੱਤਾ ਸੀ।

ਹਰਿਆਣਾ ਅਤੇ ਦਿੱਲੀ ਤੋਂ ਬਾਅਦ ਹੁਣ ਰਾਜਸਥਾਨ ਨੂੰ ਵੀ ਦਰਿਆਈ ਪਾਣੀਆਂ ‘ਤੇ ਪੰਜਾਬ ਦੇ ਮੁੱਖ ਮੰਤਰੀ ਦਾ ਸਟੈਂਡ ਪੰਜਾਬ ਨਾਲ ਵੱਡਾ ਧੋਖਾ ਹੈ। ਸ਼੍ਰੋਮਣੀ ਅਕਾਲੀ ਦਲ ਇਸ ਲੁੱਟ ਨੂੰ ਕਦੇ ਵੀ ਲਾਗੂ ਨਹੀਂ ਦੇਵੇਗਾ, ਅਸੀਂ ਇਸਦਾ ਡੱਟਵਾਂ ਵਿਰੋਧ ਕਰਾਂਗੇ। ਪੰਜਾਬ ਦੇ ਕਿਸਾਨ ਤਾਂ ਬੂੰਦ ਬੂੰਦ ਨੂੰ ਤਰਸ ਰਹੇ ਹਨ ਪਰ ਪੰਜਾਬ ਦੀ ‘ਆਪ’ ਸਰਕਾਰ ਬਾਹਰੀ ਸੂਬਿਆਂ ਨੂੰ ਪਾਣੀ ਲੁਟਾ ਰਹੀ ਹੈ।