ਬਿਊਰੋ ਰਿਪੋਰਟ : SGPC ਦੇ ਵਿਸ਼ੇਸ਼ ਇਜਲਾਸ ਵਿੱਚ ਗੁਰਦੁਆਰਾ ਸੋਧ ਬਿੱਲ 2023 ਨੂੰ ਰੱਦ ਕਰਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਦਾੜੀ ਅਤੇ ਰਾਗੀ ਸਿੰਘਾਂ ਦੀ ਬੇਅਦਬੀ ਕਰਨ ‘ਤੇ ਜਨਤਕ ਮੁਆਫੀ ਦੀ ਮੰਗ ਦਾ ਮਤਾ ਪਾਸ ਕਰਨ ਤੋਂ ਬਾਅਦ ਹੁਣ ਸੀਐੱਮ ਮਾਨ ਨੇ ਵੀ ਮੋੜਵਾ ਜਵਾਬ ਦਿੱਤਾ ਹੈ । ਉਨ੍ਹਾਂ ਨੇ ਟਵੀਟ ਕਰਦੇ ਹੋਏ ਸਿੱਧਾ ਨਿਸ਼ਾਨਾ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ‘ਤੇ ਲਗਾਇਆ ਅਤੇ ਗੁਰਬਾਣੀ ਪ੍ਰਸਾਰਣ ਨੂੰ ਲੈਕੇ ਅਹਿਮ ਸਵਾਲ ਵੀ ਪੁੱਛਿਆ ।
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ “ਮੁੱਖ ਬੁਲਾਰੇ” ਸ੍ਰੀ ਹਰਜਿੰਦਰ ਸਿੰਘ ਧਾਮੀ ਜੀ ਅੱਜ ਦੇ ਇਜਲਾਸ ਵਿੱਚ ਪਵਿੱਤਰ ਗੁਰਬਾਣੀ ਦੇ ਸਭ ਨੂੰ ਮੁਫਤ ਪ੍ਰਸਾਰਣ ਬਾਰੇ ਕੋਈ ਵਿਚਾਰ ਵਟਾਂਦਰਾ ਹੋਇਆ ਜਾਂ ਫਿਰ ਮੈਨੂੰ ਗਾਲਾਂ ਕੱਢਣ ਦਾ ਮਤਾ ਪਾਸ ਕਰਕੇ ਇਜਲਾਸ ਖਤਮ??..ਧਾਮੀ ਸਾਹਬ ਲੋਕ ਸਭ ਦੇਖ ਰਹੇ ਨੇ..ਕਬੂਤਰ ਦੇ ਅੱਖਾਂ ਮੀਚਣ ਨਾਲ ਬਿੱਲੀ ਨਹੀਂ ਭੱਜਦੀ…
— Bhagwant Mann (@BhagwantMann) June 26, 2023
ਮੁਫਤ ਪ੍ਰਸਾਸਣ ਬਾਰੇ ਵਿਚਾਰ ਵਟਾਂਦਰਾ ਹੋਇਆ
ਟਵੀਟ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਲਿਖਿਆ ‘ਸ਼੍ਰੋਮਣੀ ਅਕਾਲੀ ਦਲ ਬਾਦਲ ਦੇ “ਮੁੱਖ ਬੁਲਾਰੇ” ਸ੍ਰੀ ਹਰਜਿੰਦਰ ਸਿੰਘ ਧਾਮੀ ਜੀ ਅੱਜ ਦੇ ਇਜਲਾਸ ਵਿੱਚ ਪਵਿੱਤਰ ਗੁਰਬਾਣੀ ਦੇ ਸਭ ਨੂੰ ਮੁਫਤ ਪ੍ਰਸਾਰਣ ਬਾਰੇ ਕੋਈ ਵਿਚਾਰ ਵਟਾਂਦਰਾ ਹੋਇਆ ਜਾਂ ਫਿਰ ਮੈਨੂੰ ਗਾਲਾਂ ਕੱਢਣ ਦਾ ਮਤਾ ਪਾਸ ਕਰਕੇ ਇਜਲਾਸ ਖਤਮ??..ਧਾਮੀ ਸਾਹਬ ਲੋਕ ਸਭ ਦੇਖ ਰਹੇ ਨੇ..ਕਬੂਤਰ ਦੇ ਅੱਖਾਂ ਮੀਚਣ ਨਾਲ ਬਿੱਲੀ ਨਹੀਂ ਭੱਜਦੀ…’। ਸਾਫ ਹੈ ਇਸ ਟਵੀਟ ਦੇ ਜ਼ਰੀਏ ਮੁੱਖ ਮੰਤਰੀ ਮਾਨ SGPC ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਪਿੱਛੇ ਨਹੀਂ ਹਟਣ ਵਾਲੇ ਹਨ ਅਤੇ ਗੁਰਬਾਣੀ ਪ੍ਰਸਾਰਣ ਦੇ ਬਿੱਲ ਨੂੰ ਲੈਕੇ ਸਰਕਾਰ ਸੰਜੀਦਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵਿਸ਼ੇਸ਼ ਇਜਲਾਸ ‘ਚ ਉਨ੍ਹਾਂ ‘ਤੇ ਦੋਸ਼ ਲਾਉਣ ਤੋਂ ਇਲਾਵਾ ਇਸ ਵਿੱਚ ਹੋਰ ਕੀ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਵਿਸ਼ੇਸ਼ ਤੌਰ ‘ਤੇ ਬੁਲਾਏ ਗਏ ਇਜਲਾਸ ਨੂੰ ਸਿਰਫ਼ ਉਨ੍ਹਾਂ ਦੀ ਨਿੰਦਾ ਕਰਨ ਲਈ ਇੱਕ ਮੰਚ ਵਜੋਂ ਵਰਤਿਆ ਗਿਆ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਪਵਿੱਤਰ ਗੁਰਬਾਣੀ ਦੇ ਮੁਫ਼ਤ ਪ੍ਰਸਾਰਣ ਦਾ ਮੁੱਦਾ ਇਜਲਾਸ ਵਿੱਚ ਕਿੱਥੇ ਗੁਆਚ ਗਿਆ ਅਤੇ ਇਸ ਨੂੰ ਉਭਾਰਿਆ ਕਿਉਂ ਨਹੀਂ ਗਿਆ। ਉਨ੍ਹਾਂ ਕਿਹਾ ਕਿ ਇਹ ਇਜਲਾਸ ਸ਼੍ਰੋਮਣੀ ਕਮੇਟੀ ‘ਤੇ ਰਾਜ ਕਰ ਰਹੇ ਪਰਿਵਾਰ ਨੂੰ ਬਚਾਉਣ ਲਈ ਆਗੂਆਂ ਦੇ ਇਕੱਠ ਤੋਂ ਵੱਧ ਕੁਝ ਨਹੀਂ ਹੈ।
‘ਨਿੰਦਾ ਤੇ ਚੁਗਲੀ ਤੱਕ ਸੀਮਤ ਰਿਹਾ ਇਜਲਾਸ’
ਮੁੱਖ ਮੰਤਰੀ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਸਿਰਫ਼ ਆਪਣੇ ਆਕਾਵਾਂ ਦੇ ਇਸ਼ਾਰੇ ‘ਤੇ ਚੱਲ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁੱਖ ਬੁਲਾਰੇ ਵਜੋਂ ਵਿਚਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਦਾ ਇਜਲਾਸ ਪਵਿੱਤਰ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਨਾਲ ਜੁੜੇ ਸੰਜੀਦਾ ਮੁੱਦੇ ’ਤੇ ਵਿਚਾਰ ਕਰਨ ਦੀ ਬਜਾਏ ਸਿਰਫ਼ ਨਿੰਦਾ-ਚੁਗਲੀ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਲੋਕ ਸਭ ਜਾਣਦੇ ਹਨ ਅਤੇ ਉਨ੍ਹਾਂ ਨੂੰ ਭਲੀ ਭਾਂਤ ਪਤਾ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਇਸ ਦੇ ਪ੍ਰਧਾਨ ਕਿਵੇਂ ਅਕਾਲੀ ਦਲ ਵਿਚ ਇਕ ਪਰਿਵਾਰ ਦੀ ਕਠਪੁਤਲੀ ਬਣ ਕੇ ਕੰਮ ਕਰ ਰਹੇ ਹਨ।
ਸੀਐੱਮ ਮਾਨ ਦੇ ਨਾਂ ਨਾਲੋਂ ਸਿੰਘ ਸ਼ਬਦ ਹਟਾਇਆ
SGPC ਦੇ ਇਜਲਾਸ ਦੌਰਾਨ ਜਿੱਥੇ ਗੁਰਦੁਆਰਾ ਸੋਧ ਬਿੱਲ 2023 ਨੂੰ ਰੱਦ ਕੀਤਾ ਗਿਆ ਉਧਰ ਇਹ ਵੀ ਤੈਅ ਕੀਤਾ ਗਿਆ ਹੈ ਕਿ ਰਾਜਪਾਲ ਅਤੇ ਰਾਸ਼ਟਰਪਤੀ,ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਬਿੱਲ ਦੇ ਖਿਲਾਫ ਇੱਕ ਵਫਦ ਮਿਲੇਗਾ। ਇਸ ਤੋਂ ਇਲਾਵਾ ਸ਼੍ਰੀ ਅਕਾਲ ਤਖਤ ‘ਤੇ ਅਰਦਾਸ ਕਰਕੇ SGPC ਮਾਨ ਸਰਕਾਰ ਖਿਲਾਫ ਮੋਰਚਾ ਵੀ ਖੋਲੇਗੀ। ਸ਼੍ਰੋਮਣੀ ਕਮੇਟੀ ਵੱਲੋਂ ਸੱਦੇ ਗਏ ਸਪੈਸ਼ਲ ਸੈਸ਼ਨ ਵਿੱਚ ਜਦੋਂ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਮਤਾ ਪੇਸ਼ ਕੀਤਾ ਤਾਂ ਉਸ ਵਿਚ ਨਾਂ ਭਗਵੰਤ ਸਿੰਘ ਮਾਨ ਪੜ੍ਹਿਆ। ਇਸ ’ਤੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਇਤਰਾਜ਼ ਜਤਾਇਆ ਕਿ ਜਦੋਂ ਭਗਵੰਤ ਮਾਨ ਆਪਣੇ ਨਾਂ ਨਾਲ ’ਸਿੰਘ’ ਸ਼ਬਦ ਨਹੀਂ ਲਗਾਉਂਦੇ ਤਾਂ ਫਿਰ ਮਤੇ ਵਿਚ ਵੀ ’ਸਿੰਘ’ ਸ਼ਬਦ ਉਹਨਾਂ ਦੇ ਨਾਂ ਨਾਲ ਨਾ ਜੋੜਿਆ ਜਾਵੇ। ਇਸ ’ਤੇ ਐਡਵੋਕੇਟ ਧਾਮੀ ਨੇ ਤੁਰੰਤ ਸੋਧ ਸਵੀਕਾਰ ਕਰਦਿਆਂ ਕਿਹਾ ਕਿ ਇਸ ਵਿੱਚੋਂ ’ਸਿੰਘ’ ਸ਼ਬਦ ਕੱਟਿਆ ਜਾਂਦਾ ਹੈ ਤੇ ਇਸਨੂੰ ਭਗਵੰਤ ਮਾਨ ਹੀ ਪੜ੍ਹਿਆ ਜਾਵੇ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਨੇ ਇਸ ਮੌਕੇ SGPC ਦੇ ਵੱਖਰੇ ਚੈਨਲ ਦੀ ਹਮਾਇਤ ਕਰਦਿਆਂ ਕਿਹਾ ਕਿ ਹਰੇਕ ਚੈਨਲ ਦਾ ਆਪਣਾ ਵੱਖਰਾ ਵੱਖਰਾ ਚੈਨਲ ਹੈ, ਇਸ ਲਈ ਸਿੱਖਾਂ ਕੋਲ ਤਾਂ ਏਨੀ ਸ਼ਕਤੀ ਹੈ ਕਿ 10-10 ਚੈਨਲ ਚਲਾਏ ਜਾ ਸਕਦੇ ਹਨ, ਬਸ ਸਿੱਖਾਂ ਨੂੰ ਆਵਾਜ਼ ਮਾਰਨ ਦੀ ਜ਼ਰੂਰਤ ਹੈ।
ਬੀਬੀ ਜਗੀਰ ਕੌਰ ਤੇ ਧਾਮੀ ਵਿੱਚ ਤਿੱਖੀ ਬਹਿਸ
SGPC ਦੇ ਵਿਸ਼ੇਸ਼ ਇਜਲਾਸ ਦੌਰਾਨ ਬੀਬੀ ਜਗੀਰ ਕੌਰ ਨੇ ਜਿੱਥੇ ਪੰਜਾਬ ਸਰਕਾਰ ਦੇ ਗੁਰਦੁਆਰਾ ਸੋਧ ਬਿੱਲ 2023 ਦਾ ਤਿੱਖਾ ਵਿਰੋਧ ਕਰਦੇ ਹੋਏ ਇਸ ਨੂੰ ਸਿੱਖਾਂ ਦੀ ਸਿਰਮੋਰ ਸੰਸਥਾ ‘ਤੇ ਸਿੱਧਾ ਕਬਜ਼ਾ ਦੱਸਿਆ ਉਧਰ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ SGPC ਦੇ ਪ੍ਰਧਾਨ ਨੂੰ ਘੇਰਿਆ । ਬੀਬੀ ਜਗੀਰ ਕੌਰ ਨੇ ਕਿਹਾ ਸਿਰਫ PTC ਨੂੰ ਪ੍ਰਸਾਸਣ ਦੇ ਅਧਿਕਾਰ ਦੇਣਾ ਹੀ ਮੁੱਦਾ ਨਹੀਂ ਹੈ ਬਲਕਿ ਲਿਫਾਫਾ ਕਲਚਰ ਨੇ ਵੀ ਸਿੱਖ ਮਰਿਆਦਾ ਨੂੰ ਸੱਟ ਮਾਰੀ ਹੈ,ਇੱਕ ਪਰਿਵਾਰ ਦੇ ਹਿੱਤਾਂ ਲਈ ਪੰਥਕ ਸੋਚ ਦੇ ਸਿਧਾਂਤ ਨੂੰ ਤਲਾਂਜਲੀ ਦਿੱਤੀ ਗਈ। ਅਸੀਂ ਗੁਰੂ ਨਾਨਕ ਦੀ ਸੋਚ ਤੋਂ ਮੁਖ ਮੋੜਿਆ ਹੈ । ਇਸ ਤੋਂ ਬਾਅਦ ਜਦੋਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ 2 ਮਤੇ ਪੇਸ਼ ਕਰਨਾ ਚਾਹੁੰਦੇ ਹਨ ਤਾਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਦਾ ਸਖਤ ਵਿਰੋਧ ਕੀਤਾ ਉਨ੍ਹਾਂ ਕਿਹਾ ਇਹ ਮੇਰਾ ਕੰਮ ਹੈ। ਦੋਵਾਂ ਦੇ ਵਿਚਾਲੇ ਤਿੱਖੀ ਬਹਿਸ ਦੌਰਾਨ SGPC ਦਾ ਲਾਈਵ ਪ੍ਰਸਾਰਣ ਬੰਦ ਕਰ ਦਿੱਤਾ ਗਿਆ ।