India Punjab

CM ਮਾਨ ਨੇ PM ਤੋਂ ਪੰਜਾਬ ਲਈ ਮੰਗੀ ਇਹ ਡਿਊਟੀ !

ਨਵੀਂ MSP ਕਮੇਟੀ ਦੀ ਰੱਖੀ ਮੰਗ

‘ਦ ਖਾਲਸ ਬਿਊਰੋ:ਨੀਤੀ ਆਯੋਗ ਦੀ 7ਵੀਂ ਗਵਰਨਿੰਗ ਕੌਂਸਲ ਮੀਟਿੰਗ ਰਾਸ਼ਟਰੀ ਰਾਜਧਾਨੀ ਵਿੱਚ ਰਾਸ਼ਟਰਪਤੀ ਭਵਨ ਦੇ ਸੱਭਿਆਚਾਰਕ ਕੇਂਦਰ ਵਿੱਚ ਹੋਈ ਹੈ ,ਜਿਸ ਦੀ ਪ੍ਰਧਾਨਗੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ । ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਣੇ ਦੇਸ਼ ਦੇ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀਆਂ ਤੇ ਹੋਰ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਹੈ। ਮੀਟਿੰਗ ਦੌਰਾਨ ਰਾਜਾਂ ਦੇ ਪ੍ਰਤੀਨਿਧੀਆਂ ਨੇ ਆਪਣੇ ਸੂਬਿਆਂ ਨਾਲ ਸਬੰਧ ਸਮੱਸਿਆਵਾਂ ਤੇ ਆਪਣੀਆਂ ਮੰਗਾਂ ਤੋਂ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਇਆ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਉਹ ਇਸ ਮੀਟਿੰਗ ਦੇ ਸਬੰਧ ਵਿੱਚ ਬਹੁਤ ਉਤਸ਼ਾਹਿਤ ਸਨ।ਦੇਸ਼ ਦੇ ਹੋਰਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਸਣੇ ਉਹਨਾਂ ਦੀਆਂ ਮੰਗਾਂ ਵੀ ਪ੍ਰਧਾਨ ਮੰਤਰੀ ਨੇ ਸੁਣੀਆਂ ਤੇ ਨੋਟ ਕੀਤੀਆਂ ਹਨ।


ਮੁੱਖ ਮੰਤਰੀ ਮਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਗੇ ਪੰਜਾਬ ਦੇ ਕਿਸਾਨਾਂ, ਪਾਣੀਆਂ, ਪੰਜਾਬ ਯੂਨੀਵਰਸਿਟੀ, ਐਮਐਸਪੀ ਕਮੇਟੀ ‘ਚ ਪੰਜਾਬ ਦੀ ਨੁਮਾਇੰਦਗੀ ਸਮੇਤ ਕਈ ਅਹਿਮ ਮਸਲਿਆਂ ‘ਤੇ ਆਪਣੀ ਗੱਲ ਰੱਖੀ ਤੇ ਜਲਦ ਹੱਲ ਲਈ ਅਪੀਲ ਕੀਤੀ।
ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਪਿਛਲੇ ਮੁੱਖ ਮੰਤਰੀਆਂ ‘ਤੇ ਵਰਦੇ ਹੋਏ ਦੱਸਿਆ ਕਿ ਇਸ ਤੋਂ ਪਹਿਲਾਂ ਪੰਜਾਬ ਦਾ ਕੋਈ ਵੀ ਮੰਤਰੀ ਨੀਤੀ ਆਯੋਗ ਦੀ ਮੀਟਿੰਗ ਵਿੱਚ ਨਹੀਂ ਸ਼ਾਮਲ ਹੋਇਆ ਹੈ ਹਾਲਾਂਕਿ ਇਸ ਬਾਰੇ ਲਗਾਤਾਰ ਸੱਦਾ ਪੱਤਰ ਆਉਂਦੇ ਰਹੇ ਹਨ ਪਰ ਉਹ ਆਪਣੀ ਐਸ਼ੋ ਆਰਾਮ ਦੀ ਜਿੰਦਗੀ ਵਿੱਚ ਲੀਨ ਰਹੇ ।ਮਾਨ ਨੇ ਕਿਹਾ ਕਿ ਅੱਜ ਹੋਈ ਮੀਟਿੰਗ ਵਿੱਚ ਮੈਂ ਪੂਰੀ ਤਿਆਰੀ ਨਾਲ ਗਿਆ ਸੀ ਤੇ ਉਥੇ ਪੰਜਾਬ ਦੇ ਕਈ ਮਸਲੇ ਪੂਰੀ ਗੰਭੀਰਤਾ ਨਾਲ ਰੱਖੇ ਹਨ।ਜਿਸ ਵਿੱਚ ਸਭ ਤੋਂ ਗੰਭੀਰ ਮਸਲਾ ਫਸਲੀ ਵਿਭਿੰਨਤਾ ਦਾ ਸੀ।ਕਿਸਾਨਾਂ ਨੂੰ ਝੋਨੇ ਕਣਕ ਦੇ ਰਵਾਇਤੀ ਚੱਕਰਾਂ ‘ਚੋਂ ਬਾਹਰ ਕੱਢਣ ਦੀ ਲੋੜ ਹੈ ਕਿਉਂਕਿ ਪਾਣੀ ਦਾ ਮਸਲਾ ਬਹੁਤ ਗੰਭੀਰ ਹੁੰਦਾ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਮੀਟਿੰਗ ਵਿੱਚ ਉਹਨਾਂ ਨੇ ਬਦਲਵੀਆਂ ਫਸਲਾਂ ‘ਤੇ ਐਮਐਸਪੀ ਦੀ ਵੀ ਮੰਗ ਕੀਤੀ ਹੈ ਤਾਂ ਜੋ ਕਿਸਾਨ ਕਣਕ ਝੋਨੇ ਨੂੰ ਛੱਡ ਸਕਣ।ਕੇਂਦਰ ਦੀ ਐਮਐਸਪੀ ਕਮੇਟੀ ਵੀ ਦੋਬਾਰਾ ਬਣਾਈ ਜਾਵੇ ਕਿਉਂਕਿ 26 ਵਿੱਚੋਂ 23 ਮੈਂਬਰ ਸਰਕਾਰ ਨੇ ਆਪਣੀ ਮਰਜੀ ਦੇ ਲਾਏ ਗਏ ਹਨ।
ਮਾਨ ਨੇ ਇਹ ਵੀ ਦੱਸਿਆ ਕਿ ਦੇਸ਼ ਵਿੱਚ ਦਾਲਾਂ ਬਾਹਰੋਂ ਮੰਗਵਾਈਆਂ ਜਾਂਦੀਆਂ ਹਨ ਪਰ ਪੰਜਾਬ ਦਾਲਾਂ ਦਾ ਉਤਪਾਦਨ ਕਰਨ ਨੂੰ ਤਿਆਰ ਹੈ,ਸ਼ਰਤ ਇਹ ਹੈ ਕਿ ਕੇਂਦਰ ਐਮਐਸਪੀ ‘ਤੇ ਗਰੰਟੀ ਦੇਵੇ ।ਪੰਜਾਬ ਇੱਕ ਅਜਿਹਾ ਸੂਬਾ ਜੋ ਦੇਸ਼ ਨੂੰ ਆਤਮਨਿਰਭਰ ਬਣਾ ਸਕਦਾ ਹੈ।
ਪੰਜਾਬ ਦੀ ਸਿੱਖਿਆ ਪ੍ਰਣਾਲੀ ‘ਤੇ ਵੀ ਮਾਨ ਨੇ ਕਿਹਾ ਹੈ ਕਿ ਇਹ ਬਹੁਤ ਬਦਤਰ ਹੋ ਚੁੱਕੀ ਹੈ ਪਰ ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਸ ਨੂੰ ਠੀਕ ਕਰ ਦਿੱਤਾ ਜਾਵੇ।ਇਸ ਤੋਂ ਇਲਾਵਾ ਕੁੜੀਆਂ ਦੀ ਸਿੱਖਿਆ ਵਲ ਵੀ ਖਾਸ ਧਿਆਨ ਦਿੱਤਾ ਜਾਵੇਗਾ।
ਪੰਜਾਬ ਦੇ ਵੱਡੇ ਸ਼ਹਿਰਾਂ ਜਲੰਧਰ,ਪਟਿਆਲਾ,ਲੁਧਿਆਣਾ,ਅੰਮ੍ਰਿਤਸਰ,ਫਿਰੋਜਪੁਰ ਤੇ ਬਠਿੰਡਾ ਵਿੱਚ ਨਵੀਂ ਇੰਡਸਟਰੀ ਲਾਉਣ,ਸੀਵਰੇਜ ਦੇ ਪਾਣੀ ਦਾ ਸਹੀ ਢੰਗ ਨਾਲ ਨਿਪਟਾਰਾ ਤੇ ਫੋਕਲ ਪੁਆਇੰਟ ਅਲਗ ਕਰਨ ਦੀ ਵੀ ਤਜਵੀਜ਼ ਹੈ।
ਇਸ ਸਭ ਤੋਂ ਇਲਾਵਾ ਭਗਵੰਤ ਮਾਨ ਨੇ G-20 ਦੇਸ਼ਾਂ ਦੇ ਸੰਮੇਲਨ ਲਈ ਅੰਮ੍ਰਿਤਸਰ ਦੀ ਮੇਜ਼ਬਾਨੀ ਵੀ ਮੰਗੀ ਹੈ।ਕਿਉਂਕਿ ਭਾਰਤ ਨੂੰ 1 ਸਤੰਬਰ ਨੂੰ ਚੇਅਰਮੈਨਸ਼ਿਪ ਮਿਲ ਰਹੀ ਹੈ,ਸੋ ਦੇਸ਼ ਦੇ ਕਈ ਸ਼ਹਿਰਾਂ ਵਿੱਚ ਇਸ ਦੀਆਂ ਮੀਟਿੰਗਾ ਹੋਣਗੀਆਂ।ਉਹਨਾਂ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਵੀ ਇਹ ਮੀਟਿੰਗ ਕਰਵਾਉਣ ਦੀ ਅਪੀਲ ਕੀਤੀ ਹੈ।