Punjab

SGPC ਨੇ ਬਦਲਿਆ YOUTUBE CHANNEL ਦਾ ਨਾਂ ! CM ਮਾਨ ਨੇ ਰਾਜਪਾਲ ਨੂੰ ਧਾਰਮਿਕ ਭਾਵਨਾਵਾਂ ਦਾ ਦਿੱਤਾ ਵਾਸਤਾ ! ਕਿਹਾ ਸਿੱਖਾਂ ਦੀ ਮੰਗ ਜਲਦ ਪੂਰੀ ਕਰੋ !

ਬਿਊਰੋ ਰਿਪੋਰਟ : SGPC ਵੱਲੋਂ 24 ਜੁਲਾਈ ਨੂੰ ਗੁਰਬਾਣੀ ਦੇ ਸਿੱਧਾ ਪ੍ਰਸਾਰਣ ਦੇ ਲਈ YOUTUBE ਚੈਨਲ ਸ਼ੁਰੂ ਕਰਨ ਅਤੇ ਸੈਟਲਾਇਟ ਚੈਨਲ ਲਈ ਕੇਦਰ ਤੋਂ ਮਨਜ਼ੂਰੀ ਲੈਣ ਦੇ ਐਲਾਨ ਦੇ ਬਾਵਜੂਦ ਇਸ ‘ਤੇ ਸਿਆਸਤ ਹੋਰ ਤੇਜ਼ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸਿੱਖ ਗੁਰਦੁਆਰਾ ਸੋਧ ਬਿੱਲ 2023 ਨੂੰ ਜਲਦ ਤੋਂ ਜਲਦ ਪਾਸ ਕਰਨ ਦੀ ਅਪੀਲ ਕੀਤੀ ਹੈ । ਉਨ੍ਹਾਂ ਨੇ ਕਿਹਾ ਸਰਬ ਸਾਂਝੀ ਬਾਣੀ ‘ਤੇ ਸਿਰਫ ਇੱਕ ਹੀ ਸਿਆਸੀ ਪਰਿਵਾਰ ਦਾ ਕਬਜ਼ਾ ਹੈ ਅਤੇ ਉਹ ਹੀ ਮੁਨਾਫਾ ਕਮਾ ਰਿਹਾ ਹੈ ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਗੁਰਬਾਣੀ ਸਾਰਿਆਂ ਲਈ ਸਾਂਝੀ ਹੋਣੀ ਚਾਹੀਦੀ ਹੈ । ਇਸੇ ਮਨਤਵ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਫ੍ਰੀ ਪ੍ਰਸਾਰਣ ਦੇ ਲਈ ਸਿੱਖ ਗੁਰਦੁਆਰਾ ਸੋਧ ਬਿਲ 2023 ਵਿਧਾਨਸਭਾ ਵਿੱਚ ਪਾਸ ਕਰਕੇ ਤੁਹਾਡੇ ਕੋਲ ਭੇਜਿਆ ਗਿਆ ਸੀ । ਪਰ 26 ਜੂਨ 2023 ਤੋਂ ਇਹ ਬਿੱਲ ਤੁਹਾਡੇ ਕੋਲ ਪਿਆ ਹੈ ਪਰ ਹੁਣ ਤੱਕ ਇਸ ‘ਤੇ ਹਸਤਾਖਰ ਨਹੀਂ ਕੀਤੇ ਗਏ ਹਨ । ਉਨ੍ਹਾਂ ਕਿਹਾ ਸਾਨੂੰ ਪਤਾ ਚੱਲਿਆ ਹੈ ਕਿ SGPC ਦਾ ਗੁਰਬਾਣੀ ਨੂੰ ਲੈਕੇ ਮੌਜੂਦਾ ਚੈਨਲ ਦੇ ਨਾਲ ਕਰਾਰ 23 ਜੁਲਾਈ ਨੂੰ ਖਤਮ ਹੋ ਰਿਹਾ ਹੈ ਅਜਿਹੇ ਵਿੱਚ ਜੇਕਰ ਕੋਈ ਫੈਸਲਾ ਜਲਦ ਨਹੀਂ ਲਿਆ ਗਿਆ ਤਾਂ ਸਿੱਖ ਸੰਗਤ ਲਈ ਗੁਰਬਾਣੀ ਦਾ ਆਨੰਦ ਮਾਣਨਾ ਮੁਸ਼ਕਿਲ ਹੋ ਜਾਵੇਗਾ ਅਤੇ ਇਹ ਦੁਨੀਆ ਭਰ ਵਿੱਚ ਬੈਠੀ ਸਿੱਖ ਸੰਗਤ ਲਈ ਨਾਮੋਸ਼ੀ ਵਾਲੀ ਗੱਲ ਹੋਵੇਗੀ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇਗੀ ।

ਮਾਨ ਨੇ ਰਾਜਪਾਲ ਨੂੰ ਕਿਹਾ ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਸਿੱਖ ਗੁਰਦੁਆਰਾ ਸੋਧ ਬਿੱਲ 2023 ਨੂੰ ਜਲਦ ਤੋਂ ਜਲਦ ਹਸਤਾਖਰ ਕਰਕੇ ਭੇਜੋ । ਜਿਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਤੋਂ ਟੈਲੀਕਾਸਟ ਹੋਣ ਵਾਲੀ ਗੁਰਬਾਣੀ ਨੂੰ ਸਾਰੇ ਚੈਨਲਾਂ ਦੇ ਜ਼ਰੀਏ ਪਹੁੰਚਾਇਆ ਜਾ ਸਕੇ ।

ਉਧਰ SGPC ਨੇ 24 ਜੁਲਾਈ ਨੂੰ ਸ਼ੁਰੂ ਹੋਣ ਵਾਲੇ ਯੂਟਿਊਬ ਚੈਨਲ ਦਾ ਨਾਂ ਵੀ ਬਦਲ ਦਿੱਤਾ ਹੈ । ਪਹਿਲਾਂ ਦਾ ‘ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ,ਸ੍ਰੀ ਅੰਮ੍ਰਿਤਸਰ’ ਸੀ ਪਰ ਹੁਣ ਨਵਾਂ ਨਾਂ ‘ਸੱਚਖੰਡ ਸ੍ਰੀ ਦਰਬਾਰ ਸਾਹਿਬ,ਸ੍ਰੀ ਅੰਮ੍ਰਤਸਰ’ ਰੱਖਿਆ ਗਿਆ ਹੈ।