Punjab

ਇਸ ਵਾਰ ਵੀ 4 ਪੜਾਅ ‘ਚ ਝੋਨੇ ਦੀ ਲਵਾਈ ਹੋਵੇਗੀ ! CM ਮਾਨ ਨੇ ਤਰੀਕਾਂ ਦਾ ਕੀਤਾ ਐਲਾਨ ! ਪਿਛਲੀ ਵਾਰ ਕਿਸਾਨਾਂ ਨੇ ਇਸ ਤਰੀਕ ਨੂੰ ਲੈਕੇ ਚੁੱਕੇ ਸਨ ਸਵਾਲ

ਬਿਊਰੋ ਰਿਪੋਰਟ : ਝੋਨੇ ਦੀ ਵਜ੍ਹਾ ਕਰਕੇ ਜ਼ਮੀਨ ਦੇ ਹੇਠਲੇ ਪਾਣੀ ਨੂੰ ਬਚਾਉਣ ਅਤੇ ਬਿਜਲੀ ਦੀ ਖਪਤ ਦਾ ਪ੍ਰਬੰਧਨ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ 2 ਵੱਡੇ ਐਲਾਨ ਕੀਤੇ ਹੈ। ਉਨ੍ਹਾਂ ਨੇ ਦੱਸਿਆ ਕਿ 2 ਵੱਡੀਆਂ ਸਰਕਾਰ ਅਤੇ ਕਿਸਾਨ ਮਿਲਣੀ ਵਿੱਚ ਮਿਲੇ ਸੁਝਾਵਾਂ ਤੋਂ ਬਾਅਦ ਝੋਨੇ ਦੀ ਲਵਾਈ ਨੂੰ 4 ਹਿੱਸਿਆਂ ਵਿੱਚ ਵੰਡਿਆ ਗਿਆ ਹੈ । ਹਰ ਸਾਲ ਵਾਂਗ ਪੰਜਾਬ ਵਿੱਚ ਇਸ ਵਾਰ ਵੀ 10 ਜੂਨ ਤੋਂ ਹੀ ਝੋਨੇ ਲਵਾਈ ਹੋਵੇਗੀ,ਪਰ ਵੱਖ-ਵੱਖ ਸਮੇਂ,ਖਾਸ ਗੱਲ ਇਹ ਹੈ ਕਿ ਹਰ ਪੜਾਅ ਵਿੱਚ ਮਾਝਾ,ਮਾਲਵਾ ਅਤੇ ਦੋਆਬੇ ਦੇ ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਗਿਆ ਹੈ

ਝੋਨੇ ਦੀ ਲਵਾਈ ਦੀਆਂ ਤਰੀਕਾਂ

ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਸਭ ਤੋਂ ਪਹਿਲਾਂ 10 ਜੂਨ ਨੂੰ ਤਾਰ ਦੇ ਪਰਲੇ ਪਾਸੇ ਝੋਨੇ ਦੀ ਲਵਾਈ ਹੋਵੇਗੀ, ਉਸ ਤੋਂ ਬਾਅਦ 16 ਜੂਨ ਨੂੰ 7 ਵੱਖ-ਵੱਖ ਜ਼ਿਲ੍ਹਿਆਂ ਵਿੱਚ ਝੋਨੇ ਦੀ ਲਵਾਈ ਹੋਵੇਗੀ, ਇਸ ਵਿੱਚ ਮਾਝਾ ਅਤੇ ਮਾਲਵਾ ਦੇ ਜ਼ਿਲ੍ਹਿਆ ਨੂੰ ਸ਼ਾਮਲ ਕੀਤਾ ਗਿਆ ਹੈ । ਜਿਸ ਵਿੱਚ ਫਿਰੋਜ਼ਪੁਰ,ਫਰੀਦਕੋਟ,ਪਠਾਨਕੋਟ,ਸ੍ਰੀ ਫਤਿਹਗੜ੍ਹ ਸਾਹਿਬ,ਗੁਰਦਾਸਪੁਰ,ਸ਼ਹੀਦ ਭਗਤ ਸਿੰਘ ਨਗਰ ਅਤੇ ਤਰਨਤਾਰਨ ਸ਼ਾਮਲ ਹੈ । ਇਸ ਤੋਂ ਇਲਾਵਾ ਝੋਨੇ ਦੀ ਲਵਾਈ ਦਾ ਤੀਜਾ ਪੜਾਅ 19 ਜੂਨ ਨੂੰ ਸ਼ੁਰੂ ਹੋਵੇਗਾ ਜਿਸ ਵਿੱਚ ਰੂਪਨਗਰ,ਮੁਹਾਲੀ,ਕਪੂਰਥਲਾ,ਲੁਧਿਆਣਾ,ਫਾਜ਼ਿਲਕਾ,ਬਠਿੰਡਾ,ਅੰਮ੍ਰਿਤਸਰ ਨੂੰ ਸ਼ਾਮਲ ਕੀਤਾ ਗਿਆ ਹੈ। ਚੌਥੇ ਪੜਾਅ ਦੀ ਸ਼ੁਰੂਆਤ 21 ਜੂਨ ਤੋਂ ਹੋਵੇਗੀ,ਪਟਿਆਲਾ,ਜਲੰਧਰ,ਮੋਗਾ,ਸ੍ਰੀ ਮੁਕਤਸਰ ਸਾਹਿਬ,ਹੁਸ਼ਿਆਰਪੁਰ,ਸੰਗਰੂਰ,ਮਲੇਰਕੋਟਲਾ,ਬਰਨਾਲਾ ਅਤੇ ਮਾਨਸਾ ਵਿੱਚ ਝੋਨੇ ਦੀ ਲਵਾਈ ਹੋਵੇਗੀ ।

ਪਿਛਲੀ ਵਾਰ ਹੋਇਆ ਸੀ ਵਿਵਾਦ

ਪਿਛਲੇ ਵਾਰ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੀ ਲਵਾਈ ਦੇ ਲਈ 4 ਪੜਾਅ ਮਿੱਥੇ ਸਨ ਪਰ ਉਸ ਵੇਲੇ ਵਿਵਾਦ ਹੋ ਗਿਆ ਸੀ । 2022 ਵਿੱਚ ਸਰਕਾਰ ਨੇ 18 ਜੂਨ ਤੋਂ ਝੋਨੇ ਦੀ ਲਵਾਈ ਦਾ ਐਲਾਨ ਕੀਤਾ ਸੀ ਪਰ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ ਸੀ । ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਤਰੀਕਾਂ ਵਿੱਚ ਬਦਲਾਅ ਕੀਤਾ ਸੀ ਅਤੇ ਫਿਰ 14 ਅਤੇ 17 ਜੂਨ ਝੋਨੇ ਦੀ ਲਵਾਈ ਦੇ ਲਈ 2 ਤਰੀਕਾਂ ਤੈਅ ਕੀਤੀਆਂ ਗਈਆਂ ਸਨ ।