Punjab

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ 2 ਦਿਨਾਂ ਦੇ ਅੰਦਰ ਪਹਿਲਾ ਵਾਅਦਾ ਪੂਰਾ ਕੀਤਾ !

6635 ETT ਨੂੰ ਸੌਂਪੇ ਗਏ ਨਿਯੁਕਤੀ ਪੱਤਰ

‘ਦ ਖ਼ਾਲਸ ਬਿਊਰੋ :- 16 ਅਗਸਤ ਨੂੰ ਮਾਨ ਸਰਕਾਰ ਦੇ 5 ਮਹੀਨੇ ਪੂਰੇ ਹੋਏ ਸਨ। ਇਸ ਦੌਰਾਨ ਪੰਜਾਬ ਦੇ 5 ਕੈਬਨਿਟ ਮੰਤਰੀਆਂ ਨੇ ਆਪੋ ਆਪਣੇ ਵਿਭਾਗਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਸੀ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੀ ਸਿੱਖਿਆ ਵਿਭਾਗ ਬਾਰੇ ਜਾਣਕਾਰੀ ਦਿੰਦੇ ਹੋਏ ਦਾਅਵਾ ਕੀਤਾ ਸੀ ਕਿ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਜਲਦ ਹੀ ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ। 2 ਦਿਨ ਬਾਅਦ 18 ਅਗਸਤ ਨੂੰ ਹੀ ਸਿੱਖਿਆ ਮੰਤਰੀ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥੋਂ 6635 ETT ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿਵਾਏ, ਜਿਸ ਦੀ ਜਾਣਕਾਰੀ ਹਰਜੋਤ ਬੈਂਸ ਨੇ ਟਵੀਟ ਕਰਦੇ ਹੋਏ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ‘ਹੁਣ ਸੂਬੇ ਵਿੱਚ ਅਧਿਆਪਕਾਂ ਦੀ ਕਮੀ ਨਹੀਂ ਰਹੇਗੀ’। ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਨੇ ਕੁਝ ਦਿਨ ਪਹਿਲਾਂ 4902 ਅਧਿਆਪਕਾਂ ਦੀ ਭਰਤੀ ਦੇ ਲਈ ਰੱਖੇ ਗਏ ਇਮਤਿਹਾਨਾਂ ਦੀ ਡੇਟਸ਼ੀਟ ਵੀ ਜਾਰੀ ਕੀਤੀ ਸੀ।

21 ਅਗਸਤ ਤੋਂ 4902 ਅਧਿਆਪਕਾਂ ਦੀ ਭਰਤੀ ਲਈ ਪ੍ਰੀਖਿਆ

ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ 4902 ਟੀਚਰਾਂ ਦੀ ਭਰਤੀ ਦੇ ਲਈ 21 ਅਗਸਤ ਤੋਂ 11 ਸਤੰਬਰ ਦੇ ਵਿਚਾਲੇ ਇਮਤਿਹਾਨ ਲਏ ਜਾ ਰਹੇ ਨੇ,ਜਿਸ ਦੀ ਡੇਟਸ਼ੀਟ ਕੁਝ ਦਿਨ ਪਹਿਲਾਂ ਸਿੱਖਿਆ ਮੰਤਰੀ ਨੇ ਆਪ ਜਾਰੀ ਕੀਤੀ ਸੀ,ਪੰਜਾਬ ਸਿੱਖਿਆ ਵਿਭਾਗ ਵੱਲੋਂ ਕੁੱਲ 8 ਵਿਸ਼ਿਆਂ ਦੇ ਅਧਿਆਪਕਾਂ ਲਈ 2 ਸ਼ਿਫਟਾਂ ਵਿੱਚ ਇਮਤਿਹਾਨ ਰੱਖਿਆ ਗਿਆ ਹੈ, ਇੱਕ ਸ਼ਿਫਟ ਸਵੇਰ 9 ਤੋਂ 12 ਹੈ ਜਦਕਿ ਦੂਜੀ ਸ਼ਿਫਟ ਦੁਪਹਿਰ ਢਾਈ ਤੋਂ ਸ਼ਾਮ 5 ਦੀ ਹੈ, ਇਮਤਿਹਾਨਾਂ ਦੇ ਲਈ ਚਾਰ ਦਿਨ ਰੱਖੇ ਗਏ ਨੇ, ਹਰ ਰੋਜ਼ 2 ਵਿਸ਼ਿਆਂ ਦੇ ਇਮਤਿਹਾਨ ਹੋਣਗੇ ਅਤੇ 21 ਅਗਸਤ ਤੋਂ ਸ਼ੁਰੂ ਇਮਤਿਹਾਨ 11 ਸਤੰਬਰ ਤੱਕ ਚੱਲਣਗੇ।

ਇਮਤਿਹਾਨ ਦੀ ਡੇਟਸ਼ੀਟ

1. 21 ਅਗਸਤ ਨੂੰ ਸੋਸ਼ਲ ਸਾਇੰਸ ਦੇ ਲਈ ਸਵੇਰ 9 ਵਜੇ ਤੋਂ 12 ਵਜੇ ਤੱਕ ਇਮਤਿਹਾਨ
2. 21 ਅਗਸਤ ਨੂੰ ਦੁਪਹਿਰ ਢਾਈ ਵਜੇ ਤੋਂ ਸ਼ਾਮ 5 ਵਜੇ ਤੱਕ ਪੰਜਾਬੀ ਵਿਸ਼ੇ ਲਈ ਇਮਤਿਹਾਨ
3. 28 ਅਗਸਤ ਨੂੰ ਹਿਸਾਬ ਦੇ ਵਿਸ਼ੇ ਲਈ ਸਵੇਰ 9 ਵਜੇ ਤੋਂ 12 ਵਜੇ ਤੱਕ ਇਮਤਿਹਾਨ
4. 28 ਅਗਸਤ ਦੁਪਹਿਰ ਢਾਈ ਤੋਂ ਸ਼ਾਮ 5 ਵਜੇ ਵਿੱਚ ਹਿੰਦੀ ਵਿਸ਼ੇ ਲਈ ਇਮਤਿਹਾਨ
5. 4 ਸਤੰਬਰ ਸਵੇਰ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਫਿਜ਼ੀਕਲ ਐਜੁਕੇਸ਼ਨ ਦਾ ਇਮਤਿਹਾਨ
6. 4 ਸਤੰਬਰ ਦੁਪਹਿਰ ਢਾਈ ਤੋਂ ਸ਼ਾਮ 5 ਵਜੇ ਤੱਕ ਅੰਗਰੇਜ਼ੀ ਵਿਸ਼ੇ ਲਈ ਇਮਤਿਹਾਨ
7. 11 ਸਤੰਬਰ ਸਵੇਰ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਸਾਇੰਸ ਦਾ ਇਮਤਿਹਾਨ
8. 11 ਸਤੰਬਰ ਸ਼ਾਮ ਢਾਈ ਵਜੇ ਤੋਂ ਸ਼ਾਮ 5 ਵਜੇ ਤੱਕ ਮਿਊਜ਼ਿਕ ਵਿਸ਼ੇ ਲਈ ਇਮਤਿਹਾਨ

ਸਿੱਖਿਆ ਵਿਭਾਗ ਦਾ ਰਿਪੋਰਟ ਕਾਰਡ

16 ਅਗਸਤ ਨੂੰ ਜਦੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ 5 ਮਹੀਨੇ ਦਾ ਰਿਪੋਰਟ ਕਾਰਡ ਪੇਸ਼ ਕੀਤਾ ਸੀ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਧਰਨਿਆਂ ਦੇ ਨਾਂ ਨਾਲ ਜਾਣੇ ਜਾਣ ਵਾਲਾ ਮਹਿਕਮਾ ਹੁਣ ਬੱਚਿਆਂ ਦਾ ਭਵਿੱਖ ਸੰਵਾਰਨ ਦਾ ਮਹਿਕਮਾ ਬਣੇਗਾ,ਇਸ ਦੇ ਲਈ ਅਧਿਆਪਕਾਂ ਦੀ ਨਿਯੁਕਤੀ ਤੋਂ ਇਲਾਵਾ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਟ੍ਰੇਨਿੰਗ ਦੇ ਲਈ ਵਿਦੇਸ਼ ਭੇਜਿਆ ਜਾਵੇਗਾ। ਸਕੂਲ ਵਿੱਚ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਜਾਵੇਗਾ ਤਾਂ ਕਿ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਮਿਲ ਸਕੇ। ਹਰਜੋਤ ਬੈਂਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਸੂਬੇ ਦੇ 19123 ਸਕੂਲਾਂ ਵਿੱਚ ਸਰਵੇ ਕਰਵਾਇਆ ਜਾ ਰਿਹਾ ਹੈ ਤਾਂ ਕਿ ਕਮੀਆਂ ਦਾ ਪਤਾ ਲਗਾਇਆ ਜਾ ਸਕੇ। ਸਿੱਖਿਆ ਮੰਤਰੀ ਨੇ ਜਾਣਕਾਰੀ ਦਿੱਤੀ ਸੀ ਕਿ ਸੂਬੇ ਵਿੱਚ 100 ਐਮੀਨੈਂਸ ਸਕੂਲ ਖੋਲ੍ਹੇ ਜਾਣਗੇ।