Punjab

CM ਮਾਨ ਸਮੇਤ ਸੁਖਬੀਰ ਸਿੰਘ ਬਾਦਲ ਨੇ ਰਾਜਵੀਰ ਜਵੰਦਾ ਦੇ ਦਿਹਾਂਤ ‘ਤੇ ਪ੍ਰਗਟਾਇਆ ਦੁੱਖ

ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਬੇਵਕਤੀ ਮੌਤ ਨੇ ਪੰਜਾਬੀ ਸੰਗੀਤ ਜਗਤ ਨੂੰ ਡੂੰਘਾ ਸਦਮਾ ਪਹੁੰਚਾਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਡੂੰਘੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਹਾਦਸੇ ਤੋਂ ਬਾਅਦ ਇਲਾਜ ਦੌਰਾਨ ਰਾਜਵੀਰ ਦੀ ਮੌਤ ਦੀ ਖ਼ਬਰ ਨੇ ਮਨ ਨੂੰ ਭਾਰੀ ਬਣਾ ਦਿੱਤਾ ਹੈ। ਪੰਜਾਬੀ ਸੰਗੀਤ ਜਗਤ ਦਾ ਇਹ ਚਮਕਦਾ ਸਿਤਾਰਾ ਹਮੇਸ਼ਾ ਲਈ ਅਲੋਪ ਹੋ ਗਿਆ। ਉਨ੍ਹਾਂ ਨੇ ਰਾਜਵੀਰ ਦੇ ਗੀਤਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਦੀ ਆਵਾਜ਼ ਸਦਾ ਗੂੰਜਦੀ ਰਹੇਗੀ। ਵਾਹਿਗੁਰੂ ਤੋਂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ-ਪ੍ਰਸ਼ੰਸਕਾਂ ਨੂੰ ਭਾਣਾ ਮੰਨਣ ਦੀ ਤਾਕਤ ਦੀ ਅਰਦਾਸ ਕੀਤੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਪੋਸਟ ਸਾਂਝੀ ਕਰਕੇ ਦੁੱਖ ਜਤਾਇਆ। ਉਨ੍ਹਾਂ ਨੇ ਰਾਜਵੀਰ ਨੂੰ “ਛੋਟਾ ਵੀਰ” ਕਹਿ ਕੇ ਯਾਦ ਕੀਤਾ ਅਤੇ ਕਿਹਾ ਕਿ ਉਸ ਦੀ ਮੌਤ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਵੱਡਾ ਘਾਟਾ ਪਹੁੰਚਾਇਆ ਹੈ। ਇਹ ਹੋਣਹਾਰ ਗਾਇਕ ਹੋਰ ਬੁਲੰਦੀਆਂ ਛੂਹਣ ਵਾਲਾ ਸੀ, ਪਰ ਵਾਹਿਗੁਰੂ ਦੀ ਰਜ਼ਾ ਅੱਗੇ ਕੋਈ ਨਹੀਂ ਟਿਕਦਾ। ਬਾਦਲ ਨੇ ਰਾਜਵੀਰ ਨਾਲ ਆਪਣੇ ਨਿੱਜੀ ਰਿਸ਼ਤੇ ਯਾਦ ਕੀਤੇ, ਕਿਹਾ ਕਿ ਉਹ ਉਨ੍ਹਾਂ ਦੀਆਂ ਖੁਸ਼ੀਆਂ ਵਿੱਚ ਸਹਿਭਾਗੀ ਰਹਿੰਦਾ ਸੀ। ਅੱਜ ਉਸ ਦੇ ਜਾਣ ਨਾਲ ਹਰ ਪਿਆਰ ਕਰਨ ਵਾਲੇ ਨੂੰ ਅਸਹਿਣਯੋਗ ਦੁੱਖ ਹੋਇਆ ਹੈ। ਉਨ੍ਹਾਂ ਨੇ ਵੀ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਪਰਿਵਾਰ ਅਤੇ ਚਾਹੁਣ ਵਾਲਿਆਂ ਨੂੰ ਸਹਿਣਸ਼ਕਤੀ ਅਤੇ ਰੂਹ ਨੂੰ ਸ਼ਾਂਤੀ ਮਿਲੇ।

ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਪਿੰਜੌਰ ਵਿੱਚ 27 ਸਤੰਬਰ, 2025 ਨੂੰ ਹੋਏ ਭਿਆਨਕ ਬਾਈਕ ਹਾਦਸੇ ਵਿੱਚ ਗੰਭੀਰ ਸੱਟਾਂ ਲੱਗਣ ਤੋਂ ਬਾਅਦ ਉਹ 12 ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਵੈਂਟੀਲੇਟਰ ‘ਤੇ ਜ਼ੇਰੇ ਇਲਾਜ ਸਨ।