Punjab

ਸਭ ਤੋਂ ਸਸਤਾ ਪਰ ਚਰਚਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਮੀਡੀਆ ਦੀਆਂ ਸੁਰਖੀਆਂ ਬਟੋਰ ਰਹੇ ਹਨ। ਕਦੇ ਆਮ ਆਦਮੀ ਬਣ ਕੇ ਅਤੇ ਕਦੇ ਖ਼ਾਸ ਆਦਮੀ ਦੇ ਰੋਂਅ ਵਿੱਚ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਮੀਸਣੇਪੁਣੇ ਵਿੱਚ ਜਿਵੇਂ ਗੁੱਟ ਛੁਡਾ ਕੇ ਭੱਜੇ ਹਨ, ਉਸ ਨਾਲ ਉਨ੍ਹਾਂ ਨੂੰ ਘਾਗ ਸਿਆਸਤਦਾਨ ਵੀ ਮੰਨਿਆ ਜਾਣ ਲੱਗਾ ਹੈ। ਨਰਮਾ ਪੱਟੀ ਦੀ ਫੇਰੀ ਵੇਲੇ ਇੱਕ ਗਰੀਬ ਲਾੜੇ ਦੀ ਬਰਾਤ ਨੂੰ ਰੋਕ ਕੇ ਸ਼ਗਨ ਦੇਣ ਨਾਲ ਉਹ ਵੱਖਰੇਪਣ ਦੀ ਪਛਾਣ ਬਣਾਉਣ ਲੱਗੇ ਸਨ। ਸਰਕਾਰੀ ਸਮਾਗਮਾਂ ਵਿੱਚ ਉਨ੍ਹਾਂ ਵੱਲੋਂ ਆਮ ਲੋਕਾਂ ਨੂੰ ਗਲਵੱਕੜੀ ਵਿੱਚ ਲੈਣ ਦੀ ਚਾਲ ਆਮ ਬੁੱਲ੍ਹਾਂ ‘ਤੇ ਹੈ। ਦੋ ਦਿਨ ਪਹਿਲਾਂ ਆਪਣੀਆਂ ਸਰਕਾਰੀ ਗੱਡੀਆਂ ਦਾ ਕਾਫ਼ਲਾ ਰੋਕ ਕੇ ਚੰਡੀਗੜ੍ਹ ਦੇ ਇੱਕ ਕਾਲਜ ਮੂਹਰੇ ਬੁਲੈਟ ਉੱਤੇ ਗੇੜੀ ਦੇਣ ਵਾਲੇ ਤਿੰਨ ਯੁਵਕਾਂ ਨੂੰ ਕੁੜੀਆਂ ਮਗਰ ਚੱਕਰ ਨਾ ਦੇਣ ਦੀ ਨਸੀਹਤ ਵਾਲੀ ਵੀਡੀਓ ਸਭ ਤੋਂ ਵੱਧ ਦੇਖੀ ਜਾ ਰਹੀ ਹੈ। ਸ਼ਾਇਦ ਉਹ ਭਾਂਪ ਗਏ ਸਨ ਕਿ ਕੈਪਟਨ ਅਮਰਿੰਦਰ ਸਿੰਘ ਨਾਲੋਂ ਵਿਲੱਖਣਤਾ ਰੱਖਣ ਲਈ ਆਮ ਲੋਕਾਂ ਵਿੱਚ ਘੁਲਣ-ਮਿਲਣ ਅਤੇ ਭੰਬੀਰੀ ਦੀ ਤਰ੍ਹਾਂ ਘੁੰਮਣ ਨਾਲ ਚੰਗੀ ਭੱਲ੍ਹ ਬਣ ਸਕਦੀ ਹੈ। ਉਨ੍ਹਾਂ ਵੱਲੋਂ ਆਪਣੀ ਸਿਕਉਰਿਟੀ ‘ਤੇ ਕੱਟ ਲਾਉਣ ਦੇ ਦਿੱਤੇ ਪਹਿਲੇ ਬਿਆਨ ਨੇ ਲੋਕਾਂ ਨਾਲ ਦੂਰੀ ਮਿਟਾਉਣ ਦਾ ਪਹਿਲਾ ਹੰਭਲਾ ਸੀ।

ਮੁੱਖ ਮੰਤਰੀ ਦੀ ਸਿਕਉਰਿਟੀ ਅਤੇ ਹੋਰ ਤਾਮ-ਝਾਮ ਦੀ ਗੱਲ ਕਰੀਏ ਤਾਂ ਚਰਨਜੀਤ ਸਿੰਘ ਚੰਨੀ ਸਭ ਤੋਂ ਸਸਤੇ ਵਿੱਚ ਪੈ ਰਹੇ ਹਨ। ਅਹੁਦੇ ਦੀ ਸਹੁੰ ਚੁੱਕਣ ਦੇ ਢਾਈ ਹਫ਼ਤਿਆਂ ਬਾਅਦ ਤੱਕ ਉਨ੍ਹਾਂ ਨੇ ਨਾ ਕੋਈ ਵਿਸ਼ੇਸ਼ ਸਲਾਹਕਾਰ ਰੱਖਿਆ ਹੈ, ਨਾ ਹੀ ਮੀਡੀਆ ਐਡਵਾਈਜ਼ਰ ਦੀ ਲੋੜ ਸਮਝੀ ਹੈ। ਓਐੱਸਡੀਜ਼ ਤੋਂ ਵੀ ਹਾਲੇ ਤੱਕ ਦੂਰ ਚੱਲ ਰਹੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਸਰਕਾਰੀ ਲਾਣ੍ਹੇ ਦਾ ਖਰਚਾ ਪ੍ਰਤੀ ਮਹੀਨਾ 36 ਲੱਖ ਨੂੰ ਢੁੱਕਦਾ ਸੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਾਂ ਗੱਲ ਹੀ ਵੱਖਰੀ ਰਹੀ ਹੈ। ਉਹ ਜ਼ੈੱਡ ਸਿਕਉਰਿਟੀ ਤੋਂ ਬਿਨਾਂ ਘਰੋਂ ਲਾਂਘ ਨਹੀਂ ਸੀ ਪੁੱਟਦੇ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਅਮਲੇ ਫੈਲੇ ਤੋਂ ਬਿਨਾਂ ਇੱਕ ਮਹਿੰਗੇ ਭਾਅ ‘ਤੇ ਵਿਸ਼ੇਸ਼ ਪ੍ਰਿੰਸੀਪਲ ਸੈਕਟਰੀ ਰੱਖਿਆ ਹੋਇਆ ਸੀ। ਇਸ ਅਧਿਕਾਰੀ ਨੇ ਕਾਂਗਰਸੀਆਂ ਨੂੰ ਟਿਕਟਾਂ ਵੰਡਣ ਤੋਂ ਲੈ ਕੇ ਸਰਕਾਰ ਚਲਾਉਣ ਤੱਕ ਪੈਸੇ ਦਾ ਮੁੱਲ ਵੀ ਮੋੜਿਆ ਹੈ। ਮੋਤੀਆਂ ਵਾਲੀ ਸਰਕਾਰ ਦੇ ਆਲੇ-ਦੁਆਲੇ 2 ਸਿਆਸੀ ਸਲਾਹਕਾਰ, ਅਤੇ 10 ਅਫ਼ਸਰਾਂ ਸਪੈਸ਼ਲ ਡਿਊਟੀ ਘੁੰਮਦੇ ਸਨ। ਇਸ ਸਾਰੇ ਲਾਣੇ ਨੂੰ ਸਵਾ ਲੱਖ ਤੋਂ ਲੈ ਕੇ ਡੇਢ ਲੱਖ ਤੱਕ ਤਨਖਾਹ ਮਿਲਦੀ ਰਹੀ ਹੈ। ਸਰਕਾਰੀ ਰਿਹਾਇਸ਼, ਗੱਡੀ ਅਤੇ ਹੋਰ ਭੱਤੇ ਮਿਲਾ ਕੇ ਕੱਲਾ-ਕੱਲਾ ਸਵਾ ਦੋ-ਦੋ ਲੱਖ ਨੂੰ ਪੈਂਦਾ ਸੀ। ਇਨ੍ਹਾਂ ਨਾਲ ਤਾਇਨਾਤ ਦੋ-ਦੋ ਨਿੱਜੀ ਸਕੱਤਰਾਂ ਦੀ ਗਿਣਤੀ ਵੱਖਰੀ ਹੈ। ਕੈਪਟਨ ਅਮਰਿੰਦਰ ਸਿੰਘ ਕੋਲ ਉਪ ਪ੍ਰਿੰਸੀਪਲ ਸਕੱਤਰ ਤੋਂ ਲੈ ਕੇ ਚੀਫ਼ ਪ੍ਰਿੰਸੀਪਲ ਸਕੱਤਰ ਤੱਕ ਸਰਕਾਰੀ ਅਫ਼ਸਰਾਂ ਦੀ ਇੱਕ ਵੱਡੀ ਫੌਜ ਸੀ। ਉਂਝ, ਮੁੱਖ ਮੰਤਰੀ ਦੀ ਸਿਕਉਰਿਟੀ ਵਿੱਚ 800 ਸੁਰੱਖਿਆ ਗਾਰਡ ਲਾਏ ਜਾਂਦੇ ਹਨ ਪਰ ਕਿਉਂਕਿ “ਮਹਾਰਾਜ ਸਾਹਿਬ” ਦੀ ਰਿਹਾਇਸ਼ ਸੀਸਵਾਂ ਨਾਲ ਲੱਗਦੇ ਪਹਾੜੀ ਇਲਾਕੇ ਵਿੱਚ ਸੀ, ਇਸ ਕਰਕੇ ਚੰਡੀਗੜ੍ਹ ਤੋਂ ਕੁਰਾਲੀ ਤੱਕ ਚੱਪੇ-ਚੱਪੇ ‘ਤੇ ਸੁਰੱਖਿਆ ਗਾਰਡ ਦਿਨ ਰਾਤ ਪਹਿਰੇ ‘ਤੇ ਰਹਿੰਦੇ ਸਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਲਈ ਤਾਇਨਾਤ 200 ਮੁਲਾਜ਼ਮਾਂ ਤੋਂ ਬਿਨਾਂ ਉਨ੍ਹਾਂ ਦੇ ਹੋਟਲਾਂ ਅਤੇ ਟਰਾਂਸਪੋਰਟ ਦਫ਼ਤਰਾਂ ਮੂਹਰੇ ਵੀ ਪੰਜਾਬ ਪੁਲਿਸ ਪਹਿਲਾ ਦਿੰਦੀ ਸੀ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਾਲੇ ਸਾਰੇ ਸਰਕਾਰੀ ਤਾਮ-ਝਾਮ ਤੋਂ ਦੂਰੀ ਬਣਾ ਕੇ ਚੱਲ ਰਹੇ ਹਨ। ਸ਼ਾਇਦ ਉਹ ਇਸ ਤਾਕ ਵਿੱਚ ਹੋਣ ਕਿ ਸਾਦਗੀ ਸਹਾਰੇ ਲੋਕਾਂ ਨੂੰ ਭਰਮਾ ਲੈਣ ਨਾਲ ਦੁਬਾਰਾ ਮੁੱਖ ਮੰਤਰੀ ਦੀ ਕੁਰਸੀ ਨੂੰ ਹੱਥ ਪਾ ਲੈਣ। ਜੇ ਉਨ੍ਹਾਂ ਦੀਆਂ ਆਸਾਂ ਨੂੰ ਬੂਰ ਪੈ ਜਾਂਦਾ ਹੈ ਤਾਂ ਅਸਲੀ ਚਿਹਰਾ ਉਦੋਂ ਹੀ ਸਾਹਮਣੇ ਆਵੇਗਾ। ਹਾਂ, ਇੱਕ ਗੱਲ ਪੱਕੀ ਹੈ ਕਿ ਉਨ੍ਹਾਂ ਦਾ ਸਿਕਉਰਿਟੀ ‘ਤੇ ਕੱਟ ਲਾਉਣ ਦਾ ਬਿਆਨ ਲੋਕਾਂ ਦੀ ਹਮਦਰਦੀ ਜ਼ਰੂਰ ਬਟੋਰ ਗਿਆ ਪਰ ਮੌਕੇ ਦੇ ਅਫਸਰ ਸਾਹਿਬ ਨੂੰ ਪਲੀਜ਼ ਕਰਨ ਵਿੱਚ ਯਕੀਨ ਰੱਖਦੇ ਹਨ।