India Punjab

ਕਿਸਾਨੀ ਸੰਘਰਸ਼ ਨੂੰ ਸਮਰਪਿਤ ਮੈਮੋਰੀਅਲ ਬਣੇਗਾ ਪੰਜਾਬ ‘ਚ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈਣ ‘ਤੇ ਕਿਸਾਨਾਂ ਦੀ ਜਿੱਤ ਨੂੰ ਇਤਿਹਾਸਕ ਕਰਾਰ ਦਿੰਦਿਆਂ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿੱਚ ਮੈਮੋਰੀਅਲ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਇੱਕ ਮੈਂਬਰ ਨੂੰ ਨੌਕਰੀ ਦੇਣ ਲਈ ਸਰਕਾਰ ਵਚਨਬੱਧ ਹੈ। ਮੈਮੋਰੀਅਲ ਬਾਰੇ ਵਧੇਰੇ ਜਾਣਕਾਰੀ ਜਲਦ ਹੀ ਨਸ਼ਰ ਕਰਨ ਦਾ ਭਰੋਸਾ ਦਿੱਤਾ ਹੈ।

ਚੰਨੀ ਨੇ ਆਪਣੀ ਪ੍ਰੈੱਸ ਕਾਨਫਰੰਸ ਸ਼ਾਇਰਾਨਾ ਅੰਦਾਜ਼ ਵਿੱਚ “ਸਭ ਕੁੱਝ ਲੁਟਾ ਕਰ ਹੋਸ਼ ਮੇਂ ਆਏ ਤੋਂ ਕਿਆ ਆਏ” ਨਾਲ ਪ੍ਰਧਾਨ ਮੰਤਰੀ ਨੂੰ ਮਿਹਣਾ ਮਾਰ ਕੇ ਸ਼ੁਰੂ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਖੇਤੀ ਕਾਨੂੰਨ ਪਾਰਲੀਮੈਂਟ ਵਿੱਚ ਰੱਦ ਹੋਣ ਤੱਕ ਸਰਕਾਰ ‘ਤੇ ਪੂਰਨ ਭਰੋਸਾ ਨਾ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਕਿਤੇ ਕਿਸਾਨਾਂ ਨਾਲ ਅਜਿਹਾ ਨਾ ਵਾਪਰ ਜਾਵੇ “ਲੱਡੂ ਮੁੱਕ ਗਏ ਯਾਰਾਨੇ ਟੁੱਟ ਗਏ, ਕੱਚੀ ਯਾਰੀ ਲੱਡੂਆਂ ਦੀ” ਭਾਵ ਕਿ ਖੇਤੀ ਕਾਨੂੰਨ ਵਾਪਸ ਲੈਣ ਦੇ ਨਾਂ ‘ਤੇ ਵੋਟਾਂ ਬਟੋਰ ਕੇ ਤੁਰਦੇ ਬਣਨ। ਉਨ੍ਹਾਂ ਨੇ ਕਿਸਾਨੀ ਅੰਦੋਲਨ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਲਈ ਕੇਂਦਰ ਤੋਂ ਪੰਜਾਬ ਵਾਸਤੇ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ।

ਅੱਜ ਦੀ ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਨੇ ਬੀਐੱਸਐੱਫ ਦਾ ਦਾਇਰਾ ਪੰਜਾਬ ਵਿੱਚ ਵਧਾਏ ਜਾਣ ਦੇ ਖਿਲਾਫ ਤਗੜਾ ਰੋਸ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਬੀਐੱਸਐੱਫ ਦਾ ਦਾਇਰਾ ਘੱਟ ਕਰਾਉਣ ਲਈ ਪੰਜਾਬ ਦੇ ਲੋਕਾਂ ਨੂੰ ਲੰਬੀ ਲੜਾਈ ਲੜਨੀ ਪਵੇਗੀ। ਉਨ੍ਹਾਂ ਨੇ ਇਸ ਵਾਸਤੇ ਕਿਸਾਨਾਂ ਤੋਂ ਵੀ ਸਹਿਯੋਗ ਮੰਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਇਸਦੇ ਖਿਲਾਫ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਰਹੀ ਹੈ ਅਤੇ ਜਲਦ ਹੀ ਸਿਆਸੀ ਪਾਰਟੀਆਂ ਦੇ ਸਹਿਯੋਗ ਲਈ ਸਰਬ ਪਾਰਟੀ ਮੀਟਿੰਗ ਸੱਦੀ ਜਾਵੇਗੀ।

ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਇੱਕੋਂ ਥਾਲੀ ਦੇ ਚੱਟੇ-ਬੱਟੇ ਹਨ ਅਤੇ ਇਹਨਾਂ ਦੀ ਸਾਂਝ ਬੀਜੇਪੀ ਨਾਲ ਪਹਿਲਾਂ ਵੀ ਰਹੀ ਹੈ ਅਤੇ ਅੱਗੇ ਵੀ ਚੱਲ਼ਦੀ ਰਹੇਗੀ। ਕਾਹਲੀ ਨਾਲ ਸੱਦੀ ਅੱਜ ਦੀ ਪ੍ਰੈੱਸ ਕਾਨਫਰੰਸ ਵਿੱਚ ਚੰਨੀ, ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਕਹਿਣ ਦੀ ਥਾਂ ਮੁੱਖ ਮੰਤਰੀ ਕਹਿ ਕੇ ਵੰਗਾਰ ਗਏ ਪਰ ਪੱਤਰਕਾਰਾਂ ਵੱਲੋਂ ਸੁਚੇਤ ਕਰਨ ‘ਤੇ ਉਨ੍ਹਾਂ ਨੇ ਕਿਹਾ ਕਿ ਕੋਈ ਗੱਲ ਨਹੀਂ, ਗੱਲ ਤਾਂ ਆਪਣਾ ਸੁਨੇਹਾ ਦੇਣ ਦੀ ਹੈ।